ਸੂਬੇ ਤੋਂ ਬਾਹਰਲੇ ਝੋਨੇ ਦੀ ਆਮਦ ਖ਼ਿਲਾਫ਼ ਡਟੇ ਕੰਦੂਖੇੜਾ ਵਾਸੀ
ਇਕਬਾਲ ਸਿੰਘ ਸ਼ਾਂਤ
ਲੰਬੀ, 21 ਅਕਤੂਬਰ
ਕਦੇ ਪੰਜਾਬ ਦੀ ‘ਆਨ-ਸ਼ਾਨ’ ਲਈ ਹਰਿਆਣੇ ਦੀ ਪਿੱਠ ਲੁਆਉਣ ਵਾਲੇ ਕੰਦੂਖੇੜਾ ਵਾਸੀ ਇਸ ਵਾਰ ਰਾਜਸਥਾਨੀ ਝੋਨੇ ਦੀ ਗੈਰਕਾਨੂੰਨੀ ਆਮਦ ਖ਼ਿਲਾਫ਼ ਡੱਟ ਗਏ ਹਨ। ਇੱਥੋਂ ਦੇ ਕੰਦੂਖੇੜਾ ਖਰੀਦ ਕੇਂਦਰ ’ਤੇ ਕਿਸਾਨਾਂ ਨੇ ਰਾਜਸਥਾਨੀ ਅਤੇ ਬਾਹਰਲੇ ਪਿੰਡਾਂ ਦਾ ਝੋਨਾ ਖਰੀਦਣ ’ਤੇ ਆੜ੍ਹਤੀਆਂ ਨੂੰ ਇੱਕ ਲੱਖ ਰੁਪਏ ਜੁਰਮਾਨੇ ਦਾ ਮਤਾ ਪਾਸ ਕਰ ਦਿੱਤਾ ਹੈ। ਇਸ ਜੁਰਮਾਨੇ ਵਾਲੇ ਮਤੇ ’ਚ ਗੁਆਂਢੀ ਪਿੰਡ ਢਾਣੀ ਤੇਲਿਆਂਵਾਲੀ ਦੇ ਕਿਸਾਨ ਵੀ ਮੌਜੂਦ ਸਨ। ਕਿਸਾਨਾਂ ਮੁਤਾਬਕ ਝੋਨਾ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਰੀਦ ਕੇਂਦਰ ’ਤੇ ਰਾਜਸਥਾਨੀ ਦੀ ਬੰਪਰ ਆਮਦ ਹੋ ਚੁੱਕੀ ਹੈ। ਉਨ੍ਹਾਂ ਦੇ ਪਿੰਡਾਂ ਵਿੱਚੋਂ ਹਾਲੇ ਤੱਕ ਸਿਰਫ਼ 8-9 ਸੌ ਕੁਇੰਟਲ ਝੋਨਾ ਹੀ ਖਰੀਦ ਕੇਂਦਰ ’ਤੇ ਪੁੱਜਿਆ ਹੈ। ਅਗਲੇ ਦਿਨਾਂ ’ਚ ਉਨ੍ਹਾਂ ਦੇ ਝੋਨੇ ਲਈ ਥਾਂ ਤੱਕ ਨਹੀਂ ਬਚੀ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਰਾਜਸਥਾਨ ਨਾਲ ਖਹਿੰਦੇ ਕੰਦੂਖੇੜਾ ਖਰੀਦ ਕੇਂਦਰ ’ਤੇ ਖਰੀਦ ਏਜੰਸੀਆਂ ਦੀ ਕਥਿਤ ਮਿਲੀਭੁਗਤ ਨਾਲ ਮੁਨਾਫ਼ੇ ਲਈ ਨਿਯਮਾਂ ਨੂੰ ਲਾਂਭੇ ਕਰ ਕੇ ਮੋਟੀ ਕਾਟ ਕੱਟ ਕੇ ਕਰੀਬ 35 ਨਮੀ ਵਾਲਾ ਝੋਨਾ ਵੀ ਖਰੀਦਿਆ ਜਾਂਦਾ ਹੈ। ਸੂਤਰਾਂ ਮੁਤਾਬਕ ਪਿਛਲੇ ਵਰ੍ਹੇ ਝੋਨੇ ਦੀ ਖਾਲੀ-ਭਰੀ ਵਾਲੀ ਬੰਪਰ ਆਮਦ ਦਰਜ ਹੋਣ ਕਰ ਕੇ ਕੰਦੂਖੇੜਾ ਖਰੀਦ ਕੇਂਦਰ ਚਰਚਾ ਵਿੱਚ ਰਿਹਾ ਸੀ। ਜਿਸ ਨੂੰ ਕਥਿਤ ਤੌਰ ’ਤੇ ਨਿਪਟਾ ਦਿੱਤਾ ਗਿਆ ਸੀ। ਉਦੋਂ ਵੀ ਰਾਜਸਥਾਨੀ ਝੋਨੇ ਦੀ ਆਮਦ ਦੇ ਕਥਿਤ ਦੋਸ਼ ਲੱਗੇ ਸਨ। ਹੁਣ ਜੁਰਮਾਨੇ ਦਾ ਮਤਾ ਪਾਉਣ ਮੌਕੇ ਕਿਸਾਨ ਬਖਸ਼ੀਸ਼ ਸਿੰਘ ਵਿਰਕ, ਲਖਵਿੰਦਰ ਸਿੰਘ, ਬਲਵੀਰ ਸਿੰਘ, ਸਰਦੂਲ ਸਿੰਘ, ਗੁਰਜੀਤ ਸਿੰਘ ਤੇ ਸਤਵਿੰਦਰ ਸਿੰਘ ਸਮੇਤ ਕਾਫ਼ੀ ਕਿਸਾਨ ਮੌਜੂਦ ਸਨ। ਕਿਸਾਨ ਮਤੇ ਮੁਤਾਬਕ 15 ਨਵੰਬਰ ਤੱਕ ਪੰਜਾਬ ਦੇ ਦੂਜੇ ਪਿੰਡਾਂ ਦਾ ਝੋਨਾ ਖਰੀਦ ਕੇਂਦਰ ਦੇ ਆੜ੍ਹਤੀਏ ਨਹੀਂ ਲੈ ਸਕਣਗੇ। ਕਿਸਾਨ ਬਖਸ਼ੀਸ਼ ਸਿੰਘ ਵਿਰਕ ਪੁੱਤਰ ਸੁਬੇਗ ਸਿੰਘ ਨੇ ਕਿਹਾ ਕਿ ਕੰਦੂਖੇੜਾ ਖਰੀਦ ਕੇਂਦਰ ‘’ਤੇ ਖੁੱਲ੍ਹੇਆਮ ਰਾਜਸਥਾਨੀ ਝੋਨਾ ਖਾਲੀ-ਭਰੀ ਦੀ ਕਰੀਬ 6-7 ਫ਼ੀਸਦ ਕਾਟ ਨਾਲ ਵਿਕਣ ਆਉਂਦਾ ਹੈ। ਜਿਸਦੀ ਨਮੀ ਤੱਕ ਨੂੰ ਪਰਖਿਆ ਨਹੀਂ ਜਾਂਦਾ। ਇਸ ਗੈਰਕਾਨੂੰਨੀ ਕਾਰਗੁਜਾਰੀ ਵਿੱਚ ਖਰੀਦ ਏਜੰਸੀਆਂ ਵੀ ਵਪਾਰੀਆਂ ਦੇ ਨਾਲ ਰਲੀਆਂ ਹੋਈਆਂ ਹਨ।
ਇੱਕ ਲੱਖ ਰੁਪਏ ਦੇ ਜੁਰਮਾਨੇ ਦਾ ਮਤਾ ਗੈਰਵਾਜਬ: ਆੜ੍ਹਤੀਏ
ਆੜ੍ਹਤੀਏ ਰਾਜਵਿੰਦਰ ਸਿੰਘ ਬਾਠ ਦਾ ਕਹਿਣਾ ਹੈ ਕਿ ਰਾਜਸਥਾਨੀ ਝੋਨੇ ਦੀ ਆਮਦ ਦੇ ਦੋਸ਼ ਬੇਬੁਨਿਆਦ ਹਨ। ਇੱਕ ਲੱਖ ਰੁਪਏ ਜੁਰਮਾਨੇ ਦਾ ਮਤਾ ਵੀ ਗੈਰਵਾਜਬ ਹੈ। ਜਿਹੜਾ ਝੋਨਾ ਖਰੀਦ ਕੇਂਦਰ ਕੰਦੂਖੇੜਾ ’ਚ ਪਿਆ ਹੈ, ਉਹ ਖਰੀਦ ਕੇਂਦਰ ਦੇ ਨੇੜਲੇ ਪਿੰਡਾਂ ਤਰਮਾਲਾ, ਵਜੀਤਪੁਰਾ ਤੇ ਕੰਦੂਖੇੜਾ ਢਾਣੀਆਂ ਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਲ ਆਰਥਿਕ ਲੈਣ-ਦੇਣ ਕਰਕੇ ਦੂਜੇ ਪਿੰਡਾਂ ਦੇ ਕਿਸਾਨਾਂ ਦੀ ਫ਼ਸਲ ਖਰੀਦਣਾ ਉਨ੍ਹਾਂ ਵਾਪਰਕ ਫਰਜ਼ ਅਤੇ ਮਜ਼ਬੂਰੀ ਹੈ, ਉਨ੍ਹਾਂ ਪਿੰਡਾਂ ’ਚ ਖਰੀਦ ਕੇਂਦਰ ਵੀ ਨਹੀਂ ਹਨ।
ਪੰਜਾਬ ’ਚ ਲੈਂਡ ਮੈਪਿੰਗ ਵਾਲਾ ਝੋਨਾ ਵੇਚਿਆ ਜਾ ਸਕਦਾ ਹੈ: ਸਕੱਤਰ
ਮਾਰਕੀਟ ਕਮੇਟੀ ਮਲੋਟ ਦੇ ਸਕੱਤਰ ਅਮਨਦੀਪ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ ’ਚ ਫ਼ਸਲ ਵੇਚਣ ਲਈ ਸਬੰਧਤ ਆੜ੍ਹਤੀਏ ਦੀ ਲੈਂਡ ਮੈਪਿੰਗ ਹੋਣੀ ਲਾਜ਼ਮੀ ਹੈ। ਜੇਕਰ ਕੰਦੂਖੇੜਾ ਖਰੀਦ ਕੇਂਦਰ ’ਤੇ ਰਾਜਸਥਾਨੀ ਝੋਨੇ ਦੀ ਖਰੀਦ ਹੋ ਰਹੀ ਹੈ ਤਾਂ ਉਸ ਦੀ ਜਾਂਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।