ਬਿਜਲੀ ਅਤੇ ਸੀਵਰੇਜ ਦੀ ਸਮੱਸਿਆ ਕਾਰਨ ਮੋਹਣੀ ਪਾਰਕ ਦੇ ਵਾਸੀ ਪ੍ਰੇਸ਼ਾਨ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 27 ਜੂਨ
ਪਿਛਲੇ ਦਿਨੀਂ ਲੱਗੇ ਲੰਬੇ ਅਣਐਲਾਨੇ ਬਿਜਲੀ ਕੱਟਾਂ ਅਤੇ ਦੋ ਦਿਨ ਪਹਿਲਾਂ ਪਏ ਲਗਾਤਾਰ ਮੀਂਹ ਕਾਰਨ ਰੁਕੇ ਸੀਵਰੇਜ ਕਾਰਨ ਖਾਲਸਾ ਕਾਲਜ ਦੇ ਸਾਹਮਣੇ ਮੋਹਣੀ ਪਾਰਕ ਦੇ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ।
ਇਸ ਸਬੰਧੀ ਮੋਹਣੀ ਪਾਰਕ ਦੇ ਵਸਨੀਕਾਂ ਕਾ. ਸੁਖਮਿੰਦਰ ਰੰਧਾਵਾ, ਕਾ.ਕੁਲਦੀਪ ਮਾਹਵਾ, ਤਰਕਸ਼ੀਲ਼ ਆਗੂ ਸੁਮੀਤ ਸਿੰਘ, ਰੰਗ ਮੰਚ ਨਿਰਦੇਸ਼ਕ ਨਰਿੰਦਰ ਸਾਂਘੀ, ਦਮਨਜੀਤ ਕੌਰ, ਗੁਰਸ਼ਰਨ ਕੌਰ,ਮੈਡਮ ਸੁਖਰਾਜ ਕੌਰ, ਫਿਲਮ ਅਦਾਕਾਰ ਹਰਮੀਤ ਸਾਂਘੀ,ਮਾਸਟਰ ਸੁਖਦੇਵ ਸਿੰਘ ਅਤੇ ਇੰਸਪੈਕਟਰ ਸੁਖਵੰਤ ਸਿੰਘ ਢਿੱਲੋਂ ਨੇ ਸ਼ਿਕਾਇਤ ਕੀਤੀ ਹੈ ਕਿ ਮੋਹਣੀ ਪਾਰਕ ਇਲਾਕੇ ਵਿਚ ਅਕਸਰ ਬਿਜਲੀ ਬੰਦ ਰਹਿੰਦੀ ਹੈ ਅਤੇ ਖਾਸ ਕਰਕੇ ਜਦੋਂ ਰਾਤ ਨੂੰ ਬਿਜਲੀ ਦਾ ਲੋਡ ਵਧਦਾ ਹੈ ਤਾਂ ਜੀਟੀ ਰੋਡ ਸਥਿਤ ਟ੍ਰਾਂਸਫਾਰਮਰ ਵਿਚ ਕੋਈ ਨਾ ਕੋਈ ਨੁਕਸ ਪੈ ਜਾਂਦਾ ਹੈ। ਉਸ ਵੇਲੇ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਕਈ ਘੰਟਿਆਂ ਤਕ ਬਿਜਲੀ ਨਹੀ ਆਉਂਦੀ । ਘੱਟ ਵੋਲਟੇਜ ਆਉਣ ਕਾਰਨ ਘਰਾਂ ਵਿਚਲੇ ਏਸੀ ਬਿਲਕੁਲ ਕੰਮ ਨਹੀਂ ਕਰ ਰਹੇ। ਮੁਹੱਲਾ ਵਾਸੀਆਂ ਵਲੋਂ ਕਈ ਵਾਰ ਪਾਵਰਕਾਮ ਦੇ ਅਧਿਕਾਰੀਆਂ ਨੂੰ ਮਿਲ ਕੇ ਮੰਗ ਵੀ ਕੀਤੀ ਗਈ ਹੈ ਕਿ ਮੋਹਣੀ ਪਾਰਕ ਦੀਆਂ ਗਲੀਆਂ ਦੇ ਅੰਦਰਲੇ ਇਲਾਕੇ ਵਿਚ ਵਧ ਸਮਰੱਥਾ ਵਾਲਾ ਟਰਾਂਸਫਾਰਮਰ ਲਾਇਆ ਜਾਵੇ।