ਰਾਸ਼ਨ ਕਾਰਡ ਕੱਟਣ ਖ਼ਿਲਾਫ਼ ਡਟੇ ਬਜਰਾਵਰ ਵਾਸੀ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 28 ਜੂਨ
ਪਿੰਡ ਬਜਰਾਵਰ ਵਿੱਚ ਗ਼ਰੀਬ ਮਜ਼ਦੂਰ ਲੋਕਾਂ ਦੇ ਕੱਟੇ ਗਏ ਰਾਸ਼ਨ ਕਾਰਡਾਂ ਦੇ ਵਿਰੋਧ ‘ਚ ਸਬੰਧਤ ਲੋਕਾਂ ਨੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਸਕੱਤਰ ਸੋਨੂ ਮਹਿਤਪੁਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ। ਸ੍ਰੀ ਧੀਮਾਨ ਨੇ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਗ਼ਰੀਬ ਮਜ਼ਦੂਰ ਲੋਕਾਂ ਨਾਲ ਵਿਤਕਰਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਬਜਰਾਵਰ ‘ਚ 50 ਰਾਸ਼ਨ ਕਾਰਡ ਕੱਟੇ ਗਏ ਹਨ ਜਦੋਂਕਿ ਇਹ ਲੋੜਵੰਦ ਗ਼ਰੀਬ ਪਰਿਵਾਰ ਹਨ। ਇਨ੍ਹਾਂ ਵਿੱਚ ਕਈ ਪਰਿਵਾਰਾਂ ਵਿੱਚ ਸੀਨੀਅਰ ਸਿਟੀਜ਼ਨ ਹਨ ਤੇ ਕਈ ਪਰਿਵਾਰਾਂ ‘ਚ ਲੋਕ ਬਿਮਾਰ ਰਹਿੰਦੇ ਹਨ। ਸ੍ਰੀ ਧੀਮਾਨ ਨੇ ਦੱਸਿਆ ਕਿ ਪਿੰਡ ਜੱਲੋਵਾਲ ਤੇ ਖਨੂਰ ਵਿਚ ਕਈ ਲਾਭਪਾਤਰੀਆਂ ਨੂੰ ਅਕਤੂਬਰ 2022 ਤੋਂ ਮਾਰਚ 2023 ਤੱਕ ਦੀ ਕਣਕ ਵੀ ਨਹੀਂ ਮਿਲੀ। ਇਸ ਦੀ ਅੱਜ ਤੱਕ ਨਾ ਤਾਂ ਪੜਤਾਲ ਹੋਈ ਅਤੇ ਨਾ ਹੀ ਇਨ੍ਹਾਂ ਲੋਕਾਂ ਨੂੰ ਅਨਾਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਣਕ ਵੰਡ ਦੌਰਾਨ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕੱਟੇ ਗਏ ਰਾਸ਼ਨ ਕਾਰਡ ਬਿਨਾਂ ਸ਼ਰਤ ਬਹਾਲ ਕੀਤੇ ਜਾਣ ਅਤੇ ਕਣਕ ਦੀ ਪੈਕਿੰਗ ਵਾਲੇ ਬੋਰੇ ਉੱਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੀ ਮੋਹਰ ਲੱਗੀ ਹੋਵੇ।