ਸੁਖਨਾ ਈਐੱਸਜ਼ੈੱਡ ਦਾ ਦਾਇਰਾ ਵਧਾਉਣ ਖ਼ਿਲਾਫ਼ ਨਿੱਤਰੇ ਨਵਾਂ ਗਰਾਉਂ ਵਾਸੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਨਵੰਬਰ
ਪੰਜਾਬ ਸਰਕਾਰ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਸੁਖਨਾ ਈਕੋ-ਸੈਂਸੇਟਿਵ ਜ਼ੋਨ ਦਾ ਦਾਇਰਾ 100 ਮੀਟਰ ਤੋਂ ਵਧਾ ਕੇ 3 ਕਿਲੋਮੀਟਰ ਕਰਨ ਦੀ ਤਜਵੀਜ਼ ਵਿਰੁੱਧ ਨਵਾਂ ਗਰਾਉਂ ਦੇ ਲੋਕ ਨਿੱਤਰ ਆਏ ਹਨ। ਲੋਕਾਂ ਵੱਲੋਂ ਇਸ ਬਾਰੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ, ਨਵਾਂ ਗਰਾਉਂ ਦੇ ਕੌਂਸਲਰ ਸੁਰਿੰਦਰ ਕੌਸ਼ੀਸ਼ ਬੱਬਲ, ਕੌਂਸਲਰ ਪ੍ਰਮੋਦ ਕੁਮਾਰ, ਕੌਂਸਲਰ ਬਬਲੂ ਕੋਰੀ, ਸਮਾਜ ਸੇਵੀ ਅਤੁਲ ਅਰੋੜਾ, ਮਜ਼ਦੂਰ ਸੈਨਾ ਦੇ ਜਨਰਲ ਸਕੱਤਰ ਮਦਨ ਮੰਡਲ, ਗਿਆਨ ਚੰਦ ਭੰਡਾਰੀ ਤੇ ਹੋਰਨਾਂ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਜੇ ਪੰਜਾਬ ਮੰਤਰੀ ਮੰਡਲ ਵੱਲੋਂ ਸੁਖਨਾ ਈਕੋ-ਸੈਂਸੇਟਿਵ ਜ਼ੋਨ ਦਾ ਦਾਇਰਾ ਵਧਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਤਾਂ ਲੱਖਾਂ ਲੋਕ ਬੇਘਰ ਹੋ ਸਕਦੇ ਹਨ। ਇਸ ਦੇ ਨਾਲ ਹੀ ਨਵਾਂ ਗਰਾਉਂ ਨਗਰ ਕੌਂਸਲ ਅਧੀਨ ਆਉਂਦੇ ਕਾਂਸਲ, ਨਵਾਂ ਗਰਾਉਂ, ਕਰੌਰਾਂ ਤੇ ਨਾਢਾ ਦੇ ਮਕਾਨ, ਦੁਕਾਨਾਂ, ਹਸਪਤਾਲਾਂ, ਧਾਰਮਿਕ ਸਥਾਨਾਂ ਅਤੇ ਹੋਟਲਾਂ ਲਈ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ।
ਵਿਨੀਤ ਜੋਸ਼ੀ ਨੇ ਕਿਹਾ ਕਿ ਸੁਖਨਾ ਵਾਈਲਡ ਲਾਈਫ ਸੈਂਕਚੁਰੀ ਦੇ ਆਲੇ-ਦੁਆਲੇ 100 ਮੀਟਰ ਦੇ ਖੇਤਰ ਨੂੰ ਈਕੋ ਸੈਂਸਟਿਵ ਜ਼ੋਨ (ਈਐਸਜ਼ੈੱਡ) ਰੱਖਣ ਦੇ ਆਪਣੇ ਦਸ ਸਾਲ ਤੋਂ ਵੱਧ ਪੁਰਾਣੇ ਸਟੈਂਡ ਦੇ ਉਲਟ, ਹੁਣ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਨੇ ਈਐੱਸਜ਼ੈੱਡ ਨੂੰ 3 ਕਿਲੋਮੀਟਰ ਤੱਕ ਰੱਖਣ ਦੀ ਤਜਵੀਜ਼ ਰੱਖੀ ਗਈ ਹੈ। ਸੁਖਨਾ ਵਾਈਲਡਲਾਈਫ ਸੈਂਕਚੁਰੀ ਜੋ ਸ਼੍ਰੇਣੀ-ਡੀ ਅਧੀਨ ਆਉਂਦਾ ਹੈ, ਨੂੰ 100 ਮੀਟਰ ਤੋਂ ਵੱਧ ਨਹੀਂ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਪੰਜਾਬ ਮੰਤਰੀ ਮੰਡਲ ਦੀ ਆਗਾਮੀ ਮੀਟਿੰਗ ਵਿੱਚ ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੰਭਾਲ ਵਿਭਾਗ ਦੇ ਮਤੇ ਨੂੰ ਰੱਦ ਕਰਨ ਦੀ ਮੰਗ ਕੀਤੀ।