ਖੋਜ-ਕਾਰਜ ਅਤੇ ਅਧਿਆਪਨ ਕਿਸੇ ਵੀ ਅਧਿਆਪਕ ਦੀ ਬੁਨਿਆਦੀ ਜ਼ਿੰਮੇਵਾਰੀ: ਡਾ. ਜੋਸ਼ੀ
ਪੱਤਰ ਪ੍ਰੇਰਕ
ਅੰਮ੍ਰਿਤਸਰ, 6 ਨਵੰਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਪੰਜਾਬ ਦਿਵਸ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ ਦੇ ਵਿਦਵਾਨ ਡਾ. ਜੀਤ ਸਿੰਘ ਜੋਸ਼ੀ (ਸੇਵਾਮੁਕਤ ਪ੍ਰੋਫ਼ੈਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਤਰੀ ਕੇਂਦਰ ਬਠਿੰਡਾ ਦੇ ਪੰਜਾਬੀ ਵਿਭਾਗ ਦੇ ਮੁਖੀ) ਨੇ ‘ਸੱਭਿਆਚਾਰ ਅਤੇ ਲੋਕਧਾਰਾ : ਬੁਨਿਆਦੀ ਸੰਕਲਪ’ ਵਿਸ਼ੇ ’ਤੇ ਦਿੱਤਾ। ਡਾ. ਬਿਕਰਮ ਸਿੰਘ ਘੁੰਮਣ (ਸਾਬਕਾ ਪ੍ਰੋਫ਼ੈਸਰ ਅਤੇ ਡੀਨ ਅਕਾਦਮਿਕ ਮਾਮਲੇ) ਇਸ ਮੌਕੇ ਮੁੱਖ ਮਹਿਮਾਨ ਸਨ।
ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਰਾਜਸੀ ਵਤੀਰਾ ਲੋਕਧਾਰਾ ਅਤੇ ਸੱਭਿਆਚਾਰ ਨੂੰ ਵੰਡ ਨਹੀਂ ਸਕਦਾ, ਭਾਵੇਂ ਕਿ ਪੰਜਾਬੀ ਸੂਬੇ ਦੇ ਨਿਰਮਾਣ ਨਾਲ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਰਾਜਨੀਤਕ ਤੌਰ ਉੱਤੇ ਵੱਖਰੇ ਸੂਬੇ ਬਣ ਗਏ ਪ੍ਰੰਤੂ ਇਨ੍ਹਾਂ ਤਿੰਨੋਂ ਸੂਬਿਆਂ ਦੀ ਭਾਸ਼ਾਈ, ਸੱਭਿਆਚਾਰਕ ਤੇ ਲੋਕਧਾਰਾਈ ਵਿਰਾਸਤ ਸਾਂਝੀ ਹੈ। ਉਨ੍ਹਾਂ ਕਿਹਾ ਕਿ ਡਾ. ਜੀਤ ਸਿੰਘ ਜੋਸ਼ੀ ਪੰਜਾਬੀ ਲੋਕਧਾਰਾ ਦਾ ਡੂੰਘਾ ਗਿਆਨ ਰੱਖਦੇ ਹਨ । ਇਸ ਮੌਕੇ ਡਾ. ਜੀਤ ਸਿੰਘ ਜੋਸ਼ੀ ਦੀ ਪੁਸਤਕ ‘ਸਾਡੇ ਪੁਰਖੇ’ ਲੋਕ ਅਰਪਣ ਕੀਤੀ ਗਈ।
ਡਾ. ਜੀਤ ਸਿੰਘ ਜੋਸ਼ੀ ਨੇ ਕਿਹਾ ਕਿ ਖੋਜ-ਕਾਰਜ ਅਤੇ ਅਧਿਆਪਨ ਕਿਸੇ ਵੀ ਅਧਿਆਪਕ ਦੀ ਬੁਨਿਆਦੀ ਜ਼ਿੰਮੇਵਾਰੀ ਹੈ। ਉਨ੍ਹਾਂ ਆਪਣੇ ਜੀਵਨ ਸੰਘਰਸ਼ ਅਤੇ ਪੰਜਾਬੀ ਲੋਕਧਾਰਾ ਦੇ ਨਾਲ ਪੈਦਾ ਹੋਏ ਲਗਾਓ ਸਦਕਾ ਕਲਰਕੀ ਤੋਂ ਖੋਜ-ਕਾਰਜ ਤੱਕ ਦੇ ਆਪਣੇ ਜੀਵਨ ਸਫ਼ਰ ਨੂੰ ਬੜੀ ਦਿਲਚਸਪ ਸ਼ੈਲੀ ਵਿੱਚ ਬਿਆਨ ਕੀਤਾ। ਉਨ੍ਹਾਂ ਮਾਲਵੇ ਦੇ ਖੇਤਰ ਨਾਲ ਸਬੰਧਤ ਲੋਕਧਾਰਾ ਅਤੇ ਇਤਿਹਾਸ ਦੇ ਆਪਸੀ ਜਟਿਲ ਸਬੰਧਾਂ ਨੂੰ ਉਜਾਗਰ ਕਰਦੀਆਂ ਵਿਭਿੰਨ ਮਿਸਾਲਾਂ ਵੀ ਪੇਸ਼ ਕੀਤੀਆਂ।
ਡਾ. ਸੁਨੀਲ ਕੁਮਾਰ ਨੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਲੋਕਧਾਰਾ ਦਾ ਅਨੁਭਵ ਆਧਾਰਿਤ ਗਿਆਨ ਸਮੇਂ ਦੀ ਮੰਗ ਹੈ। ਮੁੱਖ ਮਹਿਮਾਨ ਡਾ. ਬਿਕਰਮ ਸਿੰਘ ਘੁੰਮਣ ਨੇ ਕਿਹਾ ਕਿ ਡਾ. ਜੀਤ ਸਿੰਘ ਜੋਸ਼ੀ ਸਾਧਾਰਨ ਮਨੁੱਖ ਦੀਆਂ ਅਸਾਧਾਰਨ ਪ੍ਰਾਪਤੀਆਂ ਦੀ ਅਨੂਠੀ ਮਿਸਾਲ ਹਨ। ਡਾ. ਹਰਿੰਦਰ ਕੌਰ ਸੋਹਲ, ਸਹਾਇਕ ਪ੍ਰੋਫ਼ੈਸਰ ਨੇ ਆਏ ਹੋਏ ਮਹਿਮਾਨਾਂ ਸਰੋਤਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਡਾ. ਬਲਜੀਤ ਕੌਰ ਰਿਆੜ ਨੇ ਨਿਭਾਈ।