ਮਾਹਲਾ ਕਲਾਂ ਵਾਸੀ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪ੍ਰੇਸ਼ਾਨ
ਮਹਿੰਦਰ ਸਿੰਘ ਰੱਤੀਆਂ
ਮੋਗਾ, 31 ਜੁਲਾਈ
ਪਿੰਡ ਮਾਹਲਾ ਕਲਾਂ ਵਿਚ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਦੋ ਮਹੀਨਿਆਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਅਕਾਲੀ ਦਲ ਦੇ ਸੂਬਾ ਜਨਰਲ ਸਕੱਤਰ ਤੇ ਬਾਘਾਪੁਰਾਣਾ ਤੋਂ ਹਲਕਾ ਇੰਚਾਰਜ ਤੀਰਥ ਸਿੰਘ ਮਾਹਲਾ ਨੇ ਆਪਣੇ ਪਿੰਡ ਦੀ ਸਮੱਸਿਆ ਦੇ ਹੱਲ ਲਈ ਆਪਣੇ ਸਿਆਸੀ ਵਿਰੋਧੀ ਹਾਕਮ ਧਿਰ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੇ ਘਰ ਜਾ ਕੇ ਮੰਗ ਪੱਤਰ ਦਿੱਤਾ। ਇਸ ਮੌਕੇ ਡੀਐੱਸਪੀ ਬਾਘਾਪੁਰਾਣਾ ਦਲਬੀਰ ਸਿੰਘ ਸਿੱਧੂ ਅਤੇ ਥਾਣਾ ਸਮਾਲਸਰ ਦੇ ਮੁੱਖ ਅਫ਼ਸਰ ਦਿਲਬਾਗ ਸਿੰਘ ਬਰਾੜ ਵੀ ਪਹੁੰਚੇ ਹੋਏ ਸਨ।
ਅਕਾਲੀ ਆਗੂ ਨੇ ਕਿਹਾ ਕਿ ਪਿੰਡ ਮਾਹਲਾ ਕਲਾਂ ਨੂੰ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਸੁਬੇਦਾਰ ਜੋਗਿੰਦਰ ਸਿੰਘ ਦੇ ਪਿੰਡ ਹੋਣ ਦਾ ਮਾਣ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪਿੰਡ ਦੇ ਵਾਸੀ ‘ਆਪ’ ਵਾਲੰਟੀਅਰ ਵੱਲੋਂ ਵਿਕਾਸ ਕੰਮਾਂ ਵਿਚ ਅੜਿੱਕੇ ਪਾਉਣ ਕਾਰਨ ਵਿਕਾਸ ਕੰਮ ਰੁਕੇ ਹੋਏ ਹਨ। ਉਨ੍ਹਾਂ ਦੱਸਿਆ ਕਿ ਛੱਪੜ ਦੇ ਪਾਣੀ ਦੇ ਨਿਕਾਸ ਲਈ ਪਿੰਡ ਵਾਸੀ ਦੋ ਮਹੀਨਿਆਂ ਤੋਂ ਧਰਨੇ ’ਤੇ ਬੈਠੇ ਹਨ।
ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਪਿੰਡ ਦੇ ਪਾਣੀ ਦੇ ਨਿਕਾਸ ਅਤੇ ਛੱਪੜ ਪੱਕਾ ਕਰਨ ਲਈ ਲਗਪਗ 32 ਲੱਖ ਰੁਪਏ ਮਾਹਲਾ ਕਲਾਂ ਲਈ ਗ੍ਰਾਂਟ ਜਾਰੀ ਹੋ ਚੁੱਕੀ ਹੈ, ਜਲਦੀ ਹੀ ਕੰਮ ਸੁਰੂ ਕਰ ਦਿੱਤਾ ਜਾਵੇਗਾ। ਇਸ ਦੌਰਾਨ ਪਿੰਡ ਵਾਸੀਆਂ ਨੇ ਗਲੀਆਂ ਵਿਚ ਇੰਟਰਲਾਕ ਟਾਈਲਾਂ ਦੀ ਮੰਗ ਦੁਹਰਾਈ, ਵਿਧਾਇਕ ਨੇ ਜਲਦੀ ਇਹ ਕੰਮ ਵੀ ਚਾਲੂ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਸੁਖਜੀਤ ਸਿੰਘ ਮਾਹਲਾ, ਦਿਲਬਾਗ ਮੈਂਬਰ, ਸਰਬਜੀਤ ਸਿੰਘ ਪ੍ਰਧਾਨ, ਸੁਖਦੇਵ ਸਿੰਘ ਸਰਪੰਚ, ਗੁਰਮੀਤ ਸਿੰਘ ਗਿੱਲ, ਬਲਦੇਵ ਪੰਡਤ, ਪ੍ਰੇਮ ਪੰਡਤ, ਕਿੰਦਰ ਬਾਬੇਕੇ, ਰਾਮਪਾਲ ਸਿੰਘ, ਕੰਵਲਜੀਤ ਸਿੰਘ, ਗੁਰਨੂਰ ਸਿੰਘ, ਗੋਗਾ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ।