ਮਲਵਿੰਦਰ ਮਾਲੀ ’ਤੇ ਦਰਜ ਪਰਚਾ ਰੱਦ ਕਰਨ ਦੀ ਮੰਗ
ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਸਤੰਬਰ
ਹਿੰਦੂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦੇ ਨਾਂ ’ਤੇ ਮਾਲਵਿੰਦਰ ਮਾਲੀ ’ਤੇ ਪਰਚਾ ਦਰਜ ਕਰਵਾਉਣ ਦੇ ਮਾਮਲੇ ਦੀ ਅੱਜ ਜਨਤਕ ਜਥੇਬੰਦੀਆਂ ਵੱਲੋਂ ਜ਼ੋਰਦਾਰ ਨਿਖੇਧੀ ਕੀਤੀ ਗਈ। ਜਥੇਬੰਦੀਆਂ ਦੇ ਆਗੂਆਂ ਵੱਲੋਂ ਇਸ ਪਰਚੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ ਹੈ।
ਲੁਧਿਆਣਾ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਸ਼ਹੀਦ ਭਗਤ ਸਿੰਘ ਵਿਚਾਰ ਮੰਚ, ਜਮਹੂਰੀ ਅਧਿਕਾਰ ਸਭਾ ਪੰਜਾਬ, ਤਰਕਸ਼ੀਲ ਸੁਸਾਇਟੀ ਪੰਜਾਬ, ਇਨਕਲਾਬੀ ਮਜ਼ਦੂਰ ਕੇਂਦਰ ਦੇ ਆਗੂਆਂ ਪ੍ਰੋ. ਏਕੇ ਮਲੇਰੀ, ਜਸਵੰਤ ਜ਼ੀਰਖ, ਡਾ. ਹਰਬੰਸ ਗਰੇਵਾਲ, ਪ੍ਰਿੰਸੀਪਲ ਅਜਮੇਰ ਦਾਖਾ, ਕਾਮਰੇਡ ਸੁਰਿੰਦਰ ਸਿੰਘ ਨੇ ਉਕਤ ਪਰਚੇ ਨੂੰ ਰੱਦ ਕਰ ਕੇ ਮਾਲਵਿੰਦਰ ਮਾਲੀ ਨੂੰ ਤੁਰੰਤ ਛੱਡਣ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਗ੍ਰਿਫ਼ਤਾਰੀ ਕਰਨ ਵੇਲੇ ਪੁਲੀਸ ਨੇ ਸ੍ਰੀ ਮਾਲੀ ਨੂੰ ਕਿਹਾ ਸੀ ਕਿ ਆਈਟੀ ਐਕਟ ਤਹਿਤ ਦਾ ਪਰਚਾ ਹੈ, ਜਦਕਿ ਐੱਫਆਈਆਰ ਵਿੱਚ 199, 296 ਬੀਐੱਨਐੱਸ ਧਾਰਾ ਲਗਾਈ ਗਈ ਹੈ, ਜੋ ਧਾਰਮਿਕ ਭਾਵਨਾਵਾਂ ਨੂੰ ਠੇਸ ਲੱਗਣ ਤੇ ਸਮਾਜ ’ਚ ਵਿਗਾੜ ਪਾਉਣ ਸਬੰਧੀ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਰਚਾ ਦਰਜ ਕਰਵਾਉਣ ਵਾਲਾ ਕਥਿਤ ਤੌਰ ’ਤੇ ਸੱਤਾਧਾਰੀ ਪਾਰਟੀ ਦਾ ਮੈਂਬਰ ਹੈ, ਜੋ ਮੁਹਾਲੀ ਵਿੱਚ ਪ੍ਰਾਪਰਟੀ ਡੀਲਰ ਹੈ। ਉਨ੍ਹਾਂ ਕਿਹਾ ਕਿ ਮਾਲਵਗਿੰਦਰ ਮਾਲੀ ’ਤੇ ਕਿਸੇ ਇੰਟਰਵਿਊ ਦੌਰਾਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਸ਼ਬਦਾਵਲੀ ਵਰਤਣ ਦਾ ਦੋਸ਼ ਹੈ, ਜਦਕਿ ਉਨ੍ਹਾਂ ਦੀ ਕੋਈ ਵੀ ਐਸੀ ਇੰਟਰਵਿਊ ਨਹੀਂ ਮਿਲਦੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਰਕਾਰੀ ਸਰਪ੍ਰਸਤੀ ਹੇਠ ਰਚਿਆ ਗਿਆ ਡਰਾਮਾ ਹੈ ਤਾਂ ਜੋ ਮਾਲਵਿੰਦਰ ਮਾਲੀ ਸਰਕਾਰ ਦੀ ਆਲੋਚਨਾ ਨਾ ਕਰਨ। ਜਨਤਕ ਆਗੂਆਂ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਵੀ ਕੇਂਦਰ ਦੇ ਰਾਹ ’ਤੇ ਚੱਲਣ ਲੱਗ ਪਈ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਚਿਤਾਵਨੀ ਦਿੱਤੀ ਕਿ ਜਿੰਨਾ ਧੱਕਾ ਕੀਤਾ ਜਾਵੇਗਾ ਪੰਜਾਬ ਦੇ ਜਮਹੂਰੀ ਤੇ ਇਨਸਾਫ਼ ਪਸੰਦ ਲੋਕ ਓਨਾ ਹੀ ਜ਼ਿਆਦਾ ਇਸ ਖ਼ਿਲਾਫ਼ ਆਵਾਜ਼ ਬੁਲੰਦ ਕਰਨਗੇ।