For the best experience, open
https://m.punjabitribuneonline.com
on your mobile browser.
Advertisement

ਟੁੱਟੀਆਂ ਸੜਕਾਂ ਤੋਂ ਪ੍ਰੇਸ਼ਾਨ ਨੇ ਅਹਿਮਦਗੜ੍ਹ ਵਾਸੀ

07:53 AM Jun 25, 2024 IST
ਟੁੱਟੀਆਂ ਸੜਕਾਂ ਤੋਂ ਪ੍ਰੇਸ਼ਾਨ ਨੇ ਅਹਿਮਦਗੜ੍ਹ ਵਾਸੀ
ਅਹਿਮਦਗੜ੍ਹ ਥਾਣੇ ਅੱਗਿਓਂ ਲੰਘਦੀ ਸੜਕ ਦੀ ਖਸਤਾ ਹਾਲਤ।
Advertisement

ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 24 ਜੂਨ
ਸਥਾਨਕ ਕਸਬੇ ਅਤੇ ਨੇੜਲੇ ਪਿੰਡਾਂ ਦੇ ਵਸਨੀਕ ਟੁੱਟੀਆਂ ਸੜਕਾਂ ਕਾਰਨ ਪ੍ਰੇਸ਼ਾਨ ਹਨ। ਇੱਥੋਂ ਦੀਆਂ ਜ਼ਿਆਦਾਤਰ ਸੜਕਾਂ ਟੋਇਆਂ ਕਾਰਨ ਵਾਹਨ ਚਲਾਉਣ ਯੋਗ ਨਹੀਂ ਰਹੀਆਂ ਅਤੇ ਮੀਂਹ ਕਾਰਨ ਚਿੱਕੜ ਅਤੇ ਤਿਲਕਣ ਦੀ ਸਮੱਸਿਆ ਹੋਰ ਵਧਣ ਦਾ ਖ਼ਦਸ਼ਾ ਹੈ। ਪਿੰਡ ਛਪਾਰ, ਛੰਨਾ, ਧੂਲਕੋਟ, ਜਗੇੜਾ ਅਤੇ ਜੰਡਾਲੀ ਨੂੰ ਸ਼ਹਿਰ ਨਾਲ ਜੋੜਨ ਵਾਲੀਆਂ ਸਾਰੀਆਂ ਸੜਕਾਂ ਦੀ ਹਾਲਤ ਬਹੁਤ ਖਰਾਬ ਹੈ ਜਿਨ੍ਹਾਂ ’ਤੇ ਡੂੰਘੇ ਟੋਏ ਪਏ ਹੋਏ ਹਨ।
ਛੁੱਟੀਆਂ ਤੋਂ ਬਾਅਦ ਵਿੱਦਿਅਕ ਅਦਾਰੇ ਖੁੱਲ੍ਹਣ ਤੋਂ ਪਹਿਲਾਂ ਅੰਦਰਲੀਆਂ ਸੜਕਾਂ ਦੀ ਮੁਰੰਮਤ ਜਾਂ ਉਸਾਰੀ ਸਬੰਧੀ ਸ਼ਹਿਰ ਵਾਸੀਆਂ ਨੂੰ ਕੋਈ ਉਮੀਦ ਦੀ ਕਿਰਨ ਨਜ਼ਰ ਨਾ ਆਉਂਦੀ। ਸਾਬਕਾ ਕੌਂਸਲਰ ਤੇ ਬਲਾਕ ਕਾਂਗਰਸ ਦੇ ਪ੍ਰਧਾਨ ਦੀਪਕ ਸ਼ਰਮਾ ਦੀ ਅਗਵਾਈ ਹੇਠ ਇਲਾਕਾ ਵਾਸੀਆਂ ਨੇ ਕਿਹਾ ਕਿ ਸਾਰੀਆਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ ਅਤੇ ਕਿਸੇ ਵੀ ਵੇਲੇ ਕੋਈ ਘਟਨਾ ਵਾਪਰ ਸਕਦੀ ਹੈ। ਹਾਸੋਹੀਣੀ ਗੱਲ ਇਹ ਹੈ ਕਿ ਨਗਰ ਕੌਂਸਲ ਤੇ ਪੁਲੀਸ ਥਾਣਾ ਸਮੇਤ ਸਾਰੇ ਸਰਕਾਰੀ ਦਫ਼ਤਰਾਂ ਦੇ ਅੱਗਿਓਂ ਲੰਘਦੀਆਂ ਸੜਕਾਂ ਦੀ ਹਾਲਤ ਤਰਸਯੋਗ ਹੈ।
ਨਗਰ ਕੌਂਸਲ ਦੇ ਐੱਸਡੀਓ ਹੇਮੰਤ ਕੁਮਾਰ ਨੇ ਕਿਹਾ ਕਿ ਪਹਿਲਾਂ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਗ੍ਰਾਂਟਾਂ ਦੀ ਵਾਪਸੀ, ਤਕਨੀਕੀ ਪ੍ਰਕਿਰਿਆ ਦੇ ਮੁੱਦੇ, ਲੋਕ ਸਭਾ ਚੋਣਾਂ ਦੌਰਾਨ ਲੱਗਿਆ ਚੋਣ ਜ਼ਾਬਤਾ ਕੰਮ ’ਚ ਆਉਣ ਵਾਲੀ ਖੜੋਤ ਦਾ ਮੁੱਖ ਕਾਰਨ ਸੀ। ਹੁਣ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਚੋਣ ਨਾ ਹੋਈ ਕਾਰਨ ਕੰਮ ਰੁਕਿਆ ਹੋਇਆ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕਰੀਬ ਇੱਕ ਦਰਜਨ ਕੰਮਾਂ ਲਈ ਟੈਂਡਰ ਮੰਗਣ ਤੇ ਪਾਸ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਵਾਉਣ ਲਈ ਉੱਚ ਅਧਿਕਾਰੀਆਂ ਨੂੰ ਪੱਤਰ ਲਿਖੇ ਹਨ ਅਤੇ ਸਬੰਧਤ ਫਾਈਲ ਡਾਇਰੈਕਟਰ ਲੋਕਲ ਬਾਡੀਜ਼ ਕੋਲ ਯੋਗ ਕਾਰਵਾਈ ਲਈ ਪਈ ਹੈ। ਇਸ ਤੋਂ ਬਾਅਦ ਕਰੀਬ 3.76 ਕਰੋੜ ਰੁਪਏ ਦੀ ਲਾਗਤ ਦੇ ਕੰਮ ਇਕੱਠੇ ਹੀ ਸ਼ੁਰੂ ਕਰ ਦਿੱਤੇ ਜਾਣਗੇ।

Advertisement

Advertisement
Advertisement
Author Image

sukhwinder singh

View all posts

Advertisement