ਸ਼ਿਵਾਲਿਕ ਹੋਮਜ਼ ਕਲੋਨੀ ਦੇ ਵਸਨੀਕ ਪਾਣੀ ਨੂੰ ਤਰਸੇ
ਸ਼ਸ਼ੀ ਪਾਲ ਜੈਨ
ਖਰੜ, 16 ਨਵੰਬਰ
ਸ਼ਹਿਰੀ ਵਾਸੀ ਅਰੁਣ ਕੁਮਾਰ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸ਼ਿਕਾਇਤ ਭੇਜ ਕੇ ਦੋਸ਼ ਲਗਾਇਆ ਹੈ ਕਿ ਸ਼ਿਵਾਲਿਕ ਹੋਮਜ਼ ਕਲੋਨੀ ਵਿੱਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਥਾਨਕ ਨਗਰ ਕੌਸਲ ਨੂੰ ਇੱਥੇ ਮਕਾਨ ਬਣਾਉਣ ਲਈ ਐੱਨਓਸੀ ਜਾਰੀ ਕੀਤੀ ਸੀ ਪਰ ਹੁਣ ਉਥੋਂ ਦੇ ਲੋਕਾਂ ਨੂੰ ਨਗਰ ਕੌਂਸਲ ਪੀਣ ਵਾਲਾ ਪਾਣੀ ਸਪਲਾਈ ਨਹੀਂ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਇੱਥੇ ਪਾਣੀ ਸਪਲਾਈ ਕਰਨ ਲਈ ਬਹੁਤ ਛੋਟਾ ਪਾਈਪ ਪਾਉਣਾ ਸ਼ੁਰੂ ਕੀਤਾ ਗਿਆ ਸੀ ਪਰ ਹੁਣ ਇਸ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੌਂਸਲ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਕੋਲ ਵਾਧੂ ਪਾਣੀ ਨਹੀਂ ਹੈ ਅਤੇ ਇਹ ਕਲੋਨੀ ਵੀ ਮਨਜ਼ੂਰਸ਼ੁਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਵਾਲ ਇਹ ਉੱਠਦਾ ਹੈ ਕਿ ਜਦੋਂ ਨਗਰ ਕੌਂਸਲ ਨੇ ਇੱਥੇ ਐਨਓਸੀ ਜਾਰੀ ਕੀਤੇ ਤੇ ਡਿਵੈਲਮੈਂਟ ਚਾਰਜ ਲਏ ਫਿਰ ਪਾਣੀ ਦੀ ਸਪਲਾਈ ਕਿਉਂ ਨਹੀਂ ਕੀਤੀ ਜਾ ਰਹੀ।
ਇਸੇ ਦੌਰਾਨ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਇਹ ਸ਼ਿਕਾਇਤ ਐਡੀਸ਼ਨਲ ਚੀਫ ਸੈਕਟਰੀ ਨੂੰ ਭੇਜ ਕੇ ਇਸ ਸਬੰਧੀ ਯੋਗ ਕਾਰਵਾਈ ਕਰਨ ਲਈ ਕਿਹਾ ਗਿਆ ਹੈ।