ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਨਾ ਹੋਣ ਕਾਰਨ ਸਰਦੂਲਗੜ੍ਹ ਵਾਸੀ ਪ੍ਰੇਸ਼ਾਨ
ਪੱਤਰ ਪ੍ਰੇਰਕ
ਸਰਦੂਲਗੜ੍ਹ, 6 ਜੂਨ
ਸਬ ਡਿਵੀਜ਼ਨ ਸਰਦੂਲਗੜ੍ਹ ਵਿੱਚ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਤਹਿਸੀਲਦਾਰ ਦੀ ਅਸਾਮੀ ਪਹਿਲਾਂ ਹੀ ਖਾਲੀ ਸੀ ਤੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਕੋਲ ਤਹਿਸੀਲਦਾਰ ਦਾ ਚਾਰਜ ਸੀ। ਪਰ ਨਾਇਬ ਤਹਿਸੀਲਦਾਰ ਨੂੰ ਵਿਜੀਲੈਂਸ ਵੱਲੋਂ ਮਾਲ ਰਿਕਾਰਡ ‘ਚ ਫੇਰਬਦਲ ਕਰਨ ਦੇ ਕੇਸ਼ ਵਿੱਚ ਗ੍ਰਿਫਤਾਰ ਕਰਨ ਮਗਰੋਂ ਸਰਕਾਰ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਹੈ। ਹੁਣ ਸਬ-ਡਿਬੀਜ਼ਨ ਸਰਦੂਲਗੜ੍ਹ ‘ਚ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦੀਆਂ ਦੋਵੇਂ ਪੋਸਟਾਂ ਖਾਲੀ ਹੋਣ ਕਾਰਨ ਤਹਿਸੀਲ ‘ਚ ਕੰਮ ਕਰਾਉਣ ਲਈ ਆਉਣ ਵਾਲੇ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਹਨ। ਇਸੇ ਤਰ੍ਹਾਂ ਸਹਾਇਕ ਰਜਿਸਟਰਾਰ ਦੇ ਦਫਤਰ ਸਹਿਕਾਰੀ ਸਭਾਵਾਂ ਸਰਦੂਲਗੜ੍ਹ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਏ.ਆਰ (ਸਹਾਇਕ ਰਜਿਸਟਰਾਰ) ਦੀ ਪੋਸਟ ਵੀ ਖਾਲੀ ਪਈ ਹੈ, ਜਿਸ ਕਰਕੇ ਇਸ ਦਫ਼ਤਰ ਨਾਲ ਸਬੰਧਤ ਕੰਮ ਕਰਾਉਣ ਵਾਲਿਆਂ ਦੇ ਲੰਬੇ ਸਮੇਂ ਤੋਂ ਕੰਮ ਨਹੀਂ ਹੋ ਰਹੇ। ਤਹਿਸੀਲ ‘ਚ ਪੈਂਦੇ ਪਿੰਡਾਂ ਦੇ ਲੋਕਾਂ ਨੇ ਸਰਕਾਰ ਅਤੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਕਿ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ।