ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਘਣੇ ਧੂੰਏਂ ਤੇ ਧੁੰਦ ਕਾਰਨ ਪ੍ਰੇਸ਼ਾਨ ਲੁਧਿਆਣਾ ਵਾਸੀ

08:01 AM Nov 16, 2024 IST
ਲੁਧਿਆਣਾ ਰੇਲਵੇ ਸਟੇਸ਼ਨ ’ਤੇ ਰੇਲਗੱਡੀ ਦੀ ਉਡੀਕ ਕਰਦੇ ਹੋਏ ਯਾਤਰੀ। -ਫੋਟੋ: ਹਿਮਾਂਸ਼ੂ ਮਹਾਜਨ

ਗਗਨਦੀਪ ਅਰੋੜਾ
ਲੁਧਿਆਣਾ, 15 ਨਵੰਬਰ
ਲੁਧਿਆਣਾ ’ਚ ਛਾਏ ਧੂੰਏ ਤੇ ਧੁੰਦ ਦੇ ਗੁਬਾਰ ਨੇ ਸ਼ਹਿਰ ਵਾਸੀਆਂ ਦੀਆਂ ਪ੍ਰੇਸ਼ਾਨੀਆਂ ਵਧਾ ਦਿੱਤੀਆਂ ਹਨ। ਧੁੰਦ ਨਾਲ ਮਿਲਣ ਮਗਰੋਂ ਧੂੰਆ ਹੋਰ ਸੰਘਣਾ ਹੋ ਜਾਂਦਾ ਹੈ ਤੇ ਧਰਤੀ ਤੋਂ ਬਹੁਤਾ ਉੱਪਰ ਨਹੀਂ ਜਾ ਸਕਦਾ। ਇਹੀ ਕਾਰਨ ਹੈ ਕਿ ਰਾਹਗੀਰਾਂ ਨੂੰ ਕਈ ਵਾਰ ਦਿਨ ਵੇਲੇ ਵੀ ਵਾਹਨਾਂ ਦੀਆਂ ਹੈੱਡਲਾਈਟਾਂ ਬਾਲ ਕੇ ਲੰਘਣਾ ਪੈ ਰਿਹਾ ਹੈ। ਹਾਈਵੇਅ ’ਤੇ ਵੀ ਹਾਲਾਤ ਇਹ ਹਨ ਕਿ ਅੱਗੇ ਜਾ ਰਹੇ ਵਾਹਨ ਦਾ ਪਤਾ ਲੱਗਣਾ ਔਖਾ ਹੋ ਗਿਆ ਹੈ ਤੇ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿੱਚ ਵੀ ਇਸ ਧੂੰਏ ਤੇ ਧੁੰਦ ਨੇ ਕਬਜ਼ਾ ਕੀਤਾ ਹੋਇਆ ਹੈ।
ਕਈ ਥਾਈਂ ਹੋਈਵੇਅ ’ਤੇ ਵਿਕਾਸ ਕਾਰਜਾਂ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਰਾਹ ਬਦਲਵੇਂ ਕੀਤੇ ਗਏ ਹੁੰਦੇ ਹਨ, ਅਜਿਹੀ ਸਥਿਤੀ ਵਿੱਚ ਵਾਤਾਵਰਨ ਦਾ ਧੁੰਦਲਾ ਹੋਣਾ ਤੇ ਦ੍ਰਿਸ਼ਟੀਯੋਗਤਾ ਦਾ ਘੱਟ ਹੋਣਾ ਜਾਨ ਦਾ ਖੌਅ ਬਣ ਜਾਂਦਾ ਹੈ। ਤੜਕੇ ਸਵੇਰੇ ਤੇ ਰਾਤ ਨੂੰ ਆਵਾਜਾਈ ਦੀਆਂ ਦਿੱਕਤਾਂ ਵਿੱਚ ਵਧੇਰੇ ਵਾਧਾ ਹੋਇਆ ਹੈ। ਹਾਏਵੇਅ ’ਤੇ ਜ਼ਿਆਦਾਤਰ ਸਟ੍ਰੀਟ ਲਾਈਟਾਂ ਦਾ ਵੀ ਕੋਈ ਪ੍ਰਬੰਧ ਨਹੀਂ ਹੁੰਦਾ, ਜਿਸ ਕਰਕੇ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਨੇ ਪਿਛਲੇ ਦਿਨੀਂ ਹੀ ਸ਼ਹਿਰ ਵਿੱਚ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਸੀ। ਅਸਮਾਨੀ ਚੜ੍ਹੇ ਧੂੰਏ ਕਾਰਨ ਪ੍ਰਦੂਸ਼ਣ ਦਾ ਪੱਧਰ ਵੀ ਕਾਫ਼ੀ ਵੱਧ ਗਿਆ ਹੈ। ਸ਼ਹਿਰ ਵਿੱਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਦੀ ਗੱਲ ਕਰੀਏ ਤਾਂ ਵੀਰਵਾਰ ਦੇਰ ਰਾਤ ਇਹ ਪੱਧਰ 400 ਦੇ ਕਰੀਬ ਪੁੱਜ ਗਿਆ ਸੀ। ਦਿਨ ਵੇਲੇ ਵੀ ਇਹ ਪੱਧਰ 160 ਤੋਂ 170 ਦੇ ਵਿਚਾਲ ਰਹਿੰਦਾ ਹੈ। ਜਿਸ ਕਰਕੇ ਲੋਕਾਂ ਨੂੰ ਸਾਹ ਦਿੱਕਤ, ਅੱਖਾਂ ’ਚ ਜਲਨ ਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਸ਼ੁੱਕਰਵਾਰ ਸਵੇਰੇ ਸੂਰਜ ਨਿਕਲਣ ਮਗਰੋਂ ਥੋਡੀ ਰਾਹਤ ਮਿਲੀ ਹੈ ਪਰ ਹਾਲੇ ਵੀ ਵਾਤਾਵਰਨ ਵਿੱਚ ਕੋਈ ਬਹੁਤਾ ਬਦਲਾਅ ਨਹੀਂ ਆਇਆ ਹੈ। ਸ਼ਹਿਰ ਦੇ ਪੱਖੋਵਾਲ ਰੋਡ, ਹੰਬੜਾ ਰੋਡ, ਲਾਡੋਵਾਲ ਅੰਦਰੂਨੀ ਰੋਡ ਵਰਗੀਆਂ ਕਈ ਸੜਕਾਂ ਹਨ, ਜਿਥੇ ਸੜਕਾਂ ’ਤੇ ਲੱਗੀ ਚਿੱਟੀ ਲਾਈਨ ਧੁੰਦਲੀ ਹੋ ਗਈ ਹੈ ਜਿਸ ਕਰਕੇ ਧੁੰਦ ਦੌਰਾਨ ਸੜਕ ਹਾਦਸੇ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਮੌਸਮ ਵਿਭਾਗ ਦੇ ਵਿਗਿਆਨੀ ਡਾ. ਪਵਨਜੀਤ ਕੌਰ ਕਿੰਗਰਾ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੁਣ ਠੰਢ ਵਧੇਗੀ ਤੇ ਧੁੰਦ ਵੀ ਇਸੇ ਤਰ੍ਹਾਂ ਜਾਰੀ ਰਹੇਗੀ।

Advertisement

ਰੇਲ ਗੱਡੀਆਂ ਦੀ ਰਫ਼ਤਾਰ ਵੀ ਹੋਈ ਮੱਧਮ

ਧੁੰਦ ਕਾਰਨ ਸੜਕੀ ਆਵਾਜਾਈ ਦੇ ਨਾਲ ਨਾਲ ਰੇਲ ਆਵਾਜਾਈ ’ਤੇ ਵੀ ਕਾਫ਼ੀ ਅਸਰ ਪਿਆ ਹੈ। ਲੁਧਿਆਣਾ ਰੇਲਵੇ ਸਟੇਸ਼ਨ ਤੋਂ ਵੱਖ ਵੱਖ ਸ਼ਹਿਰਾਂ ਤੇ ਸੂਬਿਆਂ ਵਿੱਚ ਜਾਣ ਵਾਲੀਆਂ ਦਰਜਨ ਭਰ ਰੇਲ ਗੱਡੀਆਂ ਵੀ ਅੱਜ ਆਪਣੇ ਨਿਰਧਾਰਤ ਸਮੇਂ ਤੋਂ ਕਾਫ਼ੀ ਪੱਛੜ ਕੇ ਚੱਲੀਆ ਹਨ। ਰੇਲ ਗੱਡੀਆਂ ਲੇਟ ਹੋਣ ਕਾਰਨ ਇਨ੍ਹਾਂ ਦੇ ਯਾਤਰੀਆਂ ਨੂੰ ਕਈ ਘੰਟੇ ਰੇਲਵੇ ਸਟੇਸ਼ਨਾਂ ’ਤੇ ਬੈਠ ਕੇ ਉਡੀਕ ਕਰਨੀ ਪਈ। ਇੱਕ ਪਾਸੇ ਖਰਾਬ ਮੌਸਮ ਤੇ ਦੂਜੇ ਪਾਸੇ ਪੱਛੜ ਕੇ ਚੱਲ ਰਹੀਆਂ ਰੇਲ ਗੱਡੀਆਂ ਨੇ ਯਾਤਰੀਆਂ ਨੂੰ ਦੋਹਰੀ ਮਾਰ ਪਾਈ ਹੈ। ਰੇਲਵੇ ਵਿਭਾਗ ਵੱਲੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੰਜਾਬ ਅਤੇ ਗੁਆਂਢੀ ਸੂਬਿਆਂ ਵਿੱਚ ਛਾਏ ਇਸ ਧੁੰਦ ਅਤੇ ਧੂੰਏ ਦੇ ਗੁਬਾਰ ਕਾਰਨ ਅੱਜ 15 ਦੇ ਕਰੀਬ ਰੇਲ ਗੱਡੀਆਂ ਆਪਣੇ ਸਮੇਂ ਤੋਂ ਲੇਟ ਚੱਲੀਆਂ। ਇਨ੍ਹਾਂ ਪੱਛੜ ਕੇ ਚੱਲੀਆਂ ਰੇਲ ਗੱਡੀਆਂ ਵਿੱਚ ਸ਼ਤਾਬਦੀ ਵੀ ਸ਼ਾਮਲ ਹੈ। ਯਾਤਰੀਆਂ ਨਾਲ ਗੱਲ ਕਰਨ ’ਤੇ ਪਤਾ ਲੱਗਿਆ ਕਿ ਕੁਝ ਰੇਲਾਂ 15 ਕੁ ਮਿੰਟ ਪੱਛੜ ਕੇ ਸਟੇਸ਼ਨ ’ਤੇ ਪੁੱਜ ਗਈਆਂ ਸਨ ਪਰ ਕੁਝ ਰੇਲ ਗੱਡੀਆਂ ਲਈ ਉਨ੍ਹਾਂ ਨੂੰ ਪੰਜ ਘੰਟੇ ਲੰਮੀ ਉਡੀਕ ਕਰਨੀ ਪਈ ਹੈ।

Advertisement
Advertisement