ਗਰੀਨ ਸਿਟੀ ਕਲੋਨੀ ਦੇ ਵਾਸੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ
ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 7 ਜੁਲਾਈ
ਗਰੀਨ ਸਿਟੀ ਕਲੋਨੀ ਦਿੜ੍ਹਬਾ ਦੇ ਵਾਸੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਕਲੋਨੀ ਵਾਸੀਆਂ ਨੇ ਦੱਸਿਆ ਕਿ ਕਲੋਨੀ ਵਿੱਚ ਸੀਵਰੇਜ ਦਾ ਮੰਦਾ ਹਾਲ ਹੈ, ਪੀਣ ਵਾਲਾ ਪਾਣੀ ਡੂੰਘਾ ਹੋਣ ਕਾਰਨ ਮੋਟਰਾਂ ਵੀ ਪਾਣੀ ਛੱਡ ਰਹੀਆਂ ਹਨ ਜਦੋਂ ਕਿ ਕਲੋਨੀ ਵਿੱਚ ਵਾਟਰ ਵਰਕਸ ਮੌਜੂਦ ਹੈ ਪਰ ਕੁਨੈਕਸ਼ਨ ਕੱਟਿਆ ਹੋਇਆ ਹੈ, ਸੜਕਾਂ ਦੀ ਸਫਾਈ ਅਤੇ ਸਟਰੀਟ ਲਾਈਟਾਂ ਦਾ ਪ੍ਰਬੰਧ ਅਤੇ ਰਾਤ ਦੇ ਚੌਕੀਦਾਰ ਦਾ ਪ੍ਰਬੰਧ ਵੀ ਕਲੋਨੀ ਵਾਸੀਆਂ ਨੇ ਕੀਤਾ ਹੋਇਆ ਹੈ। ਕਲੋਨੀ ਵਿੱਚੋਂ ਦੀ ਗੁਰਦੁਆਰਾ ਬੈਰਸੀਆਣਾ ਅਤੇ ਬੈਰਸੀਆਣਾ ਚੈਰੀਟੇਬਲ ਹਸਪਤਾਲ ਨੂੰ ਜਾਂਦੀ ਜਿੱਥੇ ਦਿਨ ਰਾਤ ਸਰਧਾਲੂਆਂ ਅਤੇ ਹਸਪਤਾਲ ਲਈ ਮਰੀਜ਼ਾਂ ਦਾ ਆਉਣਾ ਜਾਣਾ ਰਹਿਦਾ ਹੈ ਪਰ ਸੜਕ ਦੀ ਹਾਲਤ ਏਨੀ ਖਸਤਾ ਹੈ ਕਿ ਬਰਸਾਤਾਂ ਦੌਰਾਨ ਪਾਣੀ ਨਾਲ ਭਰ ਜਾਂਦੀ ਹੈ ਜਿਸ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ।
ਇਸ ਸਬੰਧੀ ਨਗਰ ਪੰਚਾਇਤਾ ਦਿੜ੍ਹਬਾ ਦੇ ਕਾਰਜਸਾਧਕ ਅਫਸਰ ਨੇ ਦੱਸਿਆ ਕਿ ਕਲੋਨੀ ਪ੍ਰਵਾਨਿਤ ਨਾ ਹੋਣ ਕਾਰਨ ਉਕਤ ਸਹੂਤਲਾਂ ਨਹੀਂ ਦੇ ਸਕਦੇ। ਉਧਰ ਇਸ ਸਬੰਧੀ ਦਿੜ੍ਹਬਾ ਹਲਕੇ ਦੇ ਵਿਧਾਇਕ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਹੈ ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਕੋਈ ਅਮਲ ਨਹੀਂ ਹੋਇਆ। ਕਲੋਨੀ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਲੋਨੀ ਵਾਸੀਆਂ ਨੂੰ ਬਣਦੀਆਂ ਸਾਰੀਆਂ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣ।