ਦੂਸ਼ਿਤ ਪਾਣੀ ਗਲੀਆਂ ਵਿੱਚ ਖੜ੍ਹਨ ਕਾਰਨ ਪਲਾਸੌਰ ਵਾਸੀ ਪ੍ਰੇਸ਼ਾਨ
ਗੁਰਬਖਸ਼ਪੁਰੀ
ਤਰਨ ਤਾਰਨ, 28 ਜੁਲਾਈ
ਇਲਾਕੇ ਦੀ ਦਸ ਹਜ਼ਾਰ ਦੇ ਕਰੀਬ ਦੀ ਆਬਾਦੀ ਵਾਲੇ ਪਿੰਡ ਪਲਾਸੌਰ ਦੀਆਂ ਗਲੀਆਂ ਵਿੱਚ ਦੂਸ਼ਿਤ ਪਾਣੀ ਖੜ੍ਹਨ ਕਾਰਨ ਲੋਕ ਪ੍ਰੇਸ਼ਾਨ ਹਨ। ਦੂਸ਼ਿਤ ਪਾਣੀ ਪਿੰਡ ਦੀ ਜਰਮਸਤਪੁਰ ਰੋਡ ’ਤੇ ਤਾਂ ਲੋਕਾਂ ਦੇ ਘਰਾਂ ਅੰਦਰ ਜਾ ਵੜ੍ਹਦਾ ਹੈ| ਪਿੰਡ ਵਾਸੀ ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਲਖਵਿੰਦਰ ਸਿੰਘ ਪਲਾਸੌਰ ਨੇ ਕਿਹਾ ਕਿ ਪਿੰਡ ਦੇ ਛੱਪੜਾਂ ਦੀ ਬੀਤੇ 20 ਸਾਲ ਤੋਂ ਸਫਾਈ ਨਾ ਕੀਤੇ ਜਾਣ ਕਰਕੇ ਅਤੇ ਇਸ ਤੋਂ ਇਲਾਵਾ ਇਨ੍ਹਾਂ ਛੱਪੜਾਂ ਤੇ ਅਸਰ-ਰਸੂਖਵਾਨ ਲੋਕਾਂ ਵੱਲੋਂ ਕੀਤੇ ਕਬਜ਼ਿਆਂ ਕਰਕੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ| ਛੱਪੜਾਂ ਦੇ ਭਰ ਜਾਣ ਤੇ ਇਹ ਪਾਣੀ ਹੀ ਪਿੰਡ ਦੀਆਂ ਸੜਕਾਂ ਆਦਿ ’ਤੇ ਆ ਰਿਹਾ ਹੈ| ਪਿੰਡ ਦੇ ਬੀਤੇ ਪੰਜ ਸਾਲ ਦੇ ਅਰਸੇ ਦੌਰਾਨ ਸਰਪੰਚ ਰਹੇ ਦਿਲਬਾਗ ਸਿੰਘ ਨੇ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਜਰਮਸਤਪੁਰ ਰੋਡ ਦੇ ਛੱਪੜ ਦੀ ਸਫਾਈ ਕਰਵਾਉਣ ਦੀ ਕਾਰਵਾਈ ਸ਼ੁਰੂ ਕੀਤੀ ਹੀ ਸੀ ਕਿ ਨਵੀਂ ਆਈ ਸਰਕਾਰ ਨੇ ਉਨ੍ਹਾਂ ਲਈ ਇਕ ਜਾਂ ਫਿਰ ਦੂਸਰੇ ਢੰਗ ਨਾਲ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ। ਉਧਰ, ਪੰਚਾਇਤਾਂ ਦੀ ਆ ਰਹੀ ਚੋਣ ਵਿੱਚ ਹਾਕਮ ਧਿਰ ਆਮ ਆਦਮੀ ਪਾਰਟੀ ਵੱਲੋਂ ਸਰਪੰਚ ਦੇ ਅਹੁਦੇ ਦੇ ਸੰਭਾਵੀ ਉਮੀਦਵਾਰ ਗੁਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਿੰਡ ਦੇ ਦੂਸ਼ਿਤ ਪਾਣੀ ਦੀ ਨਿਕਾਸੀ ਕਰਨ ਦੇ ਉਪਰਾਲੇ ਸ਼ੁਰੂ ਕੀਤੇ ਗਏ ਹਨ ਜਿਸ ਤਹਿਤ ਉਨ੍ਹਾਂ ਨੂੰ ਛੇਤੀ ਹੀ ਸਫਲਤਾ ਹਾਸਲ ਹੋਣ ਦੀ ਉਮੀਦ ਹੈ|
ਛੇਤੀ ਅਗਲੇਰੀ ਕਾਰਵਾਈ ਕਰਾਂਗੇ: ਬੀਡੀਪੀਓ
ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ (ਬੀਡੀਪੀਓ) ਗੁਰਮੁੱਖ ਸਿੰਘ ਨੇ ਕਿਹਾ ਕਿ ਉਹ ਪਿੰਡ ਦੀ ਪੰਚਾਇਤ ਦੇ ਸੈਕਟਰੀ ਨੂੰ ਮਿਲ ਕੇ ਫੰਡਾਂ ਦੀ ਉਪਲਬਧਤਾ ਦੀ ਜਾਣਕਾਰੀ ਹਾਸਲ ਕਰਕੇ ਛੇਤੀ ਅਗਲੇਰੀ ਕਾਰਵਾਈ ਕਰ ਸਕਣਗੇ। ਅੱਜ ਦੇ ਹਾਲਾਤ ਦੇ ਚਲਦਿਆਂ ਪਿੰਡ ਅੰਦਰ ਥਾਂ-ਥਾਂ ਦੂਸ਼ਿਤ ਪਾਣੀ ਖੜ੍ਹਾ ਰਹਿਣ ਕਰਕੇ ਲੋਕਾਂ ਦਾ ਆਮ ਜਨ-ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ।