ਭਾਂਖਰਪੁਰ ਵਾਸੀਆਂ ਨੇ ਓਵਰਪਾਸ ਦਾ ਕੀਤਾ ਵਿਰੋਧ
ਹਰਜੀਤ ਸਿੰਘ
ਡੇਰਾਬੱਸੀ, 31 ਮਾਰਚ
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਵੱਲੋਂ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਜਾਮ ਦੀ ਸਮੱਸਿਆ ਦੇ ਹੱਲ ਲਈ ਪਿੰਡ ਭਾਂਖਰਪੁਰ ਵਿੱਚ ਟਰੈਫਿਕ ਲਾਈਟਾਂ ’ਤੇ ਉਸਾਰੇ ਜਾ ਰਹੇ ਓਵਰਪਾਸ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ ਸ਼ੁਰੂ ਹੋ ਗਿਆ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਐੱਨਐੱਚਏਆਈ ਇਸ ਓਵਰਪਾਸ ਨੂੰ ਟਰੈਫਿਕ ਲਾਈਟਾਂ ਦੇ ਉੱਪਰ ਉਸਾਰਨ ਦੀ ਥਾਂ ਇਸ ਤੋਂ ਥੋੜੀ ਦੂਰ ਉਸਾਰ ਰਹੇ ਹਨ, ਜਿਸ ਦਾ ਪਿੰਡ ਵਾਸੀਆਂ ਨੂੰ ਕੋਈ ਫਾਇਦਾ ਨਹੀਂ ਹੋਣਾ। ਇਸ ਸਮੱਸਿਆ ਸਬੰਧੀ ਪਿੰਡ ਵਾਸੀ ਐੱਸਡੀਐੱਮ ਹਿਮਾਂਸ਼ੂ ਗੁਪਤਾ ਨੂੰ ਵੀ ਮਿਲੇ ਸੀ, ਜਿਨ੍ਹਾਂ ਐੱਨਐੱਚਏਆਈ ਦੇ ਅਧਿਕਾਰੀਆਂ ਨੂੰ ਸਮੱਸਿਆ ਦਾ ਹੱਲ ਕੱਢਣ ਦੀ ਹਦਾਇਤ ਕੀਤੀ ਹੈ। ਪਿੰਡ ਵਾਸੀਆਂ ਨੇ ਐੱਸਡੀਐੱਮ ਨੂੰ ਲਿਖਤੀ ਸ਼ਿਕਾਇਤ ਵਿੱਚ ਕਿਹਾ ਕਿ ਐੱਨਐੱਚਏਆਈ ਵੱਲੋਂ ਇਸ ਸੜਕ ਨੂੰ ਚਹੁੰ-ਮਾਰਗੀ ਕਰਨ ਦੌਰਾਨ ਅੰਬਾਲਾ ਕਾਲਕਾ ਰੇਲਵੇ ਲਾਈਨ ’ਤੇ ਰੇਲਵੇ ਓਵਰਬ੍ਰਿਜ ਉਸਾਰਿਆ ਗਿਆ ਸੀ। ਇਸ ਦੌਰਾਨ ਐੱਨਐੱਚਏਆਈ ਵੱਲੋਂ ਪਿੰਡ ਭਾਂਖਰਪੁਰ ਵਿੱਚ ਓਵਰਪਾਸ ਬਣਾਉਣ ਦੀ ਕੌਮੀ ਸ਼ਾਹਰਾਹ ’ਤੇ ਟਰੈਫਿਕ ਲਾਈਟਾਂ ਲਾ ਦਿੱਤੀਆਂ ਗਈਆਂ। ਸਿੱਟੇ ਵਜੋਂ ਪਿੰਡ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਪਿੰਡ ਦੀ ਵਸੋਂ ਇੱਕ ਪਾਸੇ ਅਤੇ ਪਿੰਡ ਦਾ ਗੁਰਦੁਆਰਾ ਸਾਹਿਬ ਅਤੇ ਸਰਕਾਰੀ ਸਕੂਲ ਦੂਜੇ ਪਾਸੇ ਸਥਿਤ ਸੀ। ਰੋਜ਼ਾਨਾ ਪਿੰਡ ਵਾਸੀਆਂ ਨੂੰ ਗੁਰਦੁਆਰਾ ਸਾਹਿਬ ਅਤੇ ਬੱਚਿਆਂ ਨੂੰ ਸਕੂਲ ਜਾਣ ਲਈ ਨੈਸ਼ਨਲ ਹਾਈਵੇਅ ਪਾਰ ਕਰਨਾ ਪੈਂਦਾ ਸੀ। ਇਸ ਦੌਰਾਨ ਇਥੇ ਸੈਂਕੜੇ ਹਾਦਸੇ ਵਾਪਰੇ। ਲੰਮੇ ਸਮੋਂ ਤੋਂ ਪਿੰਡ ਵਾਸੀ ਇਥੇ ਓਵਰਪਾਸ ਬਣਾਉਣ ਦੀ ਮੰਗ ਕਰ ਰਹੇ ਹਨ। ਹੁਣ ਐੱਨਐੱਚਏਆਈ ਵੱਲੋਂ ਇੱਥੇ ਓਵਰਪਾਸ ਦੀ ਉਸਾਰੀ ਤਾਂ ਸ਼ੁਰੂ ਕਰ ਦਿੱਤੀ ਹੈ ਪਰ ਉਹ ਗਲਤ ਥਾਂ ’ਤੇ ਉਸਾਰਿਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਇਹ ਓਵਰਪਾਸ ਟਰੈਫਿਕ ਲਾਈਟਾਂ ਤੋਂ ਕਾਫੀ ਅੱਗੇ ਜ਼ੀਰਕਪੁਰ ਵਾਲੇ ਪਾਸੇ ਬਣਾਇਆ ਜਾ ਰਿਹਾ ਹੈ ਜਿਸ ਦਾ ਪਿੰਡ ਵਾਸੀਆਂ ਨੂੰ ਕੋਈ ਫਾਇਦਾ ਨਹੀਂ ਹੋਏਗਾ ਅਤੇ ਲੋਕ ਪਹਿਲਾਂ ਵਾਂਗ ਗਲਤ ਦਿਸ਼ਾ ਤੋਂ ਜਾਣ ਲਈ ਮਜਬੂਰ ਹੋਣਗੇ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਇਹ ਓਵਰਪਾਸ ਪਿੰਡ ਈਸਾਪੁਰ ਅਤੇ ਤ੍ਰਿਵੇਦੀ ਕੈਂਪ ਨੂੰ ਜਾਣ ਵਾਲੀ ਸੜਕ ਦੇ ਚੁਰਸਤੇ ਵਿਚਕਾਰ ਉਸਾਰਿਆ ਜਾਣਾ ਚਾਹੀਦਾ ਹੈ।
ਐੱਸਡੀਐੱਮ ਹਿਮਾਂਸ਼ੂ ਗੁਪਤਾ ਨੇ ਐੱਨਐੱਚਏਆਈ ਦੇ ਅਧਿਕਾਰੀਆਂ ਨੂੰ ਬੁਲਾ ਕੇ ਪਿੰਡ ਵਾਸੀਆਂ ਨਾਲ ਮੀਟਿੰਗ ਕਰਵਾ ਇਸ ਦਾ ਹੱਲ ਕੱਢਣ ਲਈ ਉਪਰਾਲਾ ਸ਼ੁਰੂ ਕਰ ਦਿੱਤਾ ਹੈ।