ਪੀਣ ਵਾਲੇ ਪਾਣੀ ਨੂੰ ਤਰਸੇ ਸੈਕਟਰ-45 ਦੇ ਵਾਸੀ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 7 ਅਕਤੂਬਰ
ਚੰਡੀਗੜ੍ਹ ਦੇ ਸੈਕਟਰ-45 ਸੀ ਵਿੱਚ ਪਿਛਲੇ ਦੋ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਕਿੱਲਤ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਇਲਾਕੇ ਵਿੱਚ ਵਾਟਰ ਬੂਸਟਰ ਦੀ ਤਕਨੀਕੀ ਖਰਾਬੀ ਕਾਰਨ ਇਥੇ ਉਪਰਲੀਆਂ ਮੰਜ਼ਿਲਾਂ ਤੱਕ ਪਾਣੀ ਨਹੀਂ ਪਹੁੰਚ ਰਿਹਾ। ਸਥਾਨਕ ਲੋਕਾਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਨਿਗਮ ਤੋਂ ਪਾਣੀ ਦੇ ਟੈਂਕਰ ਮੰਗਵਾ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ। ਘਰਾਂ ਵਿੱਚ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਇਲਾਕੇ ਦੇ ਲੋਕ ਸਵੇਰੇ-ਸਵੇਰੇ ਸੈਕਟਰ 45 ਸੀ ਦੇ ਬੂਸਟਰ ਪੰਪ ’ਤੇ ਗੇੜੇ ਮਾਰਦੇ ਰਹੇ ਅਤੇ ਬੂਸਟਰ ’ਤੇ ਤਾਇਨਾਤ ਨਿਗਮ ਮੁਲਾਜ਼ਮਾਂ ਨੇ ਦੱਸਿਆ ਕਿ ਕੱਲ੍ਹ ਤੋਂ ਇੱਥੋਂ ਦੀ ਮੋਟਰ ਖਰਾਬ ਹੈ, ਜਿਸ ਕਾਰਨ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ’ਤੇ ਹੋ ਰਹੀ ਹੈ। ਬੂਸਟਰ ਪੰਪ ’ਤੇ ਪਹੁੰਚੇ ਲੋਕਾਂ ਨੇ ਦੱਸਿਆ ਕਿ ਨੌਕਰੀ ਪੇਸ਼ੇ ਅਤੇ ਸਕੂਲ-ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਸਭ ਤੋਂ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਨਵਿਾਸੀਆਂ ਦਾ ਕਹਿਣਾ ਹੈ ਕਿ ਜੇਕਰ ਬੂਸਟਰ ਪੰਪ ’ਤੇ ਕੋਈ ਨੁਕਸ ਪੈ ਜਾਵੇ ਤਾਂ ਪਾਣੀ ਦੀ ਸਪਲਾਈ ਉਪਰਲੀਆਂ ਮੰਜ਼ਿਲਾਂ ਤੱਕ ਨਹੀਂ ਪਹੁੰਚਦੀ ਅਤੇ ਇਸ ਦੇ ਨਾਲ ਹੀ ਜੇਕਰ ਪਾਣੀ ਦੀ ਸਪਲਾਈ ਸਮੇਂ ਪਿੱਛੋਂ ਬਿਜਲੀ ਬੰਦ ਹੋ ਜਾਂਦੀ ਹੈ ਤਾਂ ਬੂਸਟਰ ਪੰਪ ’ਤੇ ਜਨਰੇਟਰ ਨਾ ਹੋਣ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਨੂੰ ਬੂਸਟਰ ਪੰਪ ’ਤੇ ਜਨਰੇਟਰ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਬਿਜਲੀ ਖਰਾਬ ਹੋਣ ਦੀ ਸੂਰਤ ਵਿੱਚ ਪਾਣੀ ਦੀ ਸਪਲਾਈ ’ਤੇ ਕੋਈ ਅਸਰ ਨਾ ਪਵੇ।
ਕੀ ਕਹਿੰਦੇ ਨੇ ਨਿਗਮ ਅਧਿਕਾਰੀ
ਦੂਜੇ ਪਾਸੇ ਪਾਣੀ ਦੀ ਸਮੱਸਿਆ ਸਬੰਧੀ ਨਗਰ ਨਿਗਮ ਦੇ ਜਨ ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਕੱਲ੍ਹ ਬੂਸਟਰ ਪੰਪ ਦੀ ਇੱਕ ਮੋਟਰ ਵਿੱਚ ਨੁਕਸ ਪੈਣ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਸੀ। ਉਨ੍ਹਾਂ ਦੱਸਿਆ ਕਿ ਅੱਜ ਮੋਟਰ ਦੀ ਮੁਰੰਮਤ ਕਰਵਾ ਦਿੱਤੀ ਗਈ ਹੈ ਅਤੇ ਸ਼ਾਮ ਤੋਂ ਪਾਣੀ ਦੀ ਸਪਲਾਈ ਪੂਰੇ ਪ੍ਰੈਸ਼ਰ ’ਤੇ ਆਮ ਦਿਨਾਂ ਵਾਂਗ ਬਹਾਲ ਕਰ ਦਿੱਤੀ ਗਈ ਹੈ।