ਮਲਕੋਵਾਲ ਵਾਸੀਆਂ ਨੇ ਡਾਇਰੈਕਟਰ ਪੰਚਾਇਤ ਦਾ ਪੁਤਲਾ ਫੂਕਿਆ
ਪੱਤਰ ਪ੍ਰੇਰਕ
ਮੁਕੇਰੀਆਂ, 6 ਅਕਤੂਬਰ
ਕੁੱਲ ਹਿੰਦ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਪਿੰਡ ਕਾਲੂ ਚਾਂਗ ਅਤੇ ਨੰਗਲ ਅਵਾਣਾ ਦੇ ਵਸਨੀਕਾਂ ਵਲੋਂ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਖਣਨ ਕਰਕੇ ਮਿੱਟੀ ਪੁਟਾਉਣ ਵਾਲੇ ਸਰਪੰਚਾਂ ਖਿਲਾਫ਼ ਕਾਰਵਾਈ ਲਈ ਲਗਾਇਆ ਧਰਨਾ ਅੱਜ ਵੀ ਜਾਰੀ ਰਿਹਾ। ਧਰਨਕਾਰੀਆਂ ਦੇ ਸਮਰਥਨ ਵਿੱਚ ਪਿੰਡ ਮਲਕੋਵਾਲ ਵਾਸੀਆਂ ਵੱਲੋਂ ਕਿਸਾਨ ਸਭਾ ਅਤੇ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪੰਚਾਇਤ ਵਿਭਾਗ ਦੇ ਡਾਇਰੈਕਟਰ ਦਾ ਪੁਤਲਾ ਫੂਕਿਆ ਗਿਆ ਅਤੇ ਪੰਜਾਬ ਸਰਕਾਰ ਅਤੇ ਪੰਚਾਇਤ ਵਿਭਾਗ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਐਕਸ਼ਨ ਦੀ ਅਗਵਾਈ ਰਾਮ ਲੁਭਾਇਆ ਤੇ ਕਿਸ਼ੋਰ ਕੁਮਾਰ ਨੇ ਕੀਤੀ, ਜਿਸ ਵਿੱਚ ਸਭਾ ਦੇ ਸੂਬਾਈ ਪ੍ਰੈਸ ਸਕੱਤਰ ਆਸ਼ਾ ਨੰਦ ਅਤੇ ਖੇਤ ਮਜ਼ਦੂਰ ਆਗੂ ਸੋਮਰਾਜ ਨੇ ਵੀ ਸ਼ਿਰਕਤ ਕੀਤੀ। ਬੁਲਾਰਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਜਨਮ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ’ਚੋਂ ਹੋਇਆ ਸੀ, ਪਰ ਵੱਖ-ਵੱਖ ਖੇਤਰਾਂ ਦੀ ਵਾਗਡੋਰ ਦੂਜੀਆਂ ਪਾਰਟੀਆਂ ’ਚੋਂ ਸ਼ਾਮਿਲ ਹੋਏ ਭ੍ਰਿਸ਼ਟ ਅਤੇ ਖਾਸ ਆਦਮੀਆਂ ਦੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਭ੍ਰਿਸ਼ਟਾਚਾਰ ਪਹਿਲਾਂ ਵਾਂਗ ਹੀ ਬਰਕਰਾਰ ਹੈ। ਸਰਕਾਰੀ ਅਧਿਕਾਰੀ ਧੜੱਲੇ ਨਾਲ ਆਪਣਾ ਵਿਰਾਸਤੀ ਭ੍ਰਿਸ਼ਟਾਚਾਰ ਦਾ ਧੰਦਾ ਬਾਦਸਤੂਰ ਚਲਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਹਦਾਇਤ ਦੇਵੇ ਕਿ ਉਹ ਪੰਚਾਇਤੀ ਜ਼ਮੀਨ ਦੇ ਮਿੱਟੀ ਚੋਰਾਂ ਖਿਲਾਫ ਕਾਨੂੰਨੀ ਕਾਰਵਾਈ ਕਰੇ। ਧਰਨੇ ’ਚ ਯਸ਼ਪਾਲ ਸਿੰਘ, ਪ੍ਰੀਕਸ਼ਿਤ ਸਿੰਘ, ਰਾਜਿੰਦਰ ਸਿੰਘ, ਸ਼ਮਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਗੁਰਮੇਲ ਸਿੰਘ, ਸ਼ਮਿੰਦਰ ਸਿੰਘ, ਸੇਵਾ ਸਿੰਘ, ਊਧਮ ਸਿੰਘ, ਮਹਿੰਗਾ ਸਿੰਘ ਹਾਜ਼ਰ ਸਨ।