ਕੌਮਾਂਤਰੀ ਸੰਮੇਲਨ ’ਚ ਸ਼ਾਮਲ ਹੋਏ ਨਿਸ਼ਾਨ-ਏ-ਸਿੱਖੀ ਦੇ ਨੁਮਾਇੰਦੇ
ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 28 ਨਵੰਬਰ
ਨਿਸ਼ਾਨ-ਏ-ਸਿੱਖੀ ਕਾਰ ਸੇਵਾ ਖਡੂਰ ਸਾਹਿਬ ਦੇ ਨੁਮਾਇੰਦਿਆਂ ਵੱਲੋਂ ਕੌਮਾਂਤਰੀ ਸੰਮੇਲਨ ’ਚ ਕੁਦਰਤ ਪੱਖੀ ਖੇਤੀ ਅਤੇ ਜਲਵਾਯੂ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਅਤੇ ਪ੍ਰਦਰਸ਼ਨੀ ਲਾਈ ਗਈ।
ਕੁਦਰਤ ਪ੍ਰੇਮੀ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੇ ਨਿਸ਼ਾਨ ਏ-ਸਿੱਖੀ ਚੈਰੀਟੇਬਲ ਟਰੱਸਟ ਦਾ ਤਿੰਨ ਮੈਂਬਰੀ ਵਫ਼ਦ ਬਾਬਾ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਅਜ਼ਰਬਾਈਜਾਨ ਦੇ ਬਾਕੂ ’ਚ ਯੂਐੱਨਐੱਫਸੀਸੀਸੀ ਵੱਲੋਂ ਜਲਵਾਯੂ ਤਬਦੀਲੀ ’ਤੇ ਅਧਾਰਿਤ ਕੌਮਾਂਤਰੀ ਸੰਮੇਲਨ ਵਿੱਚ ਸ਼ਮੂਲੀਅਤ ਕਰ ਕੇ ਵਾਪਸ ਪੁੱਜਾ ਹੈ। ਵਫ਼ਦ ਵੱਲੋਂ ਸੰਮੇਲਨ ਵਿੱਚ ਇਕ ਹਫ਼ਤੇ ਵਾਸਤੇ ਜਲਵਾਯੂ ਤਬਦੀਲੀ ਦੇ ਅੰਤਰਗਤ ਕਾਰਜਸ਼ੀਲ ਵਿਸ਼ਵ ਦੀਆਂ ਵੱਖ-ਵੱਖ ਸੰਸਥਾਵਾਂ ਨਾਲ ਪ੍ਰਦਰਸ਼ਨੀ ਖੇਮਾ ਸਾਂਝਾ ਕੀਤਾ ਗਿਆ ਅਤੇ ਖਡੂਰ ਸਾਹਿਬ ’ਚ ਚੱਲ ਰਹੇ ਵਾਤਾਵਰਣ ਅਤੇ ਜਲਵਾਯੂ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਸੰਸਥਾ ਦੇ ਨੁਮਾਇੰਦਿਆਂ ਵੱਲੋਂ ਡਾ. ਜਸਦੇਵ ਸਿੰਘ ਰਾਏ ਐੱਸ.ਐੱਚ.ਆਰ.ਜੀ. ਲੰਡਨ ਦੇ ਸਹਿਯੋਗ ਨਾਲ ਵਿਸ਼ਵ ਦੇ ਵਿਭਿੰਨ ਖਿੱਤਿਆਂ ਵਿੱਚ ਜਲਵਾਯੂ ਤਬਦੀਲੀ ਦੇ ਅਲੱਗ-ਅਲੱਗ ਖੇਤਰਾਂ ਵਿਚ ਕੰਮ ਕਰ ਰਹੀਆਂ ਸੰਸਥਾਵਾਂ ਨਾਲ ਸਬੰਧਿਤ ਗਿਆਨ ਅਤੇ ਕਾਰਜ ਵਿਧੀਆਂ ਦੇ ਅਦਾਨ-ਪ੍ਰਦਾਨ ਸਬੰਧੀ ਵਿਚਾਰ-ਵਟਾਂਦਰੇ ਕੀਤੇ ਗਏ। ਵਫ਼ਦ ਵਿੱਚ ਬਾਬਾ ਗੁਰਪ੍ਰੀਤ ਸਿੰਘ ਦੇ ਨਾਲ ਸੂਬੇਦਾਰ ਬਲਬੀਰ ਸਿੰਘ ਅਤੇ ਲੈਕਚਰਾਰ ਜਗਰੂਪ ਸਿੰਘ ਵੀ ਸੰਸਥਾ ਦੇ ਨੁਮਾਇੰਦਿਆਂ ਵਜੋਂ ਸ਼ਾਮਿਲ ਸਨ।