ਰਾਖਵੀਂ ਸੀਟ ਮਿਲਣ ਤੋਂ ਨਰਾਜ਼ ਹੋਏ ਬਿਗੜਵਾਲ ਵਾਸੀ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 27 ਸਤੰਬਰ
ਨੇੜਲੇ ਪਿੰਡ ਬਿਗੜਵਾਲ ਦੀ ਸਰਪੰਚੀ ਦੇ ਰਾਖਵਾਂਕਰਨ ਦਾ ਮਸਲਾ ਇਸ ਕਦਰ ਭਖ਼ ਗਿਆ ਹੈ ਕਿ ਪਿੰਡ ਵਾਸੀਆਂ ਨੇ ਪੰਚਾਇਤੀ ਚੋਣਾਂ ‘ਆਪ’ ਦਾ ਮੁਕੰਮਲ ਤੌਰ ’ਤੇ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉਕਤ ਪਿੰਡ ਵਾਸੀਆਂ ਨੇ ਪਿੰਡ ਬਿਗੜਵਾਲ ਨੂੰ ਐੱਸਸੀ ਕੋਟੇ ’ਚੋਂ ਕੱਢ ਕੇ ਜਨਰਲ ਕਰਨ ਲਈ ਬੀਤੇ ਕੱਲ੍ਹ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ ਵੀ ਲਾਇਆ ਸੀ ਪਰ ਗੱਲ ਕਿਸੇ ਸਿਰੇ ਨਹੀਂ ਸੀ ਚੜ੍ਹ ਸਕੀ। ਇਸ ਮਸਲੇ ਸਬੰਧੀ ਅੱਜ ਫਿਰ ਪਿੰਡ ਵਾਸੀ ਇਕੱਠੇ ਹੋ ਕੇ ਕੈਬਨਿਟ ਮੰਤਰੀ ਦੀ ਕੋਠੀ ਆਏ ਸਨ ਪਰ ਆਪਣੀ ਮੰਗ ਨਾਂ ਪੂਰੀ ਹੁੰਦੀ ਵੇਖ ਉਨ੍ਹਾਂ ਪੰਚਾਇਤੀ ਚੋਣਾਂ ਤੇ ਆਮ ਆਦਮੀ ਪਾਰਟੀ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ। ਇਸ ਵੇਲੇ ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਵਾਸੀਆਂ ਨੇ ਇਕੱਠ ਕਰ ਕੇ ਜਨਰਲ ਵਰਗ ਨਾਲ ਸਬੰਧਤ ਨੌਜਵਾਨ ਰਮਨਪ੍ਰੀਤ ਸਿੰਘ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣ ਲਿਆ ਸੀ। ਪਿਛਲੇ ਦਸ ਸਾਲਾਂ ਤੋਂ ਪਿੰਡ ਬਿਗੜਵਾਲ ਦਾ ਸਰਪੰਚ ਐੱਸਸੀ ਕੋਟੇ ਲਈ ਰਾਖਵਾਂ ਰੱਖਿਆ ਹੋਇਆ ਸੀ ਤੇ ਪਿੰਡ ਵਾਸੀਆਂ ਨੂੰ ਉਮੀਦ ਸੀ ਕਿ ਇਸ ਵਾਰ ਪਿੰਡ ਜਨਰਲ ਵਰਗ ਦੀ ਸਰਪੰਚੀ ਲਈ ਰੱਖਿਆ ਜਾਵੇਗਾ ਪਰ ਪਿੰਡ ਨੂੰ ਮੁੜ ਐੱਸਸੀ ਕੋਟੇ ਲਈ ਰਾਖਵਾਂ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਕ ਪਾਸੇ ‘ਆਪ’ ਸਰਕਾਰ ਪਿੰਡ ਵਿੱਚ ਸਰਪੰਚੀ ਲਈ ਸਰਬਸੰਮਤੀ ਬਣਾਉਣ ਦੀਆਂ ਸਲਾਹਾਂ ਦੇ ਰਹੀ ਹੈ ਤੇ ਦੂਜੇ ਪਾਸੇ ਪਿੰਡ ਵਿੱਚ ਬਣੀ ਬਣਾਈ ਸਰਬਸੰਮਤੀ ਨੂੰ ਰੱਦ ਕਰ ਕੇ ਬੇਲੋੜੀ ਚੋਣ ਦਾ ਅਖਾੜਾ ਬਣਾਇਆ ਜਾ ਰਿਹਾ ਹੈ। ਇਸ ਮੌਕੇ ਸਮੁੱਚੇ ਪਿੰਡ ਨੇ ਫੈਸਲਾ ਕੀਤਾ ਹੈ ਕਿ ਪੰਚਾਇਤੀ ਚੋਣਾਂ ਅਤੇ ਆਮ ਆਦਮੀ ਪਾਰਟੀ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ।