ਸਾਈਬਰ ਅਪਰਾਧ ਘੁਟਾਲੇ ’ਚ ਫਸੇ 14 ਭਾਰਤੀਆਂ ਨੂੰ ਬਚਾਇਆ
ਨਾਮ ਪੇਨ, 21 ਜੁਲਾਈ
ਕੰਬੋਡੀਆ ਵਿੱਚ ਇੱਕ ਸਾਈਬਰ ਅਪਰਾਧ ਘੁਟਾਲੇ ਵਿੱਚ ਫਸੇ ਘੱਟੋ-ਘੱਟ 14 ਭਾਰਤੀ ਨਾਗਰਿਕਾਂ ਨੂੰ ਬਚਾ ਲਿਆ ਗਿਆ ਹੈ। ਭਾਰਤੀ ਦੂਤਾਵਾਸ ਨੇ ਅੱਜ ਇੱਥੇ ਇੱਕ ਬਿਆਨ ਵਿੱਚ ਦੱਸਿਆ ਕਿ ਭਾਰਤੀ ਨਾਗਰਿਕਾਂ ਦੀ ਜਲਦੀ ਘਰ ਵਾਪਸੀ ਲਈ ਕਾਰਵਾਈ ਕੀਤੀ ਜਾ ਰਹੀ ਹੈ। ਭਾਰਤੀ ਦੂਤਾਵਾਸ ਨੇ ਐਕਸ ’ਤੇ ਦੱਸਿਆ ਕਿ ਕੰਬੋਡੀਆ ਵਿੱਚ ਭਾਰਤੀ ਦੂਤਾਵਾਸ ਨੇ ਅਧਿਕਾਰੀਆਂ ਦੇ ਸਹਿਯੋਗ ਨਾਲ 14 ਭਾਰਤੀ ਨਾਗਰਿਕਾਂ ਨੂੰ ਰਿਹਾਅ ਕਰਵਾ ਲਿਆ ਹੈ ਅਤੇ ਕੰਬੋਡੀਆ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਦੇਖ-ਭਾਲ ਕੀਤੀ ਜਾ ਰਹੀ ਹੈ।
ਕੰਬੋਡੀਆ ਦੀ ਰਾਜਧਾਨੀ ਵਿੱਚ ਦੂਤਾਵਾਸ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ 650 ਤੋਂ ਵੱਧ ਭਾਰਤੀ ਨਾਗਰਿਕਾਂ ਦੇ ਬਚਾਅ ਅਤੇ ਵਾਪਸੀ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ, ਜੋ ਸਾਈਬਰ ਅਪਰਾਧ ਅਪਰੇਸ਼ਨਾਂ ਤਹਿਤ ਧੋਖਾਧੜੀ ਵਾਲੀਆਂ ਨੌਕਰੀਆਂ ਦੀਆਂ ਪੇਸ਼ਕਸ਼ਾਂ ਦਾ ਸ਼ਿਕਾਰ ਹੋਏ ਸਨ। ਬਿਆਨ ਵਿੱਚ ਕਿਹਾ ਗਿਆ ਕਿ ਦੂਤਾਵਾਸ ਨੇ ਕੰਬੋਡੀਆ ਦੀ ਪੁਲੀਸ ਨੂੰ ਭਾਰਤੀ ਨਾਗਰਿਕਾਂ ਦੇ ਬਚਾਅ ਲਈ ਵਿਸ਼ੇਸ਼ ਜਾਣਕਾਰੀ ਮੁਹੱਈਆ ਕਰਵਾਈ। ਬਚਾਏ ਗਏ ਵਿਅਕਤੀਆਂ ਦੀ ਦੇਖਭਾਲ ਮੌਜੂਦਾ ਸਮੇਂ ਕੰਬੋਡੀਆ ਦੇ ਸਮਾਜਿਕ ਮਾਮਲਿਆਂ, ਸਾਬਕਾ ਅਤੇ ਯੁਵਾ ਪੁਨਰਵਾਸ ਮੰਤਰਾਲੇ ਦੇ ਸਹਿਯੋਗ ਨਾਲ ਕੰਮ ਕਰਨ ਵਾਲੀ ਇੱਕ ਐੱਨਜੀਓ ਵੱਲੋਂ ਕੀਤੀ ਜਾ ਰਹੀ ਹੈ। ਬਿਆਨ ਵਿੱਚ ਕਿਹਾ ਗਿਆ, ‘‘ਦੂਤਾਵਾਸ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਕੰਬੋਡੀਆ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦੇਸ਼ ਵਿੱਚ ਕਿਸੇ ਵੀ ਨੌਕਰੀ ਦੀ ਪੇਸ਼ਕਸ ਦੇ ਸਬੰਧ ਵਿੱਚ ਚੌਕਸੀ ਵਰਤਣ ਤੇ ਦੂਤਾਵਾਸ ਨੂੰ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਰਿਪੋਰਟ ਤੁਰੰਤ ਕਰਨ।’’ ਦੂਤਾਵਾਸ ਨੇ ਫਰਜ਼ੀ ਨੌਕਰੀਆਂ ਦੀ ਪੇਸ਼ਕਸ ਕਰਨ ਵਾਲਿਆਂ ਤੋਂ ਖ਼ਬਰਦਾਰ ਰਹਿਣ ਦੀ ਸਲਾਹ ਦਿੱਤੀ। -ਪੀਟੀਆਈ