For the best experience, open
https://m.punjabitribuneonline.com
on your mobile browser.
Advertisement

ਭਗਤਸਿੰਘਪੁਰਾ ਦੇ ਵਾਸੀ

08:18 AM Jan 07, 2024 IST
ਭਗਤਸਿੰਘਪੁਰਾ ਦੇ ਵਾਸੀ
Advertisement

ਸਵਰਾਜਬੀਰ

ਇਹ 23 ਮਾਰਚ 1932 ਦਾ ਦਿਨ ਸੀ। ਥਾਂ ਲਾਹੌਰ, ਰਾਜ ਅੰਗਰੇਜ਼ ਦਾ। ਭਰੇ ਬਾਜ਼ਾਰ ਵਿਚ ਪੰਜਾਬ ਦਾ ਸ਼ਾਇਰ ਮੇਲਾ ਰਾਮ ਤਾਇਰ ਟਾਂਗੇ ’ਤੇ ਖੜ੍ਹਾ ਹੋਇਆ ਤੇ ਉਸ ਨੇ ਭਗਤ ਸਿੰਘ ਦੀ ਘੋੜੀ ਗਾਉਣੀ ਸ਼ੁਰੂ ਕੀਤੀ। ਇਹ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦਾ ਪਹਿਲਾ ਸ਼ਹੀਦੀ ਦਿਵਸ ਸੀ। ਘੋੜੀ ਦੇ ਬੋਲ ਸਨ:
ਆਓ ਨੀ ਭੈਣੋਂ ਰਲ ਗਾਵੀਏ ਘੋੜੀਆਂ,
ਜੰਞ ਤਾਂ ਹੋਈ ਤਿਆਰ ਵੇ ਹਾਂ।
ਮੌਤ ਕੁੜੀ ਨੂੰ ਪ੍ਰਣਾਵਣ ਚੱਲਿਆ,
ਭਗਤ ਸਿੰਘ ਸਰਦਾਰ ਵੇ ਹਾਂ।
ਫਾਂਸੀ ਦੀ ਟੋਪੀ ਵਾਲਾ ਮੁਕਟ ਬਣਾ ਕੇ,
ਸਿਹਰਾ ਤਾਂ ਬੱਧਾ ਝਾਲਰਦਾਰ ਵੇ ਹਾਂ।
ਭਾਰਤ ਮਾਤਾ ਉੱਤੋਂ ਚੰਦਾ ਚਾ ਕੀਤਾ,
ਪਾਣੀ ਤਾਂ ਪੀਤਾ ਉੱਤੋਂ ਵਾਰ ਵੇ ਹਾਂ।
ਹੰਝੂਆਂ ਦੇ ਪਾਣੀ ਨਾਲ ਭਰ ਕੇ ਘੜੋਲੀ,
ਲਹੂ ਦੀ ਰਾਖੀ ਮੌਲੀ ਤਾਰ ਵੇ ਹਾਂ।
ਖ਼ੂਨੀ ਮਹਿੰਦੀ ਚਾ ਤੈਨੂੰ ਲਾਈ ਫਿਰੰਗੀਆਂ,
ਹੱਥਕੜੀਆਂ ਦਾ ਗਾਨਾ ਤਿਆਰ ਵੇ ਹਾਂ।
ਫਾਂਸੀ ਦੇ ਤਖ਼ਤੇ ਨੂੰ ਖਾਰਾ ਬਣਾ ਕੇ,
ਬੈਠਾ ਤਾਂ ਚੌਂਕੜੀ ਮਾਰ ਵੇ ਹਾਂ।
ਤੇ ਫਿਰ ਇਸ ਘੋੜੀ ਨੇ ਕਈ ਰੂਪ ਵਟਾਏ। ਘੋੜੀਆਂ ਲਿਖਣ/ਗਾਉਣ ਵਾਲਿਆਂ ਨੇ ਮਹਾਤਮਾ ਗਾਂਧੀ ਨੂੰ ਉਸ ਦਾ ਧਰਮੀ ਬਾਬਲ ਕਿਹਾ ਤੇ ਹਰੀ ਕ੍ਰਿਸ਼ਨ, ਜਿਸ ਨੂੰ ਭਗਤ ਸਿੰਘ ਤੋਂ ਪਹਿਲਾਂ ਪੰਜਾਬ ਦੇ ਗਵਰਨਰ ’ਤੇ ਗੋਲੀ ਚਲਾਉਣ ਲਈ ਫਾਂਸੀ ’ਤੇ ਚੜ੍ਹਾਇਆ ਗਿਆ ਸੀ, ਨੂੰ ਉਸ ਦਾ ਸਾਂਢੂ ਕਿਹਾ, ਰਾਜਗੁਰੂ ਤੇ ਸੁਖਦੇਵ ਨੂੰ ਸਰਬਾਲੇ ਬਣਾਇਆ ਅਤੇ ਸਤਲੁਜ ਨੂੰ ਉਸ ਦੇ ਵਿਆਹ ਦੀ ਵੇਦੀ ਕਿਹਾ (ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੇਣ ਤੋਂ ਬਾਅਦ ਅੰਗਰੇਜ਼ ਹਕੂਮਤ ਨੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਚੋਰੀ ਚੋਰੀ ਹੁਸੈਨੀਵਾਲਾ ਵਿਖੇ ਸਤਲੁਜ ਦੇ ਕੰਢੇ ਸਾੜ ਦਿੱਤਾ ਸੀ)। ਸਾਰੀਆਂ ਘੋੜੀਆਂ ਵਿਚ ਇਕ ਗੱਲ ਸਾਂਝੀ ਸੀ, ‘‘ਪੈਂਤੀ ਕਰੋੜ ਤੇਰੇ ਜਾਂਞੀ ਵੇ ਲਾੜਿਆ।’’ ਭਗਤ ਸਿੰਘ ਮੌਤ-ਕੁੜੀ ਨੂੰ ਵਿਆਹੁਣ ਤੁਰਿਆ ਲਾੜਾ ਸੀ ਅਤੇ ਦੇਸ਼ ਦੇ ਸਾਰੇ 35 ਕਰੋੜ ਲੋਕ (ਉਸ ਸਮੇਂ ਦੀ ਕੁੱਲ ਵੱਸੋਂ) ਉਸ ਦੇ ਜਾਂਞੀ ਸਨ। ਭਗਤ ਸਿੰਘ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ, ਪਿਸ਼ਾਵਰ ਤੋਂ ਲੈ ਕੇ ਉੱਤਰ ਪੂਰਬ ਤੱਕ, ਸਭ ਸੂਬਿਆਂ ਦੇ ਲੋਕਾਂ ਦੇ ਮਨਾਂ ਵਿਚ ਵੱਸ ਗਿਆ ਸੀ; ਲੋਕ-ਮਨ ਵਿਚ ਇਕ ਕਾਲਪਨਿਕ ਨਗਰ ਭਗਤਸਿੰਘਪੁਰਾ ਵੱਸ ਰਿਹਾ ਸੀ। ਲੋਕਾਂ ਨੇ ਉਸ ਨੂੰ ‘ਸ਼ਹੀਦ-ਏ-ਆਜ਼ਮ’ ਦਾ ਖ਼ਿਤਾਬ ਦਿੱਤਾ।
ਉੱਪਰਲੀ ਘੋੜੀ ਸਿਰਫ਼ ਉਦਾਹਰਨ ਵਜੋਂ ਦਿੱਤੀ ਗਈ ਹੈ। ਇਸ ਘੋੜੀ ਤੋਂ ਪਹਿਲਾਂ ਤੇ ਬਾਅਦ ਵਿਚ ਭਗਤ ਸਿੰਘ ’ਤੇ ਸੈਂਕੜੇ ਗੀਤ, ਕਵਿਤਾਵਾਂ ਤੇ ਲੇਖ ਲਿਖੇ ਗਏ, ਨਾਟਕ, ਨੌਟੰਕੀਆਂ ਤੇ ਨਾਵਲ ਲਿਖੇ ਗਏ। ਪੰਜਾਬੀ ਸ਼ਾਇਰ ਪਾਸ਼ ਦਾ ਕਥਨ ਹੈ, ‘‘ਧੁੱਪ ਵਾਂਗ ਧਰਤੀ ’ਤੇ ਖਿੜ ਜਾਣਾ/ ਤੇ ਫਿਰ ਗਲਵੱਕੜੀ ’ਚ ਸਿਮਟ ਜਾਣਾ/ ਬਾਰੂਦ ਵਾਂਗ ਭੜਕ ਉੱਠਣਾ ਤੇ ਚੌਂਹ ਕੂਟਾਂ ’ਚ ਗੂੰਜ ਜਾਣਾ/ ਜੀਣ ਦਾ ਏਹੀ ਸਲੀਕਾ ਹੁੰਦਾ ਹੈ।’’ ... ਤੇ ਭਗਤ ਸਿੰਘ ਦੇ ਜੀਣ ਦਾ ਇਹੀ ਸਲੀਕਾ ਸੀ, ਸਾਢੇ ਤੇਈ ਸਾਲਾਂ ਦੀ ਉਮਰ ਵਿਚ ਉਹ ਪੂਰੇ ਦੇਸ਼ ਲਈ ਸੁਫ਼ਨਾ ਤੇ ਹਕੀਕਤ ਦੋਵੇਂ ਬਣ ਗਿਆ। ਸੁਫ਼ਨਾ, ਜੀਹਨੂੰ ਹਰ ਕੋਈ ਪਾਉਣਾ ਚਾਹੁੰਦਾ ਸੀ ਤੇ ਹਕੀਕਤ, ਜਿਸ ਤੋਂ ਮੂੰਹ ਨਹੀਂ ਸੀ ਮੋੜਿਆ ਜਾ ਸਕਦਾ। ਉਹ ਧੁੱਪ ਵਾਂਗ ਖਿੜਿਆ ਤੇ ਦੇਸ਼ ਦੇ ਬਜ਼ੁਰਗਾਂ ਤੇ ਨੌਜਵਾਨਾਂ ਦੀਆਂ ਗਲਵੱਕੜੀਆਂ ਵਿਚ ਸਿਮਟ ਗਿਆ, ਉਸ ਨੂੰ ਭਰਾ ਸਮਝਦੀਆਂ ਕੁੜੀਆਂ ਨੇ ਉਸ ਦੀਆਂ ਘੋੜੀਆਂ ਗਾਈਆਂ ਤੇ ਮਹਬਿੂਬ ਬਣਾ ਕੇ ਖ਼੍ਵਾਬ ਲੈਣ ਵਾਲੀਆਂ, ਉਹਦੇ ਜਾਣ ’ਤੇ ਰੋਈਆਂ। ਉਹਨੇ ਮਾਵਾਂ ਨੂੰ ਕੁੱਖ ਦੇ ਸੱਚ ਦਾ ਸਬੂਤ ਦਿੱਤਾ, ਉਹ ਬਾਰੂਦ ਵਾਂਗ ਭੜਕਿਆ ਤੇ ਚੌਹਾਂ ਕੂੰਟਾਂ ਵਿਚ ਗੂੰਜ ਗਿਆ। ਦੇਸ਼ ਦੇ ਲੋਕਾਂ ਦੇ ਮਨਾਂ ਵਿਚ ਇਕ ਭਗਤਸਿੰਘਪੁਰਾ ਵੱਸ ਗਿਆ ਤੇ ਅਜੇ ਵੀ ਵੱਸ ਰਿਹਾ ਹੈ।
ਲੋਕ-ਕਲਪਨਾ ਦੀ ਵਿਸ਼ਾਲਤਾ ਏਨੀ ਵਿਆਪਕ ਹੈ ਕਿ ਲੋਕਾਂ ਨੇ ਇਹ ਵੀ ਚਿਤਵਿਆ ਕਿ ਭਗਤ ਸਿੰਘ ਦਾ ਵਿਆਹ ਹੋਣ ਵਾਲਾ ਸੀ ਤੇ ਲੋਕਾਂ ਨੇ ‘ਉਸ ਦੀ ਨਾਰ/ਹੋਣ ਵਾਲੀ ਪਤਨੀ’ ਦੀ ਕਲਪਨਾ ਵੀ ਕੀਤੀ ਅਤੇ ਉਸ ’ਤੇ ਗੀਤ ਤੇ ਸੱਦਾਂ ਲਿਖੀਆਂ। ਇਕ ਸੱਦ ਅਨੁਸਾਰ, ‘‘ਸਾਡੇ ਦੇਸ਼ ਦੇ ਵੀਰ ਨੂੰ ਦਿੱਤਾ ਫਾਂਸੀ ਦਾ ਹੁਕਮ ਸੁਣਾ/ਉਹਦੀ ਹੋਣੇ ਵਾਲੀ ਨਾਰ ਜੀ ਪਈ ਤੱਕਦੀ ਉਸ ਦੀ ਰਾਹ/ਕਿਸੇ ਰਾਹ ਜਾਂਦੇ ਰਾਹੀ ਨੇ ਦਿੱਤੀ ਉਸ ਨੂੰ ਖ਼ਬਰ ਪਹੁੰਚਾ।’’ ਤੇ ਲੋਕ-ਕਲਪਨਾ ਵਿਚ ਉਹ ਕੁੜੀ ਜੇਲ੍ਹ ਦੇ ਦਰੋਗੇ ਨੂੰ ਮਿਲਦੀ ਤੇ ਫਿਰ ਭਗਤ ਸਿੰਘ ਨਾਲ ਮੁਲਾਕਾਤ ਕਰ ਕੇ ਉਸ ਨੂੰ ਕਹਿੰਦੀ ਹੈ, ‘‘ਇਹ ਕੀ ਜ਼ੁਲਮ ਕਮਾ ਲਿਆ, ਤੁਸੀਂ ਪੈ ਗਏ ਕਿਹੜੇ ਰਾਹ/ਕੰਧਾਂ ਮੇਰੇ ਦੇਸ਼ ਦੀਆਂ ਰੋਂਦੀਆਂ, ਛਮ-ਛਮ ਨੀਰ ਵਹਾ/ਕਦ ਸਿਹਰਾ ਬੰਨ੍ਹ ਕੇ ਆਵਸੀ, ਪਈ ਤੱਕਣੀਂ ਆਂ ਤੇਰਾ ਰਾਹ/ਮੇਰੀਆਂ ਸੱਧਰਾਂ ਹਾਲੇ ਅਧੂਰੀਆਂ, ਮੇਰਾ ਪੂਰਾ ਨਾ ਹੋਇਆ ਚਾਅ/ਕੁਝ ਤਰਸ ਕਰ ਮੇਰੇ ਹਾਲ ’ਤੇ, ਮੈਨੂੰ ਹਾਣੀਆ ਨਾਲ ਲੈ ਜਾ/ਮੈਂ ਕਦ ਦੇ ਤਰਲੇ ਪਾਂਵਦੀ, ਮੇਰੇ ਦਿਲ ਦੇ ਸ਼ਹਿਨਸ਼ਾਹ।’’ ਭਗਤ ਸਿੰਘ ਲੋਕਾਂ ਦੇ ਦਿਲਾਂ, ਮਨਾਂ, ਕਲਪਨਾ ਤੇ ਵਿਚਾਰਾਂ, ਸਭ ਦਾ ਸ਼ਹਿਨਸ਼ਾਹ ਬਣਿਆ ਹੋਇਆ ਹੈ। ਸੁਭਾਸ਼ ਚੰਦਰ ਬੋਸ ਨੇ ਉਸ ਨੂੰ ਭਾਰਤ ਦੀ ਇਨਕਲਾਬੀ ਭਾਵਨਾ ਦਾ ਚਿੰਨ੍ਹ ਕਿਹਾ ਸੀ ਤੇ ਅੱਜ ਵੀ ਉਹ ਅਨਿਆਂ ਵਿਰੁੱਧ ਲੜਦੇ ਲੋਕਾਂ ਦੇ ਮਨਾਂ ਵਿਚ ਇਹ ਚਿੰਨ੍ਹ ਬਣ ਕੇ ਟਿਕਿਆ ਹੋਇਆ ਹੈ।
26 ਦਸੰਬਰ 2023 ਨੂੰ ‘ਦਿ ਟ੍ਰਿਬਿਊਨ’ ਵਿਚ ਛਪੇ ਇਕ ਲੇਖ ਵਿਚ ਲਾਹੌਰ ਵਿਚ ਜਨਮੇ ਅਰੁਣ ਮੈਰਾ ਨੇ ਲਿਖਿਆ, ‘‘ਸੰਸਦ ’ਤੇ ਅਤਿਵਾਦੀ ਹਮਲੇ ਤੋਂ ਪੂਰੇ 22 ਸਾਲਾਂ ਬਾਅਦ ਲੰਘੀ 13 ਦਸੰਬਰ ਨੂੰ ਲੋਕ ਸਭਾ ਵਿਚ ਧੂੰਏਂ ਦੇ ਕਨੱਸਤਰ ਖੋਲ੍ਹਣ ਵਾਲੇ ਪ੍ਰਦਰਸ਼ਨਕਾਰੀ ਪੜ੍ਹੇ-ਲਿਖੇ ਬੇਰੁਜ਼ਗਾਰ ਹਨ ਜਿਨ੍ਹਾਂ ਨੂੰ ਸ਼ਿਕਾਇਤ ਸੀ ਕਿ ਭਾਰਤ ਦੀ ਜੀਡੀਪੀ ਵਿਚ ਭਰਵਾਂ ਵਾਧਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲ ਪਾ ਰਿਹਾ। ਉਹ ਖ਼ੁਦ ਨੂੰ ਭਗਤ ਸਿੰਘ ਦੇ ਫੈਨ ਕਲੱਬ ਦੇ ਮੈਂਬਰ ਦੱਸਦੇ ਹਨ। ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਅਪਰੈਲ 1929 ਵਿਚ ਕੇਂਦਰੀ ਸਭਾ ਵਿਚ ਧੂੰਆਂ ਫੈਲਾਉਣ ਵਾਲੇ ਬੰਬ ਸੁੱਟੇ ਸਨ। ਕੌਮੀ ਨਾਇਕ ਭਗਤ ਸਿੰਘ ਅਤੇ ਉਨ੍ਹਾਂ ਦੇ ਦੋ ਸਾਥੀਆਂ ਨੂੰ ਅੰਗਰੇਜ਼ ਸਰਕਾਰ ਨੇ ਸੰਨ 1931 ਵਿਚ ਫਾਂਸੀ ਦੇ ਦਿੱਤੀ ਸੀ।’’
ਇਹ ਕਿਉਂ ਹੈ ਕਿ ਦੇਸ਼ ਦੇ ਨੌਜਵਾਨ ਅੱਜ ਵੀ ਭਗਤ ਸਿੰਘ ਦੇ ਜਾਦੂ ਵਿਚ ਮੋਹੇ ਜਾਂਦੇ ਹਨ। ਉਸ ਦੀ ਮਹਾਨ ਕੁਰਬਾਨੀ ਇਸ ਦਾ ਇਕ ਕਾਰਨ ਹੈ ਪਰ ਇਸ ਦੇ ਨਾਲ ਨਾਲ ਇਸ ਦਾ ਕਾਰਨ ਹਨ ਉਸ ਦੇ ਵਿਚਾਰ ਅਤੇ ਵਿਚਾਰਾਂ ਵਿਚਲੀ ਸਪੱਸ਼ਟਤਾ, ਇਮਾਨਦਾਰੀ ਤੇ ਦ੍ਰਿੜ੍ਹਤਾ ਅਤੇ ਉਨ੍ਹਾਂ ਵਿਚਾਰਾਂ ਤੱਕ ਪਹੁੰਚਣ ਲਈ ਉਸ ਦਾ ਸੰਘਰਸ਼, ਜੋ ਉਸ ਦੀਆਂ ਲਿਖਤਾਂ ’ਚੋਂ ਝਲਕਦਾ ਹੈ ਅਤੇ ਫਿਰ ਆਪਣੀ ਜ਼ਿੰਦਗੀ ਨੂੰ ਉਨ੍ਹਾਂ ਵਿਚਾਰਾਂ ਅਨੁਸਾਰ ਜਿਊਣ ਦੀ ਲਲਕ ਤੇ ਫਿਰ ਉਸ ਲਲਕ ਨੂੰ ਪੂਰੀ ਕਰ ਕੇ ਦਿਖਾਉਣਾ। ਇਹ ਕਠਿਨ ਸਫ਼ਰ ਸੀ ਜਿਸ ਦਾ ਭਗਤ ਸਿੰਘ ਰਾਹੀ ਤੇ ਆਗੂ ਬਣਿਆ ਤੇ ਇਹੀ ਕਾਰਨ ਹੈ ਕਿ ਲੋਕਾਂ ਦੇ ਚੇਤਿਆਂ, ਵਿਚਾਰਾਂ, ਕਲਪਨਾ, ਚਿਤਵਣ, ਚੇਤਨ ਤੇ ਅਵਚੇਤਨ ਵਿਚ ਅੱਜ ਵੀ ਭਗਤਸਿੰਘਪੁਰਾ ਵੱਸ ਰਿਹਾ ਹੈ ਤੇ ਹਰ ਉਮਰ ਦੇ ਲੋਕ, ਖ਼ਾਸ ਕਰਕੇ ਨੌਜਵਾਨ ਉਸ ਨਗਰ (ਭਗਤਸਿੰਘਪੁਰਾ) ’ਚੋਂ ਉੱਠਦੀਆਂ ਕਨਸੋਆਂ ਤੋਂ ਪ੍ਰਭਾਵਿਤ ਹੁੰਦੇ ਅਤੇ ਉਸ ਦੇ ਵਾਸੀ ਬਣਨਾ ਚਾਹੁੰਦੇ ਹਨ। ਜੇਕਰ ਭਗਤ ਸਿੰਘ ਦੀ ਜੇਲ੍ਹ ਡਾਇਰੀ ਪੜ੍ਹੀਏ ਤਾਂ ਉਸ ਵਿਚ ਰਾਬਿੰਦਰ ਨਾਥ ਟੈਗੋਰ, ਬਾਇਰਨ, ਨਿਕੋਲੋਈ ਮੋਰੋਜ਼ੋਵ, ਵਰਡਜ਼ਵਰਥ, ਪੀਟਰ ਕਰਪੋਤਿਕਨ, ਬਾਕੂਨਿਨ, ਵੇਰਾ ਫਿਗ਼ਨਰ, ਵਿਕਟਰ ਹਿਊਗੋ, ਬਰਨਾਰਡ ਸ਼ਾਅ, ਕਾਰਲ ਮਾਰਕਸ, ਲੈਨਿਨ, ਟਰਾਟਸਕੀ, ਜੌਹਨ ਸਾਲਮੰਡ, ਹਾਬਜ਼, ਲੌਕ, ਰੂਸੋ, ਮਿਰਜ਼ਾ ਗਾਲਬਿ, ਰਾਮ ਪ੍ਰਸਾਦ ਬਿਸਮਿਲ ਅਤੇ ਹੋਰ ਸਿਧਾਂਤਕਾਰਾਂ ਤੇ ਸਾਹਿਤਕਾਰਾਂ ਦੀਆਂ ਲਿਖਤਾਂ ਤੇ ਵਿਚਾਰਾਂ ਦੇ ਹਵਾਲੇ ਮਿਲਦੇ ਹਨ; ਵਿਚਾਰਾਂ ਦੇ ਸੰਸਾਰ ਵਿਚਲਾ ਉਸ ਦਾ ਅੰਦਰੂਨੀ ਸੰਘਰਸ਼ ਵੀ ਓਨਾ ਹੀ ਕਠਿਨ ਸੀ ਜਿੰਨਾ ਬਸਤੀਵਾਦੀ ਹਕੁਮਤ ਵਿਰੁੱਧ ਹਕੀਕੀ ਸੰਘਰਸ਼। ਇਸੇ ਲਈ ਲੋਕਾਂ ਨੂੰ ਆਪਣੇ ਮਨਾਂ ਵਿਚ ਵੱਸਦੇ ਭਗਤਸਿੰਘਪੁਰੇ ’ਚੋਂ ਤਰ੍ਹਾਂ ਤਰ੍ਹਾਂ ਦੀਆਂ ਸੁਗੰਧਾਂ ਆਉਂਦੀਆਂ ਹਨ।
ਭਗਤ ਸਿੰਘ ਦੇ ਮਨ ਵਿਚ ਹਜ਼ਾਰਾਂ ਹਸਰਤਾਂ ਤੇ ਖਾਹਿਸ਼ਾਂ ਕੂਕਦੀਆਂ ਸਨ। ਉਸ ਨੇ ਲਿਖਿਆ ਸੀ, ‘‘ਦੇਸ਼ ਤੇ ਇਨਸਾਨੀਅਤ ਲਈ ਜੋ ਕੁਝ ਕਰਨ ਦੀਆਂ ਹਸਰਤਾਂ ਮੇਰੇ ਦਿਲ ਵਿਚ ਸਨ, ਉਨ੍ਹਾਂ ਦਾ ਹਜ਼ਾਰਵਾਂ ਹਿੱਸਾ ਵੀ ਪੂਰਾ ਨਹੀਂ ਕਰ ਸਕਿਆ।’’ ਹਸਰਤਾਂ ਤੇ ਤਾਂਘਾਂ ਦੇ ਪੂਰੀਆਂ ਨਾ ਹੋ ਸਕਣ ਅਤੇ ਇਸ ਦੇ ਬਾਵਜੂਦ ਮੌਤ ਨੂੰ ਗਲੇ ਲਗਾ ਲੈਣ ’ਚੋਂ ਇਕ ਅਤ੍ਰਿਪਤ ਪਰ ਲੋਹ-ਦਿਲ ਨੌਜਵਾਨ ਦੀ ਤਸਵੀਰ ਉੱਭਰਦੀ ਹੈ ਜਿਸ ਨੇ ਆਜ਼ਾਦੀ ਦੀ ਠੰਢੀ ਪੈਂਦੀ ਜਾ ਰਹੀ ਲੜਾਈ ਨੂੰ ਗਰਮਾਉਣ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ। ਪਿਛਲੇ ਅੱਠ ਦਹਾਕਿਆਂ ਤੋਂ ਦੇਸ਼ ਦੇ ਲੋਕ ਤੇ ਨੌਜਵਾਨ ਉਨ੍ਹਾਂ ਹਸਰਤਾਂ ਤੇ ਤਾਂਘਾਂ ਨੂੰ ਪੂਰੀ ਕਰਨ ਦੀ ਲੜਾਈ ਲੜਦੇ ਹੋਏ ਭਗਤ ਸਿੰਘ ਨੂੰ ਯਾਦ ਕਰਦੇ ਤੇ ਉਸ ਤੋਂ ਪ੍ਰੇਰਿਤ ਹੁੰਦੇ ਹਨ। ਉਸ ਨੇ ਦੇਸ਼ ਦੇ ਮਿਹਨਤਕਸ਼ਾਂ, ਮਜ਼ਦੂਰਾਂ ਤੇ ਨੌਜਵਾਨਾਂ ਨੂੰ ਇਕਮੁੱਠ ਹੋਣ ਦਾ ਸੁਨੇਹਾ ਦਿੰਦਿਆਂ ਕਿਹਾ ਸੀ, ‘‘ਨੌਜਵਾਨਾਂ ਨੇ ਇਨਕਲਾਬ ਦਾ ਸੁਨੇਹਾ ਫੈਕਟਰੀਆਂ ਵਿਚ ਕੰਮ ਕਰਦੇ ਲੱਖਾਂ ਮਜ਼ਦੂਰਾਂ ਕੋਲ, ਝੁੱਗੀਆਂ ਅਤੇ ਪੇਂਡੂ ਝੌਪੜੀਆਂ ਵਿਚ ਅਥਵਾ ਦੇਸ਼ ਦੇ ਕੋਨੇ ਕੋਨੇ ਵਿਚ ਪਹੁੰਚਾਉਣਾ ਹੈ। ਇਹ ਇਨਕਲਾਬ ਆਜ਼ਾਦੀ ਲਿਆਵੇਗਾ ਅਤੇ ਮਨੁੱਖ ਰਾਹੀਂ ਮਨੁੱਖ ਦੀ ਲੁੱਟ-ਖਸੁੱਟ ਅਸੰਭਵ ਬਣਾ ਦੇਵੇਗਾ।’’
ਕੈਦ ਤੇ ਸ਼ਹੀਦੀ ਬਾਅਦ ਦੀਆਂ ਗੱਲਾਂ ਹਨ, ਭਗਤ ਸਿੰਘ ਜੇਲ੍ਹ ਵਿਚ ਜਾਣ ਤੋਂ ਪਹਿਲਾਂ ਦੇਸ਼ ਦੇ ਲੋਕਾਂ ਅਤੇ ਖ਼ਾਸ ਕਰਕੇ ਨੌਜਵਾਨਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਿਹਾ ਸੀ। ਉਸ ਨੇ ਨੌਜਵਾਨ ਭਾਰਤ ਸਭਾ ਅਤੇ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਜਥੇਬੰਦ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਉਸ ਨੇ ਆਪਣੀਆਂ ਲਿਖਤਾਂ ਨਾਲ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ ਤੇ ਵਿਦਿਆਰਥੀਆਂ ਨੂੰ ਇਨਕਲਾਬ ਲਈ ਸੰਘਰਸ਼ ਕਰਨ ਲਈ ਪ੍ਰੇਰਿਆ। ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਮੌਲਾਨਾ ਹਸਰਤ ਮੋਹਾਨੀ ਨੇ ਘੜਿਆ ਸੀ ਪਰ ਇਹ ਮਕਬੂਲ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਕੁਰਬਾਨੀ ਨਾਲ ਹੋਇਆ।
ਇੱਥੇ ਇਹ ਸਪੱਸ਼ਟ ਕਰਨਾ ਵੀ ਜ਼ਰੂਰੀ ਹੈ ਕਿ ਕਈ ਵਾਰ ਇਹ ਸਮਝਿਆ ਜਾਂਦਾ ਹੈ ਕਿ ਭਗਤ ਸਿੰਘ ਨੇ ਆਜ਼ਾਦੀ ਤੇ ਨਿਆਂ ਪ੍ਰਾਪਤ ਕਰਨ ਲਈ ਹਿੰਸਾ ਦੀ ਰਾਹ ਚੁਣੀ ਅਤੇ ਉਹ ਇਸ ਦਾ ਪੱਕਾ ਹਮਾਇਤੀ ਸੀ। ਭਗਤ ਸਿੰਘ ਨੇ ਹਿੰਸਾ ਤੇ ਦਹਿਸ਼ਤਗਰਦੀ ਨੂੰ ਨਕਾਰਦਿਆਂ ਲਿਖਿਆ, ‘‘ਮੈਂ ਆਪਣੀ ਪੂਰੀ ਤਾਕਤ ਨਾਲ ਕਹਿਣਾ ਚਾਹੁੰਦਾ ਹਾਂ ਕਿ ਨਾ ਤਾਂ ਮੈਂ ਦਹਿਸ਼ਤਪਸੰਦ ਹਾਂ ਅਤੇ ਨਾ ਹੀ ਸਾਂ, ਸਿਰਫ਼ ਇਨਕਲਾਬੀ ਜੀਵਨ ਦੇ ਸ਼ੁਰੂ ਦੇ ਚੰਦ ਦਿਨਾਂ ਦੇ ਸਿਵਾਏ। ਆਤੰਕਵਾਦ (ਦਹਿਸ਼ਤਗਰਦੀ) ਇਨਕਲਾਬੀ ਮਾਨਸਿਕਤਾ ਦੇ ਜਨਤਾ ਵਿਚ ਗਹਿਰੇ ਨਾ ਜਾਣ ਬਾਰੇ ਪਛਤਾਵਾ ਹੈ, ਇਕ ਤਰ੍ਹਾਂ ਨਾਲ ਇਹੀ ਸਾਡੀ ਨਾਕਾਮਯਾਬੀ ਦਾ ਇਕਬਾਲ ਕਰਨਾ ਵੀ ਹੈ।’’ ਜਦੋਂ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ 6 ਜੂਨ 1929 ਨੂੰ ਕੇਂਦਰੀ ਅਸੈਂਬਲੀ ਹਾਲ ਵਿਚ ਪ੍ਰੈੱਸ ਦਾ ਗਲਾ ਘੁੱਟਣ ਲਈ ਬਣਾਏ ਜਾਣ ਵਾਲੇ ਬਿੱਲ (ਪ੍ਰੈੱਸ ਸਿਡੀਸ਼ਨ ਬਿੱਲ) ਅਤੇ ਮਜ਼ਦੂਰ ਆਗੂਆਂ ਦੀਆਂ ਅੰਨ੍ਹੇਵਾਹ ਗ੍ਰਿਫ਼ਤਾਰੀਆਂ ਵਿਰੁੱਧ ਧੂੰਆਂ ਪੈਦਾ ਕਰਨ ਵਾਲੇ ਦੋ ਬੰਬ ਸੁੱਟੇ ਸਨ ਤਾਂ ਉਨ੍ਹਾਂ ਨੇ ਦਿੱਲੀ ਦੀ ਅਦਾਲਤ ਵਿਚ ਇਹ ਬਿਆਨ ਦਿੱਤਾ ਸੀ, ‘‘ਸਾਡੇ ਦਿਲਾਂ ਵਿਚ ਇਨਸਾਨਾਂ ਲਈ ਇਕੋ ਜਿਹਾ ਪਿਆਰ ਹੈ। ਅਸੀਂ ਵਹਿਸ਼ੀਆਨਾ ਵਾਰਦਾਤਾਂ ਦੇ ਹਾਮੀ ਬਣ ਕੇ ਦੇਸ਼ ਲਈ ਹਾਨੀਕਾਰਕ ਨਹੀਂ ਬਣਨਾ ਚਾਹੁੰਦੇ।’’
ਉਸ ਨੇ ਸਿਆਸੀ ਲਹਿਰਾਂ ਨਾਲ ਸੰਵਾਦ ਕੀਤਾ ਤੇ ਉਨ੍ਹਾਂ ਦੇ ਮਹੱਤਵ ਨੂੰ ਪਛਾਣਿਆ। ਉਸ ਨੇ ਉਸ ਸਮੇਂ ਦੀ ਕਾਂਗਰਸ ਲਹਿਰ ਨੂੰ ਗਾਂਧੀਵਾਦ ਕਹਿੰਦਿਆਂ ਇਸ ਬਾਰੇ ਇਹ ਨਿਰਣਾ ਦਿੱਤਾ, ‘‘ਗਾਂਧੀਵਾਦ ਆਪਣਾ ਭਾਣਾ ਮੰਨਣ ਦਾ ਮੱਤ ਰੱਖਦੇ ਹੋਏ ਵੀ ਇਨਕਲਾਬੀ ਵਿਚਾਰਾਂ ਦੇ ਕੁਝ ਨੇੜੇ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਇਹ ਜਨਤਕ ਐਕਸ਼ਨ ’ਤੇ ਨਿਰਭਰ ਕਰਦਾ ਹੈ, ਭਾਵੇਂ ਕਿ ਉਹ ਜਨਤਾ ਵਾਸਤੇ ਨਹੀਂ ਹੁੰਦਾ।... ਉਨ੍ਹਾਂ ਨੇ ਕਿਰਤੀ ਇਨਕਲਾਬ ਲਈ, ਕਿਰਤੀਆਂ ਨੂੰ ਲਹਿਰ ਵਿਚ ਹਿੱਸੇਦਾਰ ਬਣ ਕੇ ਰਾਹ ਪਾ ਦਿੱਤਾ ਹੈ। ਇਨਕਲਾਬੀਆਂ ਨੂੰ ‘ਅਹਿੰਸਾ ਦੇ ਫਰਿਸ਼ਤੇ’ ਨੂੰ ਉਸ ਦਾ ਯੋਗ ਥਾਂ ਦੇਣਾ ਚਾਹੀਦਾ ਹੈ।’’
ਇਸ ਤਰ੍ਹਾਂ ਭਗਤ ਸਿੰਘ ਇਕ ਗੰਭੀਰ ਤੇ ਸੂਝਵਾਨ ਚਿੰਤਕ ਅਤੇ ਸਿਆਸੀ ਆਗੂ ਸੀ ਜਿਸ ਨੇ ਮਕਾਨਕੀ ਢੰਗ ਨਾਲ ਕਿਸੇ ਵਿਚਾਰਧਾਰਾ ਨੂੰ ਸਵੀਕਾਰ ਕਰਨ ਤੋਂ ਇਨਕਾਰ ਕੀਤਾ; ਉਹ ਭਾਰਤੀ ਸਮਾਜ ਵਿਚ ਜਾਤ ਤੇ ਵਰਣ ਆਸ਼ਰਮ ਦੇ ਮਹੱਤਵ ਨੂੰ ਸਮਝਦਾ ਸੀ; ਉਸ ਨੇ ਦਲਿਤਾਂ ਨੂੰ ਅਸਲੀ ਕਿਰਤੀ ਕਹਿੰਦਿਆਂ ਇਉਂ ਵੰਗਾਰਿਆ: ‘‘ਅਛੂਤ ਕਹਾਉਣ ਵਾਲੇ ਅਸਲੀ ਸੇਵਕੋ ਤੇ ਵੀਰੋ, ਉੱਠੋ। ਆਪਣਾ ਇਤਿਹਾਸ ਦੇਖੋ। ਗੁਰੂ ਗੋਬਿੰਦ ਸਿੰਘ ਦੀ ਫ਼ੌਜ ਦੀ ਅਸਲੀ ਤਾਕਤ ਤੁਹਾਡੀ ਸੀ। ਸ਼ਿਵਾ ਜੀ ਤੁਹਾਡੇ ਆਸਰੇ ਹੀ ਇਹ ਸਭ ਕੁਝ ਕਰ ਸਕਿਆ ਜਿਸ ਨਾਲ ਅੱਜ ਉਸ ਦਾ ਨਾਂ ਜ਼ਿੰਦਾ ਹੈ। ਤੁਹਾਡੀਆਂ ਕੁਰਬਾਨੀਆਂ ਸੋਨੇ ਦੇ ਅੱਖਰਾਂ ਵਿਚ ਲਿਖੀਆਂ ਹੋਈਆਂ ਹਨ।’’ ਉਹ ਜਾਣਦਾ ਸੀ ਕਿ ਜਾਤ-ਪਾਤ ਦੇ ਸਵਾਲ ਨੂੰ ਹੱਲ ਕਰਨਾ ਬਹੁਤ ਜ਼ਰੂਰੀ ਹੈ। ਉਹ ਸਿਆਸੀ ਜਾਂ ਆਰਥਿਕ ਇਨਕਲਾਬ ਨਾਲੋਂ ਸਮਾਜਿਕ ਇਨਕਲਾਬ ਨੂੰ ਤਰਜੀਹ ਦਿੰਦਿਆਂ ਦਲਿਤਾਂ ਨੂੰ ਇਸ ਤਰ੍ਹਾਂ ਸੰਬੋਧਿਤ ਹੋਇਆ, ‘‘ਸਮਾਜਿਕ (Social) ਐਜੀਟੇਸ਼ਨ ਇਨਕਲਾਬ ਪੈਦਾ ਕਰ ਦਿਓ ਅਤੇ ਪੋਲੀਟੀਕਲ ਤੇ ਆਰਥਿਕ ਇਨਕਲਾਬ ਵਾਸਤੇ ਕਮਰ ਕੱਸੇ ਕਰ ਲਓ। ਤੁਸੀਂ ਹੀ ਮੁਲਕ ਦੀ ਜੜ੍ਹ ਹੋ, ਅਸਲੀ ਤਾਕਤ ਹੋ, ਉੱਠੋ! ਸੁੱਤੇ ਹੋਏ ਸ਼ੇਰੋ, ਵਿਦਰੋਹੀਓ ਵਿਪੱਲਵ ਜਾਂ ਵਿਦਰੋਹ ਖੜ੍ਹਾ ਕਰ ਦਿਓ।’’
ਸਾਡੇ ਕੋਲ ਕਿੰਨੇ ਭਗਤ ਸਿੰਘ ਹਨ; ਸ਼ਹੀਦ, ਸਿਧਾਂਤਕਾਰ, ਕੁਰਬਾਨੀ ਦਾ ਮੁਜੱਸਮਾ, ਲੋਕ-ਕਲਪਨਾ ਦੀ ਭਾਵੁਕਤਾ ਵਿਚ ਘੋੜੀ ਚੜ੍ਹਦਾ ਭਰਾ ਤੇ ਚਿਤਵਿਆ ਹੋਇਆ ਮਹਬਿੂਬ, ਸਾਥੀ, ਦੇਸ਼ ਭਗਤ, ਇਨਕਲਾਬੀ, ਸਮਾਜਵਾਦੀ, ਵਿਦਿਆਰਥੀਆਂ, ਨੌਜਵਾਨਾਂ, ਮਜ਼ਦੂਰਾਂ, ਕਿਸਾਨਾਂ ਤੇ ਦਲਿਤਾਂ ਨੂੰ ਇਨਕਲਾਬ ਤੇ ਸਮਾਜਿਕ ਬਰਾਬਰੀ ਦੀ ਲੜਾਈ ਲਈ ਪ੍ਰੇਰਿਤ ਕਰਨ ਵਾਲਾ ਰਾਹ-ਦਸੇਰਾ। ਅੱਜ ਵੀ ਉਸ ਦੀ ਸੋਚ ਤੇ ਕੁਰਬਾਨੀ ਦੀ ਗੂੰਜ ਦੁਨੀਆ ਦੇ ਕੋਨੇ ਕੋਨੇ ਵਿਚ ਸੁਣਾਈ ਪੈਂਦੀ ਹੈ; ਕੋਈ ਦੇਸ਼ ਆਪਣੇ ਜਹਾਜ਼ ਦਾ ਨਾਂ ਉਸ ਦੇ ਨਾਂ ’ਤੇ ਰੱਖਦਾ ਹੈ, ਦੁਨੀਆ ਦੇ ਕਿਸੇ ਕੋਨੇ ਵਿਚ ਉਸ ਦਾ ਬੁੱਤ ਲੱਗਦਾ ਹੈ; ਉਸ ’ਤੇ ਫਿਲਮਾਂ ਬਣਦੀਆਂ ਹਨ, ਨਾਟਕ ਤੇ ਕਵਿਤਾਵਾਂ ਲਿਖੀਆਂ ਜਾਂਦੀਆਂ ਹਨ। ਇਨਕਲਾਬੀ ਉਸ ਦੇ ਨਾਂ ਦੀ ਸਹੁੰ ਖਾਂਦੇ ਹਨ ਅਤੇ ਆਪਣੇ ਹੱਕਾਂ ਲਈ ਲੜਨ ਵਾਲੇ ਲੋਕ ਉਸ ਤੋਂ ਪ੍ਰੇਰਨਾ ਲੈਂਦੇ ਹਨ।
ਅੱਜ ਜਦੋਂ ਸਾਡੇ ਦੇਸ਼ ਵਿਚ ਵਿਚਾਰਾਂ ਦੀ ਭੋਇੰ ਬਹੁਤ ਉਦਾਸ ਹੋ ਰਹੀ ਹੈ ਤਾਂ ਭਗਤ ਸਿੰਘ ਕਈ ਪੱਧਰਾਂ ’ਤੇ ਲੋਕਾਂ ਦੇ ਮਨਾਂ ਨੂੰ ਟੁੰਬਦਾ ਹੈ, ਕੁਰਬਾਨੀ ਤੇ ਸ਼ਹਾਦਤ ਦੀ ਪੱਧਰ ’ਤੇ, ਤਰਕ ਤੇ ਵਿਚਾਰਾਂ ਦੇ ਸੰਘਰਸ਼ ਦੀ ਪੱਧਰ ’ਤੇ, ਅਨਿਆਂ ਵਿਰੁੱਧ ਤੇ ਸਮਾਜਿਕ ਬਰਾਬਰੀ ਲਈ ਲੜਨ ਦੀ ਪ੍ਰੇਰਨਾ ਦੀ ਪੱਧਰ ’ਤੇ ਅਤੇ ਸਭ ਤੋਂ ਉੱਪਰ ਭਾਵਨਾਵਾਂ ਤੇ ਭਾਵੁਕਤਾ ਦੀ ਪੱਧਰ ’ਤੇ। ਇਹੀ ਕਾਰਨ ਹੈ ਕਿ ਸਾਡੇ ਦੇਸ਼ ਨੌਜਵਾਨਾਂ, ਸਮਾਜਿਕ ਕਾਰਕੁਨਾਂ, ਵਿਦਿਆਰਥੀਆਂ, ਚਿੰਤਕਾਂ, ਮਜ਼ਦੂਰਾਂ, ਕਿਸਾਨਾਂ, ਸਾਹਿਤਕਾਰਾਂ, ਦਾਨਿਸ਼ਵਰਾਂ, ਸਭ ਦੇ ਮਨਾਂ ਵਿਚ ਇਕ ਭਗਤਸਿੰਘਪੁਰਾ ਵੱਸਦਾ ਹੈ ਅਤੇ ਹਮੇਸ਼ਾ ਵੱਸਦਾ ਰਹੇਗਾ।

Advertisement

Advertisement
Advertisement
Author Image

sukhwinder singh

View all posts

Advertisement