For the best experience, open
https://m.punjabitribuneonline.com
on your mobile browser.
Advertisement

ਦਭੋਟਾ ਪੁਲ ਦੀ ਮੁਰੰਮਤ ਨਾ ਹੋਣ ਕਾਰਨ ਪੰਜਾਬ ਤੇ ਹਿਮਾਚਲ ਵਾਸੀ ਪ੍ਰੇਸ਼ਾਨ

05:46 AM Apr 28, 2024 IST
ਦਭੋਟਾ ਪੁਲ ਦੀ ਮੁਰੰਮਤ ਨਾ ਹੋਣ ਕਾਰਨ ਪੰਜਾਬ ਤੇ ਹਿਮਾਚਲ ਵਾਸੀ ਪ੍ਰੇਸ਼ਾਨ
ਦਭੋਟਾ ਪੁਲ ’ਤੇ ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਲੋਕ।
Advertisement

ਜਗਮੋਹਨ ਸਿੰਘ
ਘਨੌਲੀ, 27 ਅਪਰੈਲ
ਪਿਛਲੇ ਬਰਸਾਤ ਦੇ ਸੀਜ਼ਨ ਦੌਰਾਨ ਨੁਕਸਾਨੇ ਪੰਜਾਬ ਦੇ ਭਰਤਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਸ਼ਹਿਰ ਨੂੰ ਆਪਸ ਵਿੱਚ ਜੋੜਨ ਵਾਲੇ ਦਭੋਟਾ ਪੁਲ ਦੀ ਲਗਪਗ ਨੌਂ ਮਹੀਨਿਆਂ ਮਗਰੋਂ ਵੀ ਮੁਰੰਮਤ ਨਾ ਹੋਣ ਕਾਰਨ ਦੋਵਾਂ ਸੂਬਿਆਂ ਦੇ ਵਸਨੀਕਾਂ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਦੋਵਾਂ ਸੂਬਿਆਂ ਦੇ ਲੋਕਾਂ ਵੱਲੋਂ ਲਘੂ ਉਦਯੋਗ ਸੰਘ ਹਿਮਾਚਲ ਪ੍ਰਦੇਸ਼ ਦੇ ਪ੍ਰਧਾਨ ਅਸ਼ੋਕ ਰਾਣਾ ਅਤੇ ਮਹਾਂ ਮੰਤਰੀ ਅਨਿਲ ਮਲਿਕ ਦੀ ਅਗਵਾਈ ਹੇਠ ਪੁਲ ’ਤੇ ਸੰਕੇਤਕ ਧਰਨਾ ਦਿੱਤਾ ਗਿਆ। ਧਰਨੇ ਦੀ ਸਮਾਪਤੀ ਉਪਰੰਤ ਧਰਨਾਕਾਰੀਆਂ ਨੇ ਡੀਸੀ ਦਫ਼ਤਰ ਰੂਪਨਗਰ ਜਾਣ ਦਾ ਪ੍ਰੋਗਰਾਮ ਉਲੀਕਿਆ, ਪਰ ਐੱਸਡੀਐੱਮ ਆਨੰਦਪੁਰ ਸਾਹਿਬ ਰਾਜਪਾਲ ਸਿੰਘ ਸੇਖੋਂ ਨੇ ਤਹਿਸੀਲਦਾਰ ਕੁਲਵਿੰਦਰ ਸਿੰਘ ਰਾਹੀਂ ਮੰਗ ਪੱਤਰ ਪ੍ਰਾਪਤ ਕਰਕੇ ਧਰਨਾਕਾਰੀਆਂ ਨਾਲ ਸੋਮਵਾਰ ਨੂੰ ਇਸ ਸਮੱਸਿਆ ਦੇ ਹੱਲ ਲਈ ਸੋਮਵਾਰ ਨੂੰ ਮੀਟਿੰਗ ਕਰਨ ਦਾ ਭਰੋਸਾ ਦਿੰਦੇ ਹੋਏ ਧਰਨਾ ਖਤਮ ਕਰਵਾ ਦਿੱਤਾ।
ਇਸ ਵਿੱਚ ਵੱਖ-ਵੱਖ ਟਰਾਂਸਪੋਰਟ ਯੂਨੀਅਨਾਂ, ਰੋਡ ਸੇਫਟੀ ਕਲੱਬ ਮੈਂਬਰਾਂ, ਗਰਾਮ ਪੰਚਾਇਤਾਂ ਅਤੇ ਸਮਾਜਿਕ ਸੰਗਠਨਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਧਰਨੇ ਨੂੰ ਸੰਬੋਧਨ ਕਰਦਿਆਂ ਅਸ਼ੋਕ ਰਾਣਾ, ਅਨਿਲ ਮਲਿਕ, ਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਦੇ ਪ੍ਰਧਾਨ ਚਿਰੰਜੀਵ ਠਾਕੁਰ, ਠੇਕੇਦਾਰ ਤਰਲੋਚਨ ਸਿੰਘ, ਵਪਾਰ ਮੰਡਲ ਭਰਤਗੜ੍ਹ ਦੇ ਆਗੂ ਰਾਜਿੰਦਰ ਸਿੰਘ ਬੰਟੀ, ਹਰੀਓਮ ਯੋਗਾ ਸੁਸਾਇਟੀ ਦੇ ਪ੍ਰਧਾਨ ਡਾ. ਸ਼੍ਰੀਕਾਂਤ ਸ਼ਰਮਾ, ਰਮੇਸ਼ ਸ਼ਰਮਾ, ਜਗਤਾਰ ਸਿੰਘ, ਰਣੇਸ਼ ਰਾਣਾ ਆਦਿ ਸਮੇਤ ਕਈ ਹੋਰ ਮੋਹਤਬਰ ਸ਼ਖ਼ਸੀਅਤਾਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਦਭੋਟਾ ਪੁਲ ਦੋਵੇਂ ਸੂਬਿਆਂ ਦਾ ਸਾਂਝਾ ਪੁਲ ਹੈ। ਇਸ ਦਾ ਇੱਕ ਹਿੱਸਾ ਪਿਛਲੀ ਬਰਸਾਤ ਦੌਰਾਨ ਹੜ੍ਹ ਗਿਆ ਸੀ ਜਿਸ ਕਾਰਨ ਇਸ ਪੁਲ ’ਤੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤਾ ਗਈ ਹੈ। ਦੋਹਾਂ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਇਸ ਪੁਲ ਦੀ ਮੁਰੰਮਤ ਜਾਂ ਮੁੜ ਉਸਾਰੀ ਦੀ ਜ਼ਿੰਮੇਵਾਰੀ ਇੱਕ-ਦੂਜੇ ਸੂਬਿਆਂ ਦੀਆਂ ਸਰਕਾਰਾਂ ਸਿਰ ਸੁੱਟੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪੁਲ ਤੋਂ ਲਾਂਘਾ ਬੰਦ ਹੋਣ ਕਾਰਨ ਲੋਕਾਂ ਨੂੰ ਨਹਿਰ ਦੇ ਪਾਣੀ ਵਿੱਚੋਂ ਲੰਘਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਸੂਬਿਆਂ ਦੇ ਲੋਕਾਂ ਨੇ ਭਾਵੇਂ ਨਹਿਰ ‌ਦੇ ਪਾਣੀ ਵਿੱਚੋਂ ਲੰਘਣ ਲਈ ਰਸਤਾ ਤਾਂ ਬਣਾ ਲਿਆ ਹੈ, ਪਰ ਸੜਕ ’ਤੇ ਚੜ੍ਹਨ ਲਈ ਤਿੱਖੀ ਢਲਾਨ ਹੋਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧਰਨਾਕਾਰੀਆਂ ਨੇ ਦੱਸਿਆ ਕਿ ਇਸ ਪੁਲ ਰਾਹੀਂ ਹਿਮਾਚਲ ਪ੍ਰਦੇਸ਼ ਦੀਆਂ ਸੈਂਕੜੇ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਲੋਕ ਲੰਘਦੇ ਹਨ ਅਤੇ ਫੈਕਟਰੀਆਂ ਲਈ ਕੱਚਾ ਮਾਲ ਵੀ ਜ਼ਿਆਦਾਤਰ ਇਸੇ ਰਸਤੇ ਰਾਹੀਂ ਜਾਂਦਾ ਹੈ ਜਿਸ ਕਰਕੇ ਇਹ ਪੁਲ ਬੰਦ ਹੋਣ ਨਾਲ ਆਮ ਲੋਕਾਂ ਦੇ ਨਾਲ-ਨਾਲ ਫੈਕਟਰੀ ਮਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Advertisement

Advertisement
Author Image

joginder kumar

View all posts

Advertisement
Advertisement
×