ਸੜਕ ’ਤੇ ਭਰੇ ਪਾਣੀ ਕਾਰਨ ਧਨਾਨੀ ਵਾਸੀ ਪ੍ਰੇਸ਼ਾਨ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 31 ਜੁਲਾਈ
ਪਿੰਡ ਧਨਾਨੀ ਨੂੰ ਜਾਣ ਵਾਲੀ ਮੁੱਖ ਸੜਕ ’ਤੇ 12 ਮਹੀਨੇ ਗੰਦਾ ਪਾਣੀ ਭਰਿਆ ਰਹਿਣ ਕਾਰਨ ਪਿੰਡ ਦੇ ਲੋਕਾਂ ਨੂੰ ਕਈ ਤਰਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੜਕ ’ਤੇ ਆਂਗਨਵਾੜੀ ਕੇਂਦਰ ਤੇ ਪ੍ਰਾਇਮਰੀ ਸਕੂਲ ਹੋਣ ਕਾਰਨ ਬੱਚਿਆਂ ਨੂੰ ਗੰਦੇ ਪਾਣੀ ਵਿੱਚੋਂ ਲੰਘ ਕੇ ਸਕੂਲ ਜਾਣਾ ਪੈਂਦਾ ਹੈ। ਪਿੰਡ ਦਾ ਮੰਦਿਰ ਵੀ ਇਸੇ ਸੜਕ ’ਤੇ ਹੋਣ ਕਾਰਨ ਸਵੇਰੇ ਤੇ ਸ਼ਾਮ ਦੇ ਸਮੇਂ ਮੰਦਿਰ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਗੰਦੇ ਪਾਣੀ ਕਰਕੇ ਪ੍ਰੇਸ਼ਾਨੀ ਹੁੰਦੀ ਹੈ। ਪਿੰਡ ਦੇ ਵਿਚਕਾਰ ਸੜਕ ਹੋਣ ਕਰ ਕੇ ਸੜਕ ’ਤੇ ਭਰੇ ਗੰਦੇ ਪਾਣੀ ਵਿੱਚ ਮੱਛਰ, ਮੱਖੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਇਸ ਨਾਲ ਪਿੰਡ ਵਿੱਚ ਮਲੇਰੀਆ, ਡੇਂਗੂ ਜਿਹੀਆਂ ਬਿਮਾਰੀਆਂ ਫੈਲਣ ਦਾ ਵੀ ਖਦਸ਼ਾ ਹੈ। ਪਿੰਡ ਦੇ ਸਰਪੰਚ ਸੁਖ ਸ਼ਿਆਮ ਸੈਣੀ ਤੋਂ ਇਲਾਵਾ ਧਰਮ ਪਾਲ, ਜੈ ਕੁਮਾਰ, ਚੰਦਰ ਮੋਹਨ, ਗੁਰਮੇਜ, ਕੁਲਦੀਪ, ਗੁਰਦੇਵ ਆਦਿ ਨੇ ਲੋਕ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਪਿੰਡ ਦੀ ਮੁੱਖ ਸੜਕ ਨੂੰ ਉੱਚਾ ਚੁੱਕ ਕੇ ਮੁੜ ਬਣਾਇਆ ਜਾਏ ਤੋਂ ਜੋ ਲੋਕਾਂ ਨੂੰ ਗੰਦੇ ਪਾਣੀ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ। ਅੱਜ ਪਿੰਡ ਵਿੱਚ ਸੜਕ ’ਤੇ ਭਰੇ ਗੰਦੇ ਪਾਣੀ ਨੂੰ ਦਿਖਾਉਂਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਸੜਕ ਦੇ ਦੋਵੇਂ ਪਾਸੇ ਮਕਾਨ ਬਣ ਜਾਣ ਕਰ ਕੇ ਸੜਕ ਨੀਵੀਂ ਹੋ ਗਈ ਹੈ, ਜਿਸ ਕਰ ਕੇ ਬਿਨਾਂ ਬਰਸਾਤ ਵੀ ਹਰ ਸਮੇਂ ਸੜਕ ’ਤੇ ਪਾਣੀ ਭਰਿਆ ਰਹਿੰਦਾ ਹੈ। ਇਸ ਕਰਕੇ ਹਰ ਆਉਣ ਜਾਣ ਵਾਲੇ ਨੂੰ ਗੰਦੇ ਪਾਣੀ ’ਚੋਂ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਨਾਲ ਛੋਟੇ ਬੱਚਿਆਂ ਨੂੰ ਚਮੜੀ ਨਾਲ ਸਬੰਧਤ ਬਿਮਾਰੀਆਂ ਹੋਣ ਲੱਗੀਆਂ ਹਨ। ਲੋਕਾਂ ਦਾ ਕਹਿਣਾ ਹੈ ਉਨਾਂ ਦੇ ਪਿੰਡ ਦੀ ਇਸ ਮੁੱਖ ਸੜਕ ਨੂੰ ਉੱਚਾ ਚੁੱਕਿਆ ਜਾਏ ਤਾਂ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲ ਸਕਦੀ ਹੈ। ਪਿੰਡ ਦੇ ਲੋਕਾਂ ਨੇ ਸੂਬੇ ਦੇ ਮੁੱਖ ਮੰਤਰੀ ਸਣੇ ਡਿਪਟੀ ਕਮਿਸ਼ਨਰ ਕੁਰੂਕਸ਼ੇਤਰ ਨੂੰ ਗੁਹਾਰ ਲਾਈ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਨੀਵੀਂ ਸੜਕ ਹੋਣ ਦੇ ਕਾਰਨ ਫੈਲ ਰਹੀ ਗੰਦਗੀ ਤੋਂ ਉਨ੍ਹਾਂ ਨੂੰ ਛੁਟਕਾਰਾ ਦਿਵਾਇਆ ਜਾਏ।