ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਗੁੱਡਾ ਵਾਸੀ ਪ੍ਰੇਸ਼ਾਨ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 9 ਜੂਨ
ਪਿੰਡ ਗੁੱਡਾ ਵਿੱਚ ਪੀਣ ਵਾਲੇ ਪਾਣੀ ਦੀ ਦੂਸ਼ਿਤ ਸਪਲਾਈ ਕਾਰਨ ਲੋਕ ਪ੍ਰੇਸ਼ਾਨ ਹਨ। ਇਸ ਲਈ ਪਿੰਡ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀ ਰਾਮ ਚੰਦਰ, ਮਾਸਟਰ ਗੁਰਦੀਪ, ਸਾਹਿਲ ਸੈਣੀ, ਗੁਰਦੇਵ, ਰਾਹੁਲ, ਰਘਬੀਰ, ਗੁਰਦਿਆਲ, ਰਾਜ ਬੀਰ, ਸੂਰੀਆ,ਨਵੀਨ, ਕਰਨੈਲ ਦਾ ਕਹਿਣਾ ਹੈ ਕਿ ਪਿੰਡ ਵਿਚ ਪਿਛਲੇ ਕੁਝ ਦਿਨਾਂ ਤੋਂ ਪੀਣ ਵਾਲੇ ਦੂਸ਼ਿਤ ਪਾਣੀ ਦੀ ਸਪਲਾਈ ਤੋਂ ਪਿੰਡ ਵਾਸੀ ਪ੍ਰੇਸ਼ਾਨ ਹਨ। ਇਸ ਨਾਲ ਦਰਜਨ ਪਿੰਡ ਵਾਸੀ ਬੀਮਾਰ ਹਨ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਬੀਮਾਰੀ ਫੈਲਣ ਦਾ ਖਦਸ਼ਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਉਹ ਕਈ ਵਾਰ ਅਧਿਕਾਰੀਆਂ ਨੂੰ ਇਸ ਸੱਮਸਿਆ ਤੋਂ ਜਾਣੂੰ ਕਰਵਾ ਚੁੱਕੇ ਹਨ ਪਰ ਫਿਰ ਵੀ ਸਮੱਸਿਆ ਉਸੇ ਤਰ੍ਹਾਂ ਬਰਕਰਾਰ ਹੈ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਪਾਈਪ ਲਾਈਨ ਦੀ ਤੁਰੰਤ ਜਾਂਚ ਕਰਕੇ ਉਸ ਦੀ ਮੁਰੰਮਤ ਕਰਾਈ ਜਾਏ ਤਾਂ ਜੋ ਪਿੰਡ ਵਾਸੀਆਂ ਨੂੰ ਦੂਸ਼ਿਤ ਪਾਣੀ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ। ਬਲਾਕ ਸਮਿਤੀ ਮੈਂਬਰ ਰਮੇਸ਼ ਪੰਵਾਰ ਦਾ ਕਹਿਣਾ ਹੈ ਕਿ ਪਾਈਪ ਲਾਈਨ ਬਹੁਤ ਪੁਰਾਣੀ ਹੈ।
ਪਿੰਡ ਦੇ ਸਰਪੰਚ ਸੁਰਜੀਤ ਨੇ ਦੱਸਿਆ ਕਿ ਇਸ ਸਬੰਧੀ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਉਹ ਜਲਦੀ ਹੀ ਪਾਈਪ ਲਾਈਨ ਦੀ ਮੁਰੰਮਤ ਕਰਾਉਣ ਦੀ ਗੱਲ ਆਖ ਰਹੇ ਹਨ। ਵਿਭਾਗ ਦੇ ਜੇਈ ਮਹਾਂਵੀਰ ਨੇ ਕਿਹਾ ਕਿ ਜਿਵੇਂ ਹੀ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਤਾਂ ਉਹ ਤੁਰੰਤ ਪਿੰਡ ਵਾਸੀਆਂ ਨੂੰ ਮਿਲੇ ਤੇ ਕਿਹਾ ਕਿ ਜਲਦੀ ਹੀ ਪਾਈਪ ਲਾਈਨ ਦੀ ਜਾਂਚ ਕਰ ਮੁਰੰਮਤ ਕਰਾਈ ਜਾਏਗੀ।