ਗਣਤੰਤਰ ਦਿਵਸ: ਅੰਮ੍ਰਿਤਸਰ ਤੇ ਜਲੰਧਰ ’ਚ ਸਖ਼ਤ ਸੁਰੱਖਿਆ ਪ੍ਰਬੰਧ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 25 ਜਨਵਰੀ
ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਦੇ ਨਾਮਜ਼ਦ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਧਮਕੀ ਦਿੱਤੇ ਜਾਣ ਮਗਰੋਂ ਸ਼ਹਿਰ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲੀਸ ਚੌਕਸ ਹੋ ਗਈ ਹੈ ਜਦਕਿ ਉਨ੍ਹਾਂ ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਧਮਕੀਆਂ ਦੇ ਮੱਦੇਨਜ਼ਰ ਚੌਕਸ ਰਹਿਣ ਦੀ ਅਪੀਲ ਕੀਤੀ ਹੈ।
ਗਣਤੰਤਰ ਦਿਵਸ ਦੇ ਜਸ਼ਨਾਂ ਦੌਰਾਨ ਸ਼ਾਂਤੀਪੂਰਨ ਮਾਹੌਲ ਯਕੀਨੀ ਬਣਾਉਣ ਲਈ ਸ਼ਹਿਰ ਵਿੱਚ ਸੁਰੱਖਿਆ ਲਈ ਲਗਪਗ 2500 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਅੱਜ ਗੁਰੂ ਨਾਨਕ ਸਟੇਡੀਅਮ ਵਿੱਚ ਸੁਰਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆ ਨਾਲ ਮੀਟਿੰਗ ਕਰ ਕੇ ਸੁਰੱਖਿਆ ਪ੍ਰਬੰਧਾਂ ਬਾਰੇ ਦਿਸ਼ਾ ਨਿਰਦੇਸ਼ ਦਿੱਤੇ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਪੰਨੂ ਨੇ ਇੱਕ ਵੀਡੀਓ ਸੰਦੇਸ਼ ਵਿੱਚ ਅੰਮ੍ਰਿਤਸਰ, ਜਲੰਧਰ ਅਤੇ ਗੁਰਦਾਸਪੁਰ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਡੀਸੀ ਦਫ਼ਤਰ ਕੰਪਲੈਕਸ ਵਿੱਚ ਖਾਲਿਸਤਾਨੀ ਝੰਡੇ ਲਗਾਉਣ ਦੀ ਧਮਕੀ ਦਿੱਤੀ ਸੀ। ਪੁਲੀਸ ਦੇ ਡਿਪਟੀ ਕਮਿਸ਼ਨਰ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਪੁਲੀਸ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੂਰੀ ਤਰ੍ਹਾਂ ਚੌਕਸ ਹੈ। ਇਸ ਦੌਰਾਨ ਗੁਰੂ ਨਾਨਕ ਦੇਵ ਸਟੇਡੀਅਮ ਦੇ ਕੰਪਲੈਕਸ ਜਿੱਥੇ ਭਲਕੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਹੋਣ ਵਾਲਾ ਹੈ, ਦੀ ਡਾਗ ਸਕੁਐਡ ਵੱਲੋਂ ਤਲਾਸ਼ੀ ਲਈ ਗਈ ਜਦਕਿ ਸੀਸੀਟੀਵੀ ਕੈਮਰੇ ਵੀ ਲਾਏ ਗਏ ਹਨ।
ਜਲੰਧਰ (ਹਤਿੰਦਰ ਮਹਿਤਾ): ਸ਼ਹਿਰ ਵਿੱਚ ਭਲਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਹੋਣ ਵਾਲੇ ਗਣਤੰਤਰ ਦਿਵਸ ਸਮਾਗਮ ਲਈ ਸਖ਼ਤ ਸੁਰੱਖਿਆ ਪ੍ਰਬੰਧਾ ਕੀਤੇ ਗਏ ਹਨ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਅੱਜ ਸਮਾਗਮ ਵਾਲੀ ਥਾਂ ’ਤੇ ਸੁਰੱਖਿਆ ਪ੍ਰਬੰਧਾਂ ਅਤੇ ਬੈਠਣ ਦੀਆਂ ਯੋਜਨਾਵਾਂ ਦੀ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਸਟੇਡੀਅਮ ਦੇ ਆਲੇ-ਦੁਆਲੇ ਦੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਜਾਵੇਗੀ ਅਤੇ ਕਾਰਵਾਈ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਲਗਭਗ 2,000 ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਰਹੇਗੀ। ਸਟੇਡੀਅਮ ਦੇ ਅੰਦਰ ਅਤੇ ਆਲੇ-ਦੁਆਲੇ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਸੀਸੀਟੀਵੀ ਕੈਮਰੇ ਲਾਏ ਗਏ ਹਨ ਜਦਕਿ ਸੁਰੱਖਿਆ ਨੂੰ ਵਧਾਉਣ ਲਈ ਪੂਰੇ ਸ਼ਹਿਰ ਵਿੱਚ ਵਾਧੂ ਨਾਕੇ ਪੁਆਇੰਟ ਸਥਾਪਤ ਕੀਤੇ ਗਏ ਹਨ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਸਟੇਡੀਅਮ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਭਲਕੇ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫਿਕ ਡਾਇਵਰਸ਼ਨ ਕੀਤਾ ਜਾਵੇਗਾ। ਸਮਰਾ ਚੌਕ, ਨਕੋਦਰ ਰੋਡ ਅਤੇ ਗੁਰੂ ਨਾਨਕ ਮਿਸ਼ਨ ਚੌਕ ਸਮੇਤ ਪ੍ਰਮੁੱਖ ਸੜਕਾਂ ’ਤੇ ਦਾਖਲੇ ਲਈ ਪਾਬੰਦੀ ਰਹੇਗੀ। ਭਾਰੀ ਵਾਹਨਾਂ ਨੂੰ ਬਦਲਵੇਂ ਰੂਟਾਂ ਰਾਹੀਂ ਮੋੜਿਆ ਜਾਵੇਗਾ, ਜਦੋਂ ਕਿ ਹਲਕੇ ਵਾਹਨਾਂ ਲਈ ਅਰਬਨ ਅਸਟੇਟ ਅਤੇ ਨੇੜਲੇ ਖੇਤਰ ਮਨੋਨੀਤ ਮਾਰਗ ਹੋਣਗੇ। ਯਾਤਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਰੂਟਾਂ ਦੀ ਪਹਿਲਾਂ ਤੋਂ ਯੋਜਨਾ ਬਣਾ ਲੈਣ ਅਤੇ ਸਮਾਗਮ ਦੌਰਾਨ ਪਾਬੰਦੀਸ਼ੁਦਾ ਜ਼ੋਨਾਂ ਵਿੱਚ ਯਾਤਰਾ ਕਰਨ ਤੋਂ ਬਚਣ। ਵੱਖ-ਵੱਖ ਤਰ੍ਹਾਂ ਦੇ ਵਾਹਨਾਂ ਲਈ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਹਨ। ਮਿਲਕਬਾਰ ਚੌਕ ਅਤੇ ਨਕੋਦਰ ਰੋਡ ਨੇੜੇ ਸੜਕ ਦੇ ਦੋਵੇਂ ਪਾਸੇ ਬੱਸ ਪਾਰਕਿੰਗ ਦੀ ਇਜਾਜ਼ਤ ਹੋਵੇਗੀ, ਜਦਕਿ ਮਸੰਦ ਚੌਕ ਅਤੇ ਗੀਤਾ ਮੰਦਰ ਚੌਕ ਦੇ ਨਾਲ-ਨਾਲ ਕਾਰ ਪਾਰਕਿੰਗ ਦੀ ਇਜਾਜ਼ਤ ਹੋਵੇਗੀ। ਸਥਾਨ ਦੇ ਨੇੜੇ ਭੀੜ ਤੋਂ ਬਚਣ ਲਈ ਦੋਪਹੀਆ ਵਾਹਨਾਂ ਅਤੇ ਪ੍ਰੈਸ ਵਾਹਨਾਂ ਲਈ ਵੀ ਵੱਖਰੀ ਜਗ੍ਹਾ ਨਿਰਧਾਰਤ ਕੀਤੀ ਗਈ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ, ਲਾਅ ਐਂਡ ਆਰਡਰ ਅੰਕੁਰ ਗੁਪਤਾ ਨੇ 26 ਜਨਵਰੀ ਲਈ ਕਮਿਸ਼ਨਰੇਟ ਜਲੰਧਰ ਦੇ ਅਧੀਨ ਖੇਤਰ ਨੂੰ ਨੋ ਡਰੋਨ ਅਤੇ ਨੋ ਫਲਾਈ ਜ਼ੋਨ ਐਲਾਨਿਆ ਹੈ। ਉਲੰਘਣਾ ਕਰਨ ਵਾਲਿਆਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਸ਼ਾਹਕੋਟ: ਐੱਸਡੀਐੱਮ ਸ਼ੁਭੀ ਆਂਗਰਾ ਲਹਿਰਾਉਣਗੇ ਕੌਮੀ ਝੰਡਾ
ਸ਼ਾਹਕੋਟ: ਤਹਿਸੀਲ ਕੰਪਲੈਕਸ ਵਿੱਚ ਸਰਕਾਰੀ ਤੌਰ ’ਤੇ ਮਨਾਏ ਜਾ ਰਹੇ ਤਹਿਸੀਲ ਪੱਧਰੀ ਗਣਤੰਤਰ ਦਿਵਸ ਮੌਕੇ ਐੱਸਡੀਐੱਮ ਸ਼ਾਹਕੋਟ ਸ੍ਰੀਮਤੀ ਸ਼ੁਭੀ ਆਂਗਰਾ ਕੌਮੀ ਝੰਡਾ ਲਹਿਰਾਉਣਗੇ। ਦੂਜੇ ਪਾਸੇ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਡਾ. ਨਵਜੋਤ ਸਿੰਘ ਦਾਹੀਆ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਕੋਦਰ ਵਿੱਚ ਉਸਾਰੇ ਪਾਰਟੀ ਦਫ਼ਤਰ ਦਾ ਉਦਘਾਟਨ 26 ਜਨਵਰੀ ਨੂੰ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਕਰਨਗੇ। ਇਸ ਮੌਕੇ ਕਾਂਗਰਸ ਵੱਲੋਂ ਦਫ਼ਤਰ ਵਿੱਚ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਮੌਕੇ ਸ੍ਰੀ ਚੰਨੀ ਕੌਮੀ ਤਿਰੰਗਾ ਵੀ ਲਹਿਰਾਉਣਗੇ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਪ੍ਰਧਾਨ ਤੇ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਉਚੇਚੇ ਤੌਰ ’ਤੇ ਸ਼ਿਰਕਤ ਕਰਨਗੇ। ਪ੍ਰੈਸ ਕਲੱਬ ਮੱਲ੍ਹੀਆਂ ਕਲਾਂ ਦੇ ਪ੍ਰਧਾਨ ਸੁਰਜੀਤ ਸਿੰਘ ਟੁੱਟ ਨੇ ਦੱਸਿਆ ਕਿ ਉਨ੍ਹਾਂ ਦਾ ਕਲੱਬ ਦਫ਼ਤਰ ਵਿੱਚ ਗਣਤੰਤਰ ਦਿਵਸ ਮਨਾ ਰਿਹਾ ਹੈ। -ਪੱਤਰ ਪ੍ਰੇਰਕ
ਮਾਲਜ਼, ਸਾਇਲੋਜ਼ ਅਤੇ ਭਾਜਪਾ ਲੀਡਰਾਂ ਦੇ ਘਰਾਂ ਅੱਗੇ ਟਰੈਕਟਰ ਪ੍ਰਦਰਸ਼ਨ ਅੱਜ
ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਨੇ ਕਿਹਾ ਕਿ ਕਿਸਾਨ ਜਥੇਬੰਦੀਆ ਵੱਲੋਂ 26 ਜਨਵਰੀ ਨੂੰ ਵੱਡੇ ਸ਼ਾਪਿੰਗ ਮਾਲਾਂ, ਸਾਇਲੋ ਗੁਦਾਮਾਂ ਅਤੇ ਭਾਜਪਾ ਲੀਡਰਾਂ ਦੇ ਘਰਾਂ ਅੱਗੇ ਟਰੈਕਟਰ ਖੜ੍ਹੇ ਕਰ ਕੇ ਰੋਸ ਦਾ ਪ੍ਰਗਟਾਵਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 26 ਜਨਵਰੀ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਤਿਆਰੀਆਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਅੰਦੋਲਨ- 2 ਦੇ ਐਲਾਨ ਅਨੁਸਾਰ ਜਿੱਥੇ ਦੇਸ਼ ਭਰ ਦੀਆਂ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਵੱਖ ਵੱਖ ਸੂਬਿਆਂ ਵਿੱਚ ਵੱਡੀ ਗਿਣਤੀ ਵਿੱਚ ਟਰੈਕਟਰਾਂ ਨਾਲ ਸ਼ਾਪਿੰਗ ਮਾਲਾਂ ਅਤੇ ਖੇਤੀ ਪੈਦਾਵਾਰ ਨੂੰ ਖਰੀਦ ਕੇ ਭੰਡਾਰ ਕਰਨ ਅਤੇ ਪ੍ਰਾਈਵੇਟ ਮੰਡੀ ਦੇ ਰੂਪ ਵਿੱਚ ਖੋਲ੍ਹੇ ਗਏ ਸਾਇਲੋ ਗੁਦਾਮਾਂ ਅੱਗੇ ਪ੍ਰਦਰਸ਼ਨ ਕੀਤਾ ਜਾਵੇਗਾ, ਉੱਥੇ ਹੀ ਕਾਰਪੋਰੇਟ ਪੱਖੀ ਭਾਜਪਾ ਲੀਡਰਾਂ ਦੇ ਘਰਾਂ ਅੱਗੇ ਟਰੈਕਟਰ ਖੜ੍ਹੇ ਕਰ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 26 ਜਨਵਰੀ ਦੇ ਪ੍ਰੋਗਰਾਮ ਵਿੱਚ ਸ਼ਹਿਰੀ ਦੁਕਾਨਦਾਰ ਵਰਗ ਨੂੰ ਸਮਰਥਨ ਕਰਨਾ ਚਾਹੀਦਾ ਹੈ। -ਟਨਸ