ਸਾਂਝੇ ਮਸਲਿਆਂ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਨੁਮਾਇੰਦੇ ਇਕਜੁੱਟ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 17 ਸਤੰਬਰ
ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਅਤੇ ਸ਼ਹਿਰ ਦੇ ਕਈ ਹੋਰ ਲਮਕ ਰਹੇ ਸਾਂਝੇ ਮਸਲਿਆਂ ਦੇ ਹੱਲ ਲਈ ਅੱਜ ਇੱਥੋਂ ਸੈਕਟਰ-69 ਸਥਿਤ ਕਮਿਊਨਿਟੀ ਸੈਂਟਰ ਵਿਖੇ ਵੱਖ-ਵੱਖ ਸੰਘਰਸ਼ਸ਼ੀਲ ਤੇ ਸਮਾਜ ਸੇਵੀ ਜਥੇਬੰਦੀਆਂ ਦੀ ਭਰਵੀਂ ਇਕੱਤਰਤਾ ਹੋਈ। ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਦੀ ਅਗਵਾਈ ਹੇਠ ਪੰਜਾਬੀ ਸੱਭਿਆਚਾਰਕ ਅਤੇ ਵੈੱਲਫੇਅਰ ਸੁਸਾਇਟੀ ਦੇ ਸੱਦੇ ਇਕੱਠੀਆਂ ਹੋਈਆਂ ਹਮਖ਼ਿਆਲੀ ਧਿਰਾਂ ਨੇ ਇਕਸੁਰ ਵਿੱਚ ਕਿਹਾ ਕਿ ਯਤਨਸ਼ੀਲ ਸੰਘਰਸ਼ ਤੋਂ ਬਿਨਾਂ ਇਨ੍ਹਾਂ ਮਸਲਿਆਂ ਦੇ ਹੱਲ ਲਈ ਕੋਈ ਰਾਹ ਨਹੀਂ ਹੈ।
ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ, ਨੌਜਵਾਨ ਆਗੂ ਇੰਦਰਪਾਲ ਸਿੰਘ ਧਨੋਆ, ਕਰਨਲ ਡੀਪੀ ਸਿੰਘ, ਪਰਮਜੀਤ ਸਿੰਘ ਕਾਹਲੋਂ, ਦਿਲਦਾਰ ਸਿੰਘ, ਸੱਜਣ ਸਿੰਘ, ਸ਼ਮਿੰਦਰ ਸਿੰਘ ਹੈਪੀ, ਮਨਦੀਪ ਕੌਰ (ਸਾਬਕਾ ਪ੍ਰਧਾਨ ਹੋਮਲੈਂਡ), ਪੀਐਸ ਵਿਰਦੀ ਅਤੇ ਪ੍ਰਭਦੀਪ ਸਿੰਘ ਬੋਪਾਰਾਏ ਸਮੇਤ ਹੋਰਨਾਂ ਬੁਲਾਰਿਆਂ ਨੇ ਲੋਕਹਿੱਤ ਵਿੱਚ ਸਾਂਝੀ ਲੜਾਈ ਲੜਨ ਦਾ ਤਹੱਈਆ ਕੀਤਾ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੱਤਾ ਪਰਿਵਰਤਨ ਲਈ ਆਮ ਆਦਮੀ ਪਾਰਟੀ ਦੇ ਹੱਕ ਇਤਿਹਾਸਕ ਫ਼ਤਵਾ ਦਿੰਦਿਆਂ ਨਵੀਂ ਸਰਕਾਰ ਤੋਂ ਵੱਡੀਆਂ ਆਸਾਂ ਰੱਖੀਆਂ ਸਨ ਪਰ ਹੁਣ ਤੱਕ ਨਿਰਾਸ਼ਾ ਹੀ ਪੱਲਾ ਪਈ ਹੈ। ਜ਼ਿਆਦਾਤਰ ਬੁਲਾਰਿਆਂ ਨੇ ਇਹ ਕੋਈ ਨਵੀਂ ਗੱਲ ਨਹੀਂ ਹੈ, ਕਈ ਵਾਰ ਸੰਘਰਸ਼ਸ਼ੀਲ ਅਤੇ ਹਮਖ਼ਿਆਲ ਧਿਰਾਂ ਦੀ ਲਾਮਬੰਦੀ ਕਰਕੇ ਸਰਕਾਰਾਂ ਨੂੰ ਹਲੂਣਾ ਦੇਣਾ ਪੈਂਦਾ ਹੈ।
ਆਗੂਆਂ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਦਾ ਹੇਜ ਵੀ ਮਹਿਜ਼ ਖਾਨਾਪੂਰਤੀ ਸਾਬਤ ਹੋ ਰਿਹਾ ਹੈ। ਉਨ੍ਹਾਂ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਸ਼ਹਿਰ ਵਿੱਚ ਪੰਜਾਬੀ ਭਵਨ ਉਸਾਰਨ ਦੀ ਮੰਗ ਰੱਖਦਿਆਂ ਕਿਹਾ ਕਿ ਹਾਲੇ ਵੀ ਕਾਫ਼ੀ ਥਾਵਾਂ ’ਤੇ ਪੰਜਾਬੀ ਦੀ ਥਾਂ ਅੰਗਰੇਜ਼ੀ ਵਿੱਚ ਕੰਮ ਹੋ ਰਿਹਾ ਹੈ। ਜਿਸ ਤੋਂ ਪੰਜਾਬ ਵਿੱਚ ਹੀ ਆਪਣੀ ਬੋਲੀ ਬੇਗਾਨੀ ਜਾਪਣ ਲੱਗੀ ਹੈ। ਬੁਲਾਰਿਆਂ ਨੇ ਮੁਹਾਲੀ ਵਿੱਚ ਸਿਟੀ ਬੱਸ ਸਰਵਿਸ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ।
ਅਖ਼ੀਰ ਵਿੱਚ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਸੁਸਾਇਟੀ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਪ੍ਰਾਪਰਟੀ ਟੈਕਸ ਦੇ ਮਾਮਲੇ ਵਿੱਚ ਲੋਕਾਂ ਦੇ ਸਹਿਯੋਗ ਨਾਲ ਸੰਘਰਸ਼ ਵਿੱਢਿਆ ਗਿਆ। ਜਿਸ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ। ਇੰਜ ਹੀ ਸੈਕਟਰ-76 ਤੋਂ 80 ਦੇ ਲੋਕਾਂ ਨੂੰ ਇਨਹਾਸਮੈਂਟ ਜਮ੍ਹਾਂ ਕਰਾਉਣ ਲਈ ਕਿਹਾ ਜਾ ਰਿਹਾ ਹੈ ਅਤੇ ਸੰਘਰਸ਼ ਤੋਂ ਬਿਨਾਂ ਹੱਲ ਸੰਭਵ ਨਹੀਂ ਹੈ।