ਜੇਟੀਪੀਐੱਲ ਦੇ ਵਸਨੀਕ ਸੰਸਦ ਮੈਂਬਰ ਕੰਗ ਨੂੰ ਮਿਲੇ
ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 3 ਸਤੰਬਰ
‘ਆਪ’ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਗ਼ੈਰਕਾਨੂੰਨੀ/ ਅਣਅਧਿਕਾਰਤ ਕਲੋਨੀਆਂ ਦੀ ਉਸਾਰੀ ਰੋਕਣ ਲਈ ਜਲਦੀ ਹੀ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ ਜੋ ਪੂਰੇ ਪੰਜਾਬ ਵਿੱਚ ਸਖ਼ਤੀ ਨਾਲ ਲਾਗੂ ਹੋਵੇਗਾ। ਇਸ ਦਾ ਨਵੀਆਂ ਕਲੋਨੀਆਂ ਵਿੱਚ ਮਕਾਨ ਖ਼ਰੀਦਣ ਅਤੇ ਆਪਣੇ ਸੁਫ਼ਨਿਆਂ ਦਾ ਘਰ ਬਣਾਉਣ ਵਾਲਿਆਂ ਫ਼ਾਇਦਾ ਹੋਵੇਗਾ।
‘ਆਪ’ ਆਗੂ ਨੇ ਇਹ ਭਰੋਸਾ ਅੱਜ ਲਾਂਡਰਾਂ-ਖਰੜ ਸੜਕ ’ਤੇ ਸਥਿਤ ਜੇਟੀਪੀਐੱਲ ਦੇ ਵਸਨੀਕਾਂ ਨੂੰ ਦਿੱਤਾ। ਪੀੜਤ ਲੋਕਾਂ ਨੇ ਅੱਜ ਮੁਹਾਲੀ ਵਿੱਚ ਪਾਵਰਕੌਮ ਦੇ ਗੈੱਸਟ ਹਾਊਸ ਵਿੱਚ ਕੰਗ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਆਪਣੇ ਘਰਾਂ ਅੱਗੇ ਅਤੇ ਲਾਂਡਰਾਂ ਸੜਕ ਕਿਨਾਰੇ ਖੜ੍ਹੇ ਸੀਵਰੇਜ ਦੇ ਪਾਣੀ ਦੀ ਸਮੱਸਿਆ ਤੋਂ ਜਾਣੂ ਕਰਵਾਇਆ। ਸ੍ਰੀ ਕੰਗ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਸਰਕਾਰ ਹਾਊਸਿੰਗ ਸੁਸਾਇਟੀਆਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੰਜੀਦਗੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਪੀੜਤ ਲੋਕਾਂ ਦੀ ਗੱਲ ਬੜੇ ਧਿਆਨ ਨਾਲ ਸੁਣੀ ਅਤੇ ਐੱਸਡੀਐੱਮ ਖਰੜ ਗੁਰਮੰਦਰ ਸਿੰਘ ਨਾਲ ਫੋਨ ’ਤੇ ਗੱਲ ਕਰ ਕੇ ਉਨ੍ਹਾਂ ਨੂੰ ਸੀਵਰੇਜ ਦੇ ਪਾਣੀ ਦੀ ਨਿਕਾਸ ਦਾ ਤੁਰੰਤ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ।