ਗਣਤੰਤਰ ਦਿਵਸ ਮੌਕੇ ਵੱਖ-ਵੱਖ ਥਾਈਂ ਸਮਾਗਮ; ਸ਼ਹਿਰ ਤੇ ਕਸਬੇ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਰਾਏਕੋਟ, 27 ਜਨਵਰੀ
ਇੱਥੇ ਅਨਾਜ ਮੰਡੀ ਵਿੱਚ 75ਵੇਂ ਗਣਤੰਤਰ ਦਿਵਸ ਮੌਕੇ ਐੱਸ.ਡੀ.ਐੱਮ ਸੁਖਰਾਜ ਸਿੰਘ ਢਿੱਲੋਂ ਨੇ ਕੌਮੀ ਝੰਡਾ ਲਹਿਰਾਇਆ ਅਤੇ ਪੰਜਾਬ ਪੁਲੀਸ, ਐਨ.ਸੀ.ਸੀ ਕੈਡਿਟਾਂ ਅਤੇ ਵਿਦਿਆਰਥੀਆਂ ਨੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ। ਵਿਦਿਆਰਥੀਆਂ ਵੱਲੋਂ ਗਿੱਧਾ, ਭੰਗੜਾ, ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ। ਸੈਨਿਕ ਅਤੇ ਅਰਧ ਸੈਨਿਕ ਬਲਾਂ ਦੇ ਸ਼ਹੀਦਾਂ ਦੇ ਪਰਿਵਾਰਾਂ ਤੋਂ ਇਲਾਵਾ ਅਜ਼ਾਦੀ ਘੁਲਾਟੀਆਂ ਦੇ ਵਾਰਸਾਂ ਦਾ ਸਨਮਾਨ ਕੀਤਾ ਗਿਆ।
ਪਾਇਲ (ਪੱਤਰ ਪ੍ਰੇਰਕ): ਇੱਥੇ ਦਾਣਾ ਮੰਡੀ ਵਿਚ ਗਣਤੰਤਰ ਦਿਵਸ ਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਐੱਸਡੀਐੱਮ ਪਾਇਲ ਡਾ.ਪੂਨਮਪ੍ਰੀਤ ਕੌਰ ਵੱਲੋਂ ਅਦਾ ਕੀਤੀ ਗਈ। ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਵਿਖੇ 75ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਗਣਤੰਤਰ ਦਿਵਸ ਚੇਅਰਮੈਨ ਗੁਰਚਰਨ ਸਿੰਘ ਦੀ ਪ੍ਰਧਾਨਗੀ ਹੇਠਾਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ਭਰੇ ਗੀਤਾਂ ਤੇ ਡਾਂਸ ਪੇਸ਼ ਕਰਕੇ ਮਾਹੌਲ ਨੂੰ ਪੂਰੀ ਤਰ੍ਹਾਂ ਰੰਗ ਦਿੱਤਾ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ 19ਵੀਂ ਪੰਜਾਬ ਐਨਸੀਸੀ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਪ੍ਰਵੀਨ ਧੀਮਾਨ ਨੇ ਕਿਹਾ ਕਿ ਸਾਨੂੰ ਸਭ ਨੂੰ ਉਨ੍ਹਾਂ ਦੇਸ਼ ਭਗਤਾਂ ਦੇ ਦਿਖਾਏ ਰਾਹਾਂ ’ਤੇ ਚੱਲਣਾ ਚਾਹੀਦਾ ਹੈ ਜਿਨ੍ਹਾਂ ਨੇ ਦੇਸ਼ ਲਈ ਜਾਨ ਵਾਰ ਦਿੱਤੀ।
ਮੰਡੀ ਅਹਿਮਦਗੜ੍ਹ (ਪੱਤਰ ਪ੍ਰੇਰਕ): ਪ੍ਰਸ਼ਾਸਨ ਅਤੇ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਵੱਲੋਂ ਗਣਤੰਤਰ ਦਿਵਸ ਦੇਸ਼ ਭਗਤੀ ਦੀ ਭਾਵਨਾ ਤੇ ਸ਼ਰਧਾ ਨਾਲ ਮਨਾਇਆ ਗਿਆ। ਸਬ ਡਿਵੀਜ਼ਨ ਪੱਧਰ ਦਾ ਸਮਾਗਮ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ ਜਿੱਥੇ ਝੰਡਾ ਲਹਿਰਾਉਣ ਦੀ ਰਸਮ ਐੱਸ ਡੀ ਐੱਮ ਹਰਬੰਸ ਸਿੰਘ ਨੇ ਕੀਤੀ ਅਤੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਨਗਰ ਕੌਂਸਲ ਅਹਿਮਦਗੜ੍ਹ ਵਿਖੇ ਝੰਡਾ ਲਹਿਰਾਉਣ ਦੀ ਰਸਮ ਕਾਰਜਕਾਰੀ ਪ੍ਰਧਾਨ ਅਨੂੰ ਥਾਪਰ ਨੇ ਅਦਾ ਕੀਤੀ ਅਤੇ ਕਾਰਜ ਸਾਧਕ ਅਫਸਰ ਅਮਨਦੀਪ ਸਿੰਘ ਨੇ ਪਤਵੰਤਿਆਂ ਦਾ ਸਨਮਾਨ ਕੀਤਾ।
ਮਾਛੀਵਾੜਾ (ਪੱਤਰ ਪ੍ਰੇਰਕ): ਨਗਰ ਕੌਂਸਲ ਦਫ਼ਤਰ ਦੇ ਵਿਹੜੇ ਵਿਚ ਝੰਡਾ ਲਹਿਰਾਉਣ ਦੀ ਰਸਮ ਕਾਰਜ ਸਾਧਕ ਅਫ਼ਸਰ ਗੁਰਪਾਲ ਸਿੰਘ ਨੇ ਅਦਾ ਕੀਤੀ ਅਤੇ ਪੁਲੀਸ ਦੀ ਟੁਕੜੀ ਵਲੋਂ ਸਲਾਮੀ ਵੀ ਦਿੱਤੀ ਗਈ। ਸਕੂਲੀ ਬੱਚਿਆਂ ਵਲੋਂ ਰਾਸ਼ਟਰੀ ਗਾਇਨ ਵੀ ਕੀਤਾ ਗਿਆ। ਇਸ ਮੌਕੇ ‘ਆਪ’ ਆਗੂ ਮੋਹਿਤ ਕੁੰਦਰਾ, ਸੁਖਵਿੰਦਰ ਸਿੰਘ ਗਿੱਲ, ਆੜ੍ਹਤੀ ਬਲਵਿੰਦਰ ਸਿੰਘ ਮਾਨ, ਜਗਮੀਤ ਸਿੰਘ ਮੱਕੜ, ਪ੍ਰਵੀਨ ਮੱਕੜ, ਚੇਅਰਮੈਨ ਧਰਮਵੀਰ ਧੰਮੀ, ਨਰਿੰਦਰਪਾਲ ਨਿੰਦੀ, ਅਮਰਜੀਤ ਸਿੰਘ, ਸੁਖਦੇਵ ਸਿੰਘ ਬਿੱਟੂ, ਲੇਖਾਕਾਰ ਸੰਜੀਵ ਗਰੋਵਰ ਮੌਜੂਦ ਸਨ।
ਸਿੱਖਿਆ ਸੰਸਥਾਵਾਂ ਨੇ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ
ਲੁਧਿਆਣਾ (ਖੇਤਰੀ ਪ੍ਰਤੀਨਿਧ): ਸ਼ਹਿਰ ਦੀਆਂ ਸਿੱਖਿਆ ਸੰਸਥਾਵਾਂ ਵਿੱਚ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਸਰਕਾਰੀ ਕਾਲਜ ਲੁਧਿਆਣਾ ਈਸਟ ਵਿੱਚ ਕਾਲਜ ਪ੍ਰਿੰਸੀਪਲ ਪ੍ਰੋ. ਦੀਪਕ ਅਰੋੜਾ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਪ੍ਰੋ. ਅਰੋੜਾ ਨੇ ਤਿਰੰਗਾ ਲਹਿਰਾਉਣ ਦੀ ਰਸਮ ਤੋਂ ਬਾਅਦ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੱਲੋਂ ਤਿਆਰ ਕੀਤੇ ਸੰਵਿਧਾਨ ਰਾਹੀਂ ਹੀ ਅੱਜ ਅਸੀਂ ਆਪਣੇ ਅਧਿਕਾਰਾਂ ਦੀ ਵਰਤੋਂ ਕਰ ਰਹੇ ਹਾਂ। ਜੇਕਰ ਸੰਵਿਧਾਨ ਸਾਨੂੰ ਅਧਿਕਾਰ ਪ੍ਰਦਾਨ ਕਰਦਾ ਹੈ, ਉੱਥੇ ਸਾਡੇ ਮੌਲਿਕ ਕਰਤੱਵ ਵੀ ਹਨ ਤੇ ਸਾਨੂੰ ਆਪਣੇ ਕਰਤੱਵਾਂ ਪ੍ਰਤੀ ਵੀ ਸੁਚੇਤ ਰਹਿਣ ਦੀ ਲੋੜ ਹੈ। ਇਸੇ ਤਰ੍ਹਾਂ ਡੀਏਵੀ ਸਕੂਲ ਪੱਖੋਵਾਲ ਵਿੱਚ ਵੀ ਪ੍ਰਿੰਸੀਪਲ ਡਾ. ਸਤਵੰਤ ਕੌਰ ਦੀ ਅਗਵਾਈ ਹੇਠ ਗਣਤੰਤਰ ਦਿਵਸ ਮਨਾਇਆ ਗਿਆ। ਸਕੂਲ ਦੀ ਐਨਸੀਸੀ ਅਤੇ ਐਨਐਸਐਸ ਯੂਨਿਟ ਨੇ ਮਾਰਚ ਪਾਸਟ ਵਿੱਚ ਸ਼ਿਰਕਤ ਕੀਤੀ। ਐਨਸੀਸੀ ਦੇ ਏਐਨਓ ਮਦਨ ਲਾਲ ਸ਼ਰਮਾ, ਪੂਜਾ ਵਸ਼ਿਸ਼ਟ, ਗੋਪਾਲ ਠਾਕੁਰ, ਰਾਜੇਸ਼ ਸ਼ਰਮਾ ਦੀ ਮੌਜੂਦਗੀ ਵਿਚ ਐਨਸੀਸੀ ਕੈਡਿਟਾਂ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ।