For the best experience, open
https://m.punjabitribuneonline.com
on your mobile browser.
Advertisement

ਹਾਈਵੇਅ ’ਤੇ ਬੈਠੇ ਪਿੰਡਾਂ ਦੀ ਹਮਾਇਤ ’ਚ ਨਿੱਤਰੇ ਕਈ ਪਿੰਡਾਂ ਦੇ ਵਾਸੀ

10:57 AM Apr 06, 2024 IST
ਹਾਈਵੇਅ ’ਤੇ ਬੈਠੇ ਪਿੰਡਾਂ ਦੀ ਹਮਾਇਤ ’ਚ ਨਿੱਤਰੇ ਕਈ ਪਿੰਡਾਂ ਦੇ ਵਾਸੀ
ਨੈਸ਼ਨਲ ਹਾਈਵੇਅ ’ਤੇ ਲਗਾਏ ਗਏ ਪੱਕੇ ਧਰਨੇ ’ਚ ਬੈਠੇ ਲੋਕ।
Advertisement

ਡੀਪੀਐੱਸ ਬੱਤਰਾ
ਸਮਰਾਲਾ, 5 ਅਪਰੈਲ
ਪਿੰਡ ਮੁਸ਼ਕਾਬਾਦ ਵਿਖੇ ਲੱਗ ਰਹੀ ਬਾਇਓਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਪਿੱਛਲੇ ਤਿੰਨ ਦਿਨ ਤੋਂ ਲੁਧਿਆਣਾ-ਚੰਡੀਗੜ੍ਹ ਹਾਈਵੇਅ ’ਤੇ ਤੰਬੂ ਗੱਡ ਕੇ ਬੈਠੇ 10 ਪਿੰਡਾਂ ਦੇ ਲੋਕਾਂ ਦੀ ਹਮਾਇਤ ਵਿੱਚ ਅੱਜ ਆਸ-ਪਾਸ ਦੇ ਕਈ ਹੋਰ ਪਿੰਡ ਵੀ ਨਿੱਤਰ ਪਏ ਹਨ। ਦੂਜੇ ਪਾਸੇ ਆਪਣੇ ਘਰ-ਵਾਰ ਛੱਡ ਕੇ ਧਰਨੇ ’ਤੇ ਬੈਠੇ ਪਿੰਡਾਂ ਦੇ ਲੋਕਾਂ ਨੇ ਇਹ ਐਲਾਨ ਕਰ ਦਿੱਤਾ ਹੈ, ਕਿ ਫੈਕਟਰੀ ਬੰਦ ਕਰਵਾਏ ਬਿਨਾਂ ਉਹ ਘਰਾਂ ਨੂੰ ਨਹੀਂ ਪਰਤਨਗੇ। ਅੱਜ ਵੀ ਦੇਰ ਸ਼ਾਮ ਤੱਕ ਸੰਘਰਸ਼ ਕਰ ਰਹੇ ਪਿੰਡਾਂ ਵੱਲੋਂ ਬਣਾਈ ਕਮੇਟੀ ਅਤੇ ਪ੍ਰਸ਼ਾਸਨ ਵਿਚਾਲੇ ਲੰਬੀ ਮੀਟਿੰਗ ਹੋਈ, ਪਰ ਲੋਕ ਧਰਨਾ ਖਤਮ ਰਨ ਲਈ ਰਜ਼ਾਮੰਦ ਨਹੀਂ ਹੋਏ। ਪਹਿਲੇ ਦਿਨ ਤੋਂ ਹੀ ਇਸ ਸੰਘਰਸ਼ ਨੂੰ ਆਪਣਾ ਸਮਰਥਨ ਦੇ ਰਹੇ ਹਲਕੇ ਦੇ ਸਾਬਕਾ ਵਿਧਾਇਕ ਅਤੇ ਆਪ ਪਾਰਟੀ ਦੇ ਆਗੂ ਜਗਜੀਵਨ ਸਿੰਘ ਖੀਰਨੀਆਂ ਅੱਜ ਖੁੱਦ ਲੰਬੇ ਸਮੇਂ ਤੱਕ ਲੋਕਾਂ ਨਾਲ ਧਰਨੇ ’ਤੇ ਬੈਠੇ ਨਜ਼ਰ ਆਏ। ਇਸ ਗੈਸ ਫੈਕਟਰੀ ਤੋਂ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਦੇ ਲੋਕਾਂ ਵੱਲੋਂ ਕੀਤੇ ਜਾ ਸਰੇ ਸੰਘਰਸ਼ ਦਾ ਸਾਥ ਦਿੰਦਿਆ ਕਿਸਾਨ ਯੂਨੀਅਨ ਕਾਦੀਆ ਦੇ ਆਗੂਆਂ ਨੇ ਅੱਜ ਧਰਨੇ ਦੌਰਾਨ ਐਲਾਨ ਕੀਤਾ ਕਿ, ਜੇਕਰ ਪ੍ਰਸਾਸ਼ਨ ਨੇ ਧਰਨਾਕਾਰੀਆਂ ਨੂੰ ਹਾਈਵੇਅ ਤੋਂ ਹਟਾਉਣ ਲਈ ਕੋਈ ਧੱਕੇਸ਼ਾਹੀ ਕੀਤੀ ਤਾਂ ਸੂਬੇ ਦੇ ਹੋਰ ਕਈ ਹਾਈਵੇਅ ਬੰਦ ਕਰਨ ਦਾ ਸੱਦਾ ਦਿੱਤਾ ਜਾਵੇਗਾ।
ਇਸ ਮੌਕੇ ਧਰਨੇ ’ਤੇ ਬੈਠੀਆਂ ਔਰਤਾਂ ਨੇ ਆਖਿਆ ਕਿ, ਉਹ ਆਪਣੇ ਘਰ-ਵਾਰ ਤੇ ਡੰਗਰ ਪਸ਼ੂ ਸਭ ਛੱਡ ਕੇ ਤਿੰਨ ਦਿਨ ਤੋਂ ਇਸ ਲਈ ਧਰਨੇ ’ਤੇ ਬੈਠੀਆਂ ਹਨ, ਕਿ ਉਨ੍ਹਾਂ ਦੇ ਪਿੰਡ ਅਤੇ ਘਰ ਬਚ ਸਕਣ। ਧਰਨੇ ਵਿੱਚ ਸ਼ਾਮਲ ਪਿੰਡ ਮੁਸ਼ਕਾਬਾਦ, ਖੀਰਨੀਆਂ, ਟੱਪਰਿਆ ਅਤੇ ਆਸ-ਪਾਸ ਦੇ ਹੋਰ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ, ਉਹ ਪਿਛਲੇ ਤਿੰਨ ਦਿਨ ਤੋਂ ਟਰੈਕਟਰ-ਟਰਾਲੀਆਂ ਲੈ ਕੇ ਸੜਕ ਵਿਚਾਲੇ ਤੰਬੂ ਲਾ ਕੇ ਬੈਠੇ ਹਨ, ਪਰ ਸਰਕਾਰ ਉਨ੍ਹਾਂ ਦੀ ਮੰਗ ’ਤੇ ਕੋਈ ਫੈਸਲਾ ਨਹੀਂ ਲੈ ਰਹੀ।

Advertisement

ਮੁੱਖ ਰਸਤਿਆਂ ਤੇ ਘਰਾਂ ਦੇ ਬਾਹਰ ‘ਪਿੰਡ ਵਿਕਾਊ ਹਨ’ ਦੇ ਪੋਸਟਰ ਲਗਾਏ

ਸੰਘਰਸ਼ ਕਰ ਰਹੇ ਲੋਕਾਂ ਨੇ ਦੱਸਿਆ ਕਿ, ਉਨ੍ਹਾਂ ਨੂੰ ਪਿੰਡ ਦੇ ਮੇਨ ਰਸਤਿਆਂ ਅਤੇ ਘਰਾਂ ਦੇ ਬਾਹਰ ਘਰ ਅਤੇ ਪਿੰਡ ਵਿਕਾਊ ਹਨ ਦੇ ਇਹ ਪੋਸਟਰ ਲਗਾਉਣ ਦੀ ਲੋੜ ਇਸ ਲਈ ਪਈ ਹੈ ਕਿਉਂਕਿ ਜੇਕਰ ਸਾਡੇ ਪਿੰਡ ਵਿੱਚ ਬਾਇਓਗੈਸ ਫੈਕਟਰੀ ਕੰਮ ਕਰਨ ਲੱਗਦੀ ਹੈ ਤਾਂ ਸਾਡੇ ਪਿੰਡ ਮੁਸ਼ਕਾਬਾਦ ਅਤੇ ਨਾਲ ਲੱਗਦੇ ਦੋ ਪਿੰਡ ਟੱਪਰੀਆ ਅਤੇ ਖੀਰਨੀਆਂ ਜੋ ਅੱਜ ਗਰੀਨ ਬੈਲਟ ਵਜੋਂ ਮਸ਼ਹੂਰ ਹਨ, ਉਨ੍ਹਾਂ ਦੀ ਹਵਾ ਅਤੇ ਪਾਣੀ ਦੂਸ਼ਿਤ ਹੋ ਜਾਵੇਗਾ ਅਤੇ ਫਿਰ ਇਹ ਪਿੰਡ ਵਾਸੀਆਂ ਦੀ ਸਿਹਤ ਲਈ ਵੀ ਖਤਰਨਾਕ ਸਾਬਤ ਹੋਵੇਗਾ ਅਤੇ ਮਨੁੱਖੀ ਜੀਵਨ ਜਿਊਣ ਯੋਗ ਨਹੀਂ ਰਹੇਗਾ।

‘ਸਾਥ ਦੇਣ ਵਾਲੀਆਂ ਪਾਰਟੀਆਂ ਨੂੰ ਹੀ ਪਿੰਡਾਂ ਵਿੱਚ ਵੜਨ ਦੇਵਾਂਗੇ’

ਸਮਰਾਲਾ ਦੇ ਦਿਆਲਪੁਰਾ ਬਾਈਪਾਸ ’ਤੇ ਧਰਨੇ ਉੱਤੇ ਬੈਠੇ ਪਿੰਡਾਂ ਦੇ ਲੋਕਾਂ ਨੇ ਐਲਾਨ ਕੀਤਾ ਕਿ, ਜਿਹੜੀਆਂ ਸਿਆਸੀ ਪਾਰਟੀਆਂ ਸਾਡੇ ਪਿੰਡਾਂ ਦੇ ਮੁੱਦੇ ’ਤੇ ਗੰਭੀਰਤਾ ਨਾਲ ਸਾਡੀ ਹਮਾਇਤ ਕਰਦੀਆਂ ਹਨ, ਉਹ ਹੀ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਚੋਣ ਪ੍ਰਚਾਰ ਲਈ ਸਾਡੇ ਪਿੰਡ ਆਉਣਗੀਆਂ ਅਤੇ ਜਿਹੜੀਆਂ ਸਿਆਸੀ ਪਾਰਟੀਆਂ ਸਾਡਾ ਸਾਥ ਨਹੀਂ ਦਿੰਦੀਆਂ ਉਨ੍ਹਾਂ ਨੂੰ ਅਸੀਂ ਸਾਡੇ ਪਿੰਡ ਅੰਦਰ ਆਉਣ ਨਹੀਂ ਦੇਵਾਂਗੇ।

ਪ੍ਰਸ਼ਾਸਨ ਅਤੇ ਸੰਘਰਸ਼ ਕਮੇਟੀ ਵਿਚਾਲੇ ਮੀਟਿੰਗ ਬੇਸਿੱਟਾ

ਮੁਸ਼ਕਾਬਾਦ ਦੇ ਸਰਪੰਚ ਮਾਲਵਿੰਦਰ ਸਿੰਘ ਲਵਲੀ ਅਤੇ ਉਨ੍ਹਾਂ ਨਾਲ ਹਾਜਰ ਸਾਬਕਾ ਸਰਪੰਚ ਹਰਮੇਲ ਸਿੰਘ, ਭੁਪਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਕਈ ਤਰ੍ਹਾਂ ਦੇ ਭਰੋਸੇ ਦੇ ਰਿਹਾ ਹੈ, ਪਰ ਇਸ ’ਤੇ ਅੰਤਿਮ ਫੈਸਲਾ ਧਰਨੇ ’ਤੇ ਬੈਠੇ ਲੋਕਾਂ ਵੱਲੋਂ ਹੀ ਲਿਆ ਜਾਣਾ ਹੈ। ਇਸ ਲਈ ਉਹ ਅੱਜ ਦੀ ਮੀਟਿੰਗ ਵਿੱਚ ਹੋਈ ਪੂਰੀ ਗੱਲ ਧਰਨਾ ਸਥਾਨ ’ਤੇ ਜਾ ਕੇ ਲੋਕਾਂ ਅੱਗੇ ਰੱਖ ਰਹੇ ਹਨ।

Advertisement
Author Image

sukhwinder singh

View all posts

Advertisement
Advertisement
×