ਆਰੀਆ ਕਾਲਜ ਰੋਡ ਤੇ ਸ਼ਾਂਤੀ ਨਗਰ ਵਾਸੀ ਦੂਸ਼ਿਤ ਪਾਣੀ ਪੀਣ ਨੂੰ ਮਜਬੂਰ
ਪੱਤਰ ਪ੍ਰੇਰਕ
ਖਰੜ, 18 ਜੁਲਾਈ
ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਵੱਲੋਂ ਲੋੜੀਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਖਰੜ ਦੇ ਆਰੀਆ ਕਾਲਜ ਰੋਡ ਅਤੇ ਸ਼ਾਂਤੀ ਨਗਰ ਦੇ ਵਸਨੀਕ ਗੰਧਲਾ ਪਾਣੀ ਪੀਣ ਲਈ ਮਜਬੂਰ ਹਨ ਅਤੇ ਇਸ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੈ।
ਇਸ ਸਬੰਧੀ ਇੱਥੋਂ ਦੇ ਇੱਕ ਵਪਾਰੀ ਅਰੁਣ ਕੁਮਾਰ ਵੱਲੋਂ ਪ੍ਰਧਾਨ ਮੰਤਰੀ ਨੂੰ ਇੱਕ ਸ਼ਿਕਾਇਤ ਭੇਜੀ ਗਈ ਹੈ। ਉਨ੍ਹਾਂ ਲਿਖਿਆ ਹੈ ਕਿ ਆਰੀਆ ਕਾਲਜ ਰੋਡ ’ਤੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕਿਉਂਕਿ ਨੈਸ਼ਨਲ ਹਾਈਵੇਅ ਨੰਬਰ 205ਏ ਨੂੰ ਕਰਾਸ ਕਰਕੇ ਪਾਈਪਾਂ ਪਾਈਆਂ ਜਾਣੀਆਂ ਹਨ। ਇਸ ਸਬੰਧੀ ਖਰੜ ਨਗਰ ਕੌਸਲ ਦੇ ਕਾਰਜਸਾਧਕ ਅਫਸਰ ਵੱਲੋਂ ਅਥਾਰਟੀ ਦੇ ਪੰਚਕੂਲਾ ਸਥਿਤ ਪ੍ਰਾਜੈਕਟ ਡਾਇਰੈਕਟਰ ਨੂੰ ਚਿੱਠੀ ਲਿਖ ਕੇ ਕਿਹਾ ਗਿਆ ਸੀ ਕਿ ਕੌਂਸਲ ਕੋਲ ਇਸ ਸੜਕ ਨੂੰ ਕਰਾਸ ਕਰਕੇ ਪਾਈਪਾਂ ਪਾਉਣ ਸਬੰਧੀ ਮਾਹਿਰ ਵਿਅਕਤੀ ਨਹੀਂ ਹਨ ਅਤੇ ਇਸ ਲਈ ਇਹ ਜ਼ਰੂਰੀ ਕੰਮ ਅਥਾਰਟੀ ਵੱਲੋਂ ਆਪਣੇ ਤੌਰ ’ਤੇ ਕਰਵਾ ਲਿਆ ਜਾਵੇ, ਨਗਰ ਕੌਸਲ ਇਸ ਦਾ ਖਰਚਾ ਅਦਾ ਕਰ ਦੇਵੇਗਾ। ਅਥਾਰਟੀ ਦੇ ਅਧਿਕਾਰੀਆਂ ਤੋਂ ਇਸ ਦਾ ਐਸਟੀਮੈਟ ਵੀ ਮੰਗਿਆ ਸੀ ਪਰ ਹੁਣ ਤੱਕ ਇਹ ਕੰਮ ਨਹੀਂ ਹੋਇਆ ਅਤੇ ਗੰਦਾ ਪਾਣੀ ਪੀਣ ਵਾਲੀ ਪਾਈਪਾਂ ਦੇ ਅੰਦਰ ਮਿਕਸ ਹੋ ਜਾਂਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਸਬੰਧੀ ਕਾਰਵਾਈ ਲਈ ਅਥਾਰਟੀ ਦੇ ਅਧਿਕਾਰੀਆਂ ਨੂੰ ਕਹਿਣ।
ਇਸੇ ਦੌਰਾਨ ਪਤਾ ਲੱਗਿਆ ਹੈ ਪ੍ਰਧਾਨ ਮੰਤਰੀ ਦੇ ਦਫਤਰ ਵੱਲੋਂ ਇਹ ਸ਼ਿਕਾਇਤ ਅਥਾਰਟੀ ਦੇ ਸਬੰਧਤ ਅਧਿਕਾਰੀਆਂ ਨੂੰ ਕਾਰਵਾਈ ਲਈ ਭੇਜ ਦਿੱਤੀ ਗਈ ਹੈ।