ਚੋਰੀਆਂ ਤੇ ਝਪਟਮਾਰੀਆਂ ਤੋਂ ਸਿਟੀ ਬਿਊਟੀਫੁੱਲ ਵਾਸੀ ਪ੍ਰੇਸ਼ਾਨ
ਆਤਿਸ਼ ਗੁਪਤਾ
ਚੰਡੀਗੜ੍ਹ, 21 ਸਤੰਬਰ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੀ ਪੁਲੀਸ ਟਰੈਫਿਕ ਨਿਯਮਾਂ ਦੀ ਪਾਲਣਾ ਵਿੱਚ ਦੇਸ਼ ਭਰ ਵਿੱਚ ਲੋਹਾ ਮਨਵਾਉਣ ਵਿੱਚ ਮੌਹਰੀ ਰਹਿ ਰਹੀ ਹੈ, ਪਰ ਉੱਥੇ ਹੀ ਸ਼ਹਿਰ ਵਿੱਚ ਚੋਰੀਆਂ ਤੇ ਝਪਟਮਾਰੀ ਦੀਆਂ ਘਟਨਾਵਾਂ ਕਾਰਨ ਲੋਕ ਪ੍ਰੇਸ਼ਾਨ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਪਿਛਲੇ ਇਕ ਹਫ਼ਤੇ ’ਚ ਚੋਰੀ ਦੀਆਂ 7, ਝਪਟਮਾਰੀ ਦੀਆਂ 4 ਅਤੇ ਖੋਹ ਦੀ ਇਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਵਿੱਚੋਂ ਪੁਲੀਸ ਸਿਰਫ਼ ਖੋਹ ਕਰਨ ਵਾਲੇ ਦੋ ਨੌਜਵਾਨਾਂ ਨੂੰ ਹੀ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬ ਹੋ ਸਕੀ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਚੋਰ ਸੈਕਟਰ-46 ਵਿੱਚ ਸਥਿਤ ਘਰ ਵਿੱਚੋਂ ਪਾਣੀ ਦਾ ਮੀਟਰ ਤੱਕ ਚੋਰੀ ਕਰਕੇ ਫਰਾਰ ਹੋ ਗਏ ਹਨ। ਇਹ ਘਰ ਅਰੁਣ ਕੁਮਾਰ ਵਾਸੀ ਸੈਕਟਰ-46 ਡੀ ਦਾ ਹੈ, ਜਿਸ ਨੇ ਥਾਣਾ ਸੈਕਟਰ-34 ਦੀ ਪੁਲੀਸ ਨੂੰ ਸ਼ਿਕਾਇਤ ਕਰ ਦਿੱਤੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਕੋਈ ਉਸ ਦੇ ਘਰ ਵਿੱਚੋਂ ਪਾਣੀ ਦਾ ਮੀਟਰ ਚੋਰੀ ਕਰਕੇ ਫਰਾਰ ਹੋ ਗਿਆ ਹੈ। ਥਾਣਾ ਸੈਕਟਰ-34 ਦੀ ਪੁਲੀਸ ਨੇ ਉਕਤ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ 17 ਸਤੰਬਰ ਨੂੰ ਚੋਰੀ ਦੇ 3, 16 ਨੂੰ 1 ਅਤੇ 12 ਸਤੰਬਰ ਨੂੰ 2 ਕੇਸ ਦਰਜ ਹਨ। ਇਸ ਤੋਂ ਇਲਾਵਾ 16 ਸਤੰਬਰ ਨੂੰ ਸ਼ਹਿਰ ਵਿੱਚ ਤਿੰਨ ਥਾਵਾਂ ’ਤੇ ਝਪਟਮਾਰਾਂ ਨੇ ਔਰਤਾਂ ਨੂੰ ਸ਼ਿਕਾਰ ਬਣਾਇਆ ਹੈ। ਇਸ ਦੌਰਾਨ ਸੈਕਟਰ-7 ਵਿੱਚੋਂ ਇਕ ਨੌਜਵਾਨ ਔਰਤ ਦੀ ਚੇਨ ਝਪਟ ਕੇ ਫਰਾਰ ਹੋ ਗਿਆ। ਦੂਜੇ ਪਾਸੇ ਸੈਕਟਰ-40 ਵਿੱਚੋਂ ਸਕੂਟਰ ਸਵਾਰ ਨੌਜਵਾਨ ਇਕ ਔਰਤ ਦਾ ਪਰਸ ਅਤੇ ਤੀਜੀ ਘਟਨਾ ਵਿੱਚ ਸੈਕਟਰ-38 ਵਿੱਚੋਂ ਘਰ ਦੇ ਨਜ਼ਦੀਕ ਤੋਂ ਹੀ ਐਕਟਿਵਾ ਸਵਾਰ ਨੌਜਵਾਨ ਇਕ ਔਰਤ ਦਾ ਪਰਸ ਝਪਟ ਕੇ ਫਰਾਰ ਹੋ ਗਏ ਹਨ। ਚੰਡੀਗੜ੍ਹ ਪੁਲੀਸ ਵੱਲੋਂ ਉਕਤ ਘਟਨਾਵਾਂ ਸਬੰਧੀ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਖੋਹ ਦੀ ਵਾਰਦਾਤ ’ਚ ਸ਼ਾਮਲ ਦੋ ਨਾਬਾਲਗਾਂ ਸਣੇ ਚਾਰ ਕਾਬੂ
ਜ਼ੀਰਕਪੁਰ (ਹਰਜੀਤ ਸਿੰਘ): ਢਕੌਲੀ ਪੁਲੀਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਦੋ ਨਾਬਾਲਗਾਂ ਸਣੇ ਚਾਰ ਸਨੈਚਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਇਕ ਮੋਟਰਸਾਈਕਲ ਅਤੇ ਖੋਹ ਕੀਤਾ ਗਿਆ ਮੋਬਾਈਲ ਫੋਨ ਬਰਾਮਦ ਕੀਤਾ ਹੈ। ਡੀਐਸਪੀ ਸਬ-ਡਿਵੀਜ਼ਨ ਜ਼ੀਰਕਪੁਰ ਜਸਪਿੰਦਰ ਸਿੰਘ ਨੇ ਦੱਸਿਆ ਕਿ 12 ਸਤੰਬਰ ਨੂੰ ਸੂਚਨਾ ਮਿਲੀ ਸੀ ਕਿ ਢਕੌਲੀ ਖੇਤਰ ਵਿੱਚ ਪੈਂਦੇ ਡੀਪੀਐੱਸ ਸਕੂਲ ਦੇ ਨੇੜੇ ਤੋਂ ਰਾਹੁਲ ਨਰਵਾਲ ਕੋਲੋਂ ਦੋ ਮੋਟਰਸਾਈਕਲਾਂ ’ਤੇ ਸਵਾਰ 4 ਅਣਪਛਾਤੇ ਸਨੈਚਰਾ ਵੱਲੋਂ ਇਕ ਮੋਬਈਲ ਫੋਨ ਖੋਹਿਆ ਗਿਆ ਸੀ। ਜਿਸ ’ਤੇ ਰਾਹੁਲ ਨਰਵਾਲ ਦੇ ਬਿਆਨ ’ਤੇ 4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਮਾਮਲੇ ਦੀ ਜਾਂਚ ਕੀਤੀ ਗਈ ਸੀ। ਮਾਮਲੇ ਦੀ ਤਫ਼ਤੀਸ਼ ਦੌਰਾਨ ਐੱਸਐੱਚਓ ਢਕੌਲੀ ਗੁਰਮੇਹਰ ਸਿੰਘ ਦੀ ਟੀਮ ਵੱਲੋਂ ਚਾਰ ਸਨੈਚਰਾਂ ਦੀ ਪਛਾਣ ਕੀਤੀ ਗਈ ਜਿਨ੍ਹਾਂ ਵਿੱਚੋਂ ਦੋ ਮੁਲਜ਼ਮ ਵਿਕਾਸ ਨੌਸ਼ਾਦ ਵਾਸੀ ਅਸ਼ੀਰਵਾਦ ਸੁਸਾਇਟੀ ਨੇੜੇ ਸਰਕਾਰੀ ਸਕੂਲ ਬਿਸ਼ਨਪੁਰਾ ਅਤੇ ਦਵਿੰਦਰ ਸ਼ਾਹੂ ਉਰਫ਼ ਦੇਵ ਵਾਸੀ ਦਸਮੇਸ਼ ਨਗਰ ਬਿਸ਼ਨਪੁਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕਾਬੂ ਕੀਤੇ ਚਾਰ ਮੁਲਜ਼ਮਾਂ ਵਿੱਚੋਂ ਦੋ ਮੁਲਜ਼ਮ ਨਾਬਾਲਗ ਹਨ। ਤਫਤੀਸ਼ ਦੌਰਾਨ ਮੁਲਜ਼ਮਾਂ ਕੋਲੋਂ ਖੋਹ ਕੀਤਾ ਫੋਨ ਅਤੇ ਉਸ ਤੋਂ ਇਲਾਵਾ ਸੈਮਸੰਗ ਦਾ ਫੋਨ, ਇਕ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਵਾਰਦਾਤ ’ਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਚਾਰੇ ਮੁਲਜ਼ਮਾਂ ਨੂੰ ਐਤਵਾਰ ਨੂੰ ਅਦਾਲਤ ਵਿੱਚ ਪੇਸ਼ ਅਦਾਲਤ ਕਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।