For the best experience, open
https://m.punjabitribuneonline.com
on your mobile browser.
Advertisement

ਸਰਕਾਰ ਦੀਆਂ ਨੀਤੀਆਂ ਤੋਂ ਖਫ਼ਾ ਨੇ ਬਮਿਆਲ ਵਾਸੀ

08:39 AM Jul 22, 2024 IST
ਸਰਕਾਰ ਦੀਆਂ ਨੀਤੀਆਂ ਤੋਂ ਖਫ਼ਾ ਨੇ ਬਮਿਆਲ ਵਾਸੀ
Advertisement

ਪੱਤਰ ਪ੍ਰੇਰਕ
ਪਠਾਨਕੋਟ, 21 ਜੁਲਾਈ
ਸਰਹੱਦੀ ਕਸਬਾ ਬਮਿਆਲ ਵਿੱਚ ਰਹਿ ਰਹੇ ਲੋਕ ਅਤੇ ਵਪਾਰੀ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਬੇਹੱਦ ਖਫ਼ਾ ਹਨ ਅਤੇ ਉਹ ਪਲਾਇਨ ਕਰਨ ਲਈ ਸੋਚ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕਰੋਨਾ ਤੋਂ ਬਾਅਦ ਸਰਕਾਰ ਨੇ ਸਰਹੱਦੀ ਕਸਬੇ ਬਮਿਆਲ ਤੋਂ ਜੰਮੂ-ਕਸ਼ਮੀਰ ਦੇ ਕਠੂਆ ਤੇ ਚੜਵਾਲ ਨੂੰ ਚੱਲ ਰਹੀਆਂ ਬੱਸਾਂ ਬੰਦ ਕਰ ਦੇਣ ਨਾਲ ਇੱਕ ਤਾਂ ਉਨ੍ਹਾਂ ਦਾ ਵਪਾਰ ਬਹੁਤ ਮੰਦੇ ਵਿੱਚ ਚਲਾ ਗਿਆ ਹੈ, ਦੂਸਰਾ ਉਨ੍ਹਾਂ ਦੀਆਂ ਸਾਰੀਆਂ ਰਿਸ਼ਤੇਦਾਰੀਆਂ ਕਠੂਆ ਜ਼ਿਲ੍ਹੇ ਵਿੱਚ ਪੈਣ ਨਾਲ ਉਹ ਰਿਸ਼ਤੇਦਾਰਾਂ ਤੋਂ ਦੂਰ ਹੋ ਗਏ ਹਨ।
ਬਮਿਆਲ ਵਿੱਚ ਹਾਰਡਵੇਅਰ ਦੇ ਸ਼ੋਅ ਰੂਮ ਦੇ ਮਾਲਕ ਅਸ਼ੋਕ ਕੁਮਾਰ, ਪ੍ਰਵੀਨ ਕਲਾਥ ਹਾਊਸ ਦੇ ਮਾਲਕ ਪ੍ਰਵੀਨ ਕੁਮਾਰ, ਬਜਾਜੀ ਦੇ ਕਾਰੋਬਾਰੀ ਵਿਜੇ ਕੁਮਾਰ ਤੇ ਰੂੜਾ ਮੱਲ, ਸੀਮਿੰਟ ਸਰੀਆ ਦੇ ਕਾਰੋਬਾਰੀ ਰਾਕੇਸ਼ ਕੁਮਾਰ, ਟੀਵੀ, ਫਰਿਜਾਂ ਦੇ ਵੱਡੇ ਕਾਰੋਬਾਰੀ ਬਿੱਟੂ ਅਤੇ ਇੱਕ ਵੱਡੇ ਕਰਿਆਨਾ ਸਟੋਰ ਦੇ ਮਾਲਕ ਧਰਮ ਪਾਲ ਨੇ ਦੱਸਿਆ ਕਿ ਕਰੋਨਾ ਸਮੇਂ ਹੋਏ ਲੌਕਡਾਊਨ ਤੋਂ ਬਾਅਦ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦਾ ਪੰਜਾਬ ਦੇ ਸਰਹੱਦੀ ਕਸਬੇ ਬਮਿਆਲ ਨਾਲ ਬਿਲਕੁੱਲ ਹੀ ਸੰਪਰਕ ਟੁੱਟ ਗਿਆ ਜਦ ਕਿ ਪਹਿਲਾਂ ਬਮਿਆਲ ਦੇ ਨਾਲ ਲੱਗਦੇ ਕਠੂਆ ਜ਼ਿਲ੍ਹੇ ਦੇ 50 ਦੇ ਕਰੀਬ ਪਿੰਡ ਬਮਿਆਲ ਵਿਖੇ ਖਰੀਦਦਾਰੀ ਕਰਨ ਆਉਂਦੇ ਸਨ। ਉਨ੍ਹਾਂ ਦੱਸਿਆ ਕਿ ਜਦ ਵੀ ਕਰਵਾਚੌਥ, ਦਸਹਿਰਾ, ਨਵਰਾਤਰੇ, ਦੀਵਾਲੀ, ਰੱਖੜੀ, ਹੋਲੀ ਦਾ ਤਿਉਹਾਰ ਹੁੰਦਾ ਸੀ ਤਾਂ ਕਠੂਆ ਜ਼ਿਲ੍ਹੇ ਦੇ ਸਾਂਝੀ ਮੋੜ, ਹਰੀਏ ਚੱਕ, ਨਗਰੀ, ਮੁਕੰਦਪੁਰ, ਸਲਾਲਪੁਰ ਆਦਿ 50 ਪਿੰਡਾਂ ਦੇ ਲੋਕ ਬਮਿਆਲ ਵਿਖੇ ਭਰਪੂਰ ਖਰੀਦਦਾਰੀ ਕਰਨ ਆਉਂਦੇ ਸਨ ਤੇ ਖਰੀਦਦਾਰੀ ਕਰਨ ਬਾਅਦ ਮੈਟਾਡੋਰਾਂ ਵਿੱਚ ਵਾਪਸ ਹੋ ਜਾਂਦੇ ਸਨ। ਉਨ੍ਹਾਂ ਕਿਹਾ ਕਿ ਕਰੋਨਾ ਬਾਅਦ ਕਠੂਆ ਦੇ ਚੜਵਾਲ ਤੋਂ ਬਮਿਆਲ ਤੱਕ ਚੱਲਣ ਵਾਲੀਆਂ ਮੈਟਾਡੋਰਾਂ ਅਤੇ ਬੱਸਾਂ ਪੂਰਨ ਰੂਪ ਵਿੱਚ ਬੰਦ ਹੋ ਜਾਣ ਨਾਲ ਉਨ੍ਹਾਂ ਦਾ ਵਪਾਰ ਠੱਪ ਹੋ ਕੇ ਰਹਿ ਗਿਆ ਹੈ। ਇਕੱਲਾ ਇਹੀ ਨਹੀਂ, ਇਸ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਜ਼ਿਆਦਾਤਰ ਰਿਸ਼ਤੇਦਾਰੀਆਂ ਕਠੂਆ ਜ਼ਿਲ੍ਹੇ ਵਿੱਚ ਹਨ ਜਿਸ ਕਰਕੇ ਉਨ੍ਹਾਂ ਲੋਕਾਂ ਦਾ ਆਪਸ ਵਿੱਚ ਮੇਲ-ਜੋਲ ਵੀ ਘਟ ਗਿਆ ਹੈ। ਇਸ ਕਰਕੇ ਅਜਿਹੀ ਹਾਲਤ ਵਿੱਚ ਉਹ ਕਿਸੇ ਹੋਰ ਜਗ੍ਹਾ ਜਾ ਕੇ ਆਪਣਾ ਵਪਾਰ ਕਰਨ ਲਈ ਮਜਬੂਰ ਹੋ ਗਏ ਹਨ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇਕਰ ਸਰਹੱਦੀ ਖੇਤਰ ਨੂੰ ਮਜ਼ਬੂਤ ਰੱਖਣਾ ਹੈ ਤਾਂ ਫਿਰ ਉਥੋਂ ਦੇ ਵਪਾਰੀਆਂ ਵੱਲ ਧਿਆਨ ਦੇਣਾ ਪਵੇਗਾ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਦੇਣਾ ਪਵੇਗਾ।

Advertisement
Advertisement
Author Image

Advertisement