ਮੋਟੇਮਾਜਰਾ ਦੇ ਵਸਨੀਕਾਂ ਨੂੰ ਮਿਲੇਗਾ ਕੌਮੀ ਮਾਰਗ ਤੋਂ ਲਾਂਘਾ
ਕਰਮਜੀਤ ਸਿੰਘ ਚਿੱਲਾ
ਬਨੂੜ, 9 ਨਵੰਬਰ
ਬਨੂੜ ਤੋਂ ਲਾਂਡਰਾਂ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਪਿੰਡ ਮੋਟੇਮਾਜਰਾ ਦੇ ਵਸਨੀਕਾਂ ਨੂੰ ਇੱਥੋਂ ਉਸਰ ਰਹੇ ਗਰੀਨ ਫ਼ੀਲਡ ਐਕਸਪ੍ਰੈੱਸ ਵੇਅ ਲਈ ਲਾਂਘਾ ਮਿਲੇਗਾ। ਪਿੰਡ ਮੋਟੇਮਾਜਰਾ ਦੇ ਵਸਨੀਕ ਪਿਛਲੇ ਲੰਬੇ ਸਮੇਂ ਤੋਂ ਇਹ ਲਾਂਘਾ ਲੈਣ ਲਈ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (ਐੱਨਐੱਚਏਆਈ) ਦੇ ਅਧਿਕਾਰੀਆਂ ਨੂੰ ਲਿਖ਼ਤੀ ਦਰਖ਼ਾਸਤਾਂ ਦਿੰਦੇ ਆ ਰਹੇ ਸਨ। ਪਿੰਡ ਵਾਸੀਆਂ ਵੱਲੋਂ ਆਪਣੀ ਇਸ ਮੰਗ ਪ੍ਰਤੀ ਪ੍ਰਸ਼ਾਸ਼ਨ ਦਾ ਧਿਆਨ ਖਿੱਚਣ ਲਈ 10 ਨਵੰਬਰ ਐਤਵਾਰ ਨੂੰ ਉਕਤ ਕੌਮੀ ਮਾਰਗ ਉੱਤੇ ਪਿੰਡ ਮੋਟੇਮਾਜਰਾ ਕੋਲ ਸਵੇਰੇ ਨੌਂ ਤੋਂ ਗਿਆਰਾਂ ਵਜੇ ਤੱਕ ਜਾਮ ਲਾਉਣ ਦਾ ਸੱਦਾ ਵੀ ਦਿੱਤਾ ਗਿਆ ਸੀ।
ਪਿੰਡ ਦੇ ਨੌਜਵਾਨ ਆਗੂ ਬਲਵਿੰਦਰ ਸਿੰਘ, ਪੰਚ ਸਮਸ਼ੇਰ ਸਿੰਘ, ਜਗਜੀਤ ਸਿੰਘ, ਰਾਜਿੰਦਰ ਸਿੰਘ, ਹਰਪਾਲ ਸਿੰਘ ਆਦਿ ਨੇ ਦੱਸਿਆ ਕਿ ਬੀਤੀ ਸ਼ਾਮ ਐੱਨਐੱਚਏਆਈ ਦੇ ਅਧਿਕਾਰੀਆਂ ਅਤੇ ਪਿੰਡ ਦੇ ਪਤਵੰਤਿਆਂ ਦੌਰਾਨ ਮੀਟਿੰਗ ਹੋਈ। ਉਨ੍ਹਾਂ ਦੱਸਿਆ ਕਿ ਅਥਾਰਿਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੋਟੇਮਾਜਰਾ ਤੇ ਇਸ ਖੇਤਰ ਦੇ ਹੋਰ ਪਿੰਡਾਂ ਨੂੰ ਨਵੇਂ ਬਣ ਰਹੇ ਐਕਸਪ੍ਰੈੱਸ ਵੇਅ ਉੱਤੋਂ ਲਾਂਘਾਂ ਦੇਣ ਲਈ ਸੜਕ ਉੱਤੇ 40 ਫੁੱਟ ਚੌੜਾ ਅਤੇ 16 ਫੁੱਟ ਉੱਚਾ ਪੁਲ ਬਣਾਇਆ ਜਾਵੇਗਾ।
ਪਿੰਡ ਵਾਸੀਆਂ ਨੇ ਦੱਸਿਆ ਕਿ ਪੁਲ ਦੀ ਉਸਾਰੀ ਹੋਣ ਨਾਲ ਉਨ੍ਹਾਂ ਦੀ ਸਮੱਸਿਆ ਹੱਲ ਹੋ ਜਾਵੇਗੀ। ਪਿੰਡ ਵਾਸੀਆਂ ਨੇ ਕਿਹਾ ਕਿ ਅਧਿਕਾਰੀਆਂ ਦੇ ਇਸ ਭਰੋਸੇ ਮਗਰੋਂ 10 ਨਵੰਬਰ ਨੂੰ ਲਗਾਏ ਜਾਣ ਵਾਲੇ ਜਾਮ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲ ਦੀ ਉਸਾਰੀ ਨਾ ਕੀਤੀ ਗਈ ਤਾਂ ਦੁਬਾਰਾ ਸਖ਼ਤ ਸੰਘਰਸ਼ ਉਲੀਕਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।