For the best experience, open
https://m.punjabitribuneonline.com
on your mobile browser.
Advertisement

ਪੁਲਾੜ ਮਿਸ਼ਨਾਂ ’ਚ ਮਹਿਲਾਵਾਂ ਦੀ ਨੁਮਾਇੰਦਗੀ ਵਧੇ: ਸੋਮਨਾਥ

07:33 AM Oct 25, 2023 IST
ਪੁਲਾੜ ਮਿਸ਼ਨਾਂ ’ਚ ਮਹਿਲਾਵਾਂ ਦੀ ਨੁਮਾਇੰਦਗੀ ਵਧੇ  ਸੋਮਨਾਥ
ਇਸਰੋ ਦੇ ਚੇਅਰਮੈਨ ਐੱਸ ਸੋਮਨਾਥ ਵਿੱਦਿਆਰੰਭਮ ਸਮਾਰੋਹ ਦੌਰਾਨ ਇਕ ਬੱਚੇ ਨੂੰ ਆਸ਼ੀਰਵਾਦ ਦਿੰਦੇ ਹੋਏ। -ਫੋਟੋ: ਪੀਟੀਆਈ
Advertisement

ਤਿਰੂਵਨੰਤਪੁਰਮ, 24 ਅਕਤੂਬਰ
ਭਾਰਤੀ ਪੁਲਾੜ ਖੋਜ ਸੰਸਥਾ ਦੇ ਚੇਅਰਮੈਨ ਐੱਸ ਸੋਮਨਾਥ ਨੇ ਅੱਜ ਦੇਸ਼ ਦੇ ਕੌਮੀ ਪੁਲਾੜ ਮਿਸ਼ਨਾਂ ਵਿੱਚ ਔਰਤਾਂ ਦੀ ਨੁਮਾਇੰਦਗੀ ਵਧਾਉਣ ਦੀ ਇੱਛਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਇੱਛਾ ਪ੍ਰਧਾਨ ਮੰਤਰੀ ਸਣੇ ਸਮੁੱਚੇ ਰਾਸ਼ਟਰ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਦੀ ਹੈ। ਇੱਥੇ ਪੂਰਨਾਮਿਕਾਵੂ ਮੰਦਰ ਵਿੱਚ ਇਕ ਸਮਾਰੋਹ ਦੌਰਾਨ ਸੋਮਨਾਥ ਨੇ ਬੱਚਿਆਂ ਦੇ ਅੱਖਰਾਂ ਦੀ ਦੁਨੀਆਂ ਵਿੱਚ ਪ੍ਰਵੇਸ਼ ਦੇ ਹਿੱਸੇ ਵਜੋਂ ਵਿਜੈਦਸਮੀ ਮੌਕੇ ਕਰਵਾਏ ਗਏ ਵਿੱਦਿਆਰੰਭਮ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਇਸਰੋ ਦੇ ਗਗਨਯਾਨ ਮਿਸ਼ਨ ਵਿੱਚ ਵਧੇਰੇ ਔਰਤਾਂ ਨੂੰ ਪੁਲਾੜ ਯਾਤਰੀ ਵਜੋਂ ਦੇਖਣ ਦੀ ਆਸ ਪ੍ਰਗਟਾਈ। ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਿਉਂਕਿ ਪੁਲਾੜ ਯਾਤਰੀਆਂ ਦੀ ਚੋਣ ਅਤੇ ਸਿਖਲਾਈ ਪਹਿਲਾਂ ਹੀ ਹੋ ਚੁੱਕੀ ਹੈ, ਇਸ ਵਾਸਤੇ ਗਗਨਯਾਨ ਦੇ ਸ਼ੁਰੂਆਤੀ ਮਿਸ਼ਨ ਵਿੱਚ ਔਰਤਾਂ ਦੀ ਹਿੱਸੇਦਾਰੀ ਸੰਭਵ ਨਹੀਂ ਹੋਵੇਗੀ, ਜਿਸ ਦਾ ਉਦੇਸ਼ ਮਨੁੱਖਾਂ ਨੂੰ ਪੁਲਾੜ ਵਿੱਚ ਭੇਜਣਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਧਰਤੀ ’ਤੇ ਵਾਪਸ ਲਿਆਉਣਾ ਹੈ। ਹਾਲਾਂਕਿ, ਉਨ੍ਹਾਂ ਨੇ ਭਵਿੱਖ ਦੇ ਗਗਨਯਾਨ ਮਿਸ਼ਨਾਂ ਵਿੱਚ ਔਰਤਾਂ ਦੀ ਵਧੇਰੇ ਭਾਗੀਦਾਰੀ ਦੀ ਆਸ ਪ੍ਰਗਟਾਈ। ਉਨ੍ਹਾਂ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਪੁਲਾੜ ਮਿਸ਼ਨਾਂ ਵਿੱਚ ਵਧੇਰੇ ਮਹਿਲਾ ਐਸਟਰੋਨਾਟ ਭੇਜਣਾ ਮੇਰੀ ਇੱਛਾ ਸੂਚੀ ਦਾ ਹਿੱਸਾ ਹੈ ਅਤੇ ਮੈਂ ਸਿਰਫ ਪ੍ਰਧਾਨ ਮੰਤਰੀ ਸਣੇ ਰਾਸ਼ਟਰ ਦੀ ਆਵਾਜ਼ ਉਠਾਈ ਹੈ।’’
ਇਸਰੋ ਦੇ ਚੇਅਰਮੈਨ ਨੇ ਕਿਹਾ ਕਿ ਪੁਲਾੜ ਏਜੰਸੀ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਮਨੁੱਖ ਰਹਿਤ ਉਡਾਣ ਪ੍ਰੋਗਰਾਮ ਗਗਨਯਾਨ ਲਈ ਮਹਿਲਾ ਜੰਗੀ ਸਿਖਲਾਈ ਪਾਇਲਟਾਂ ਜਾਂ ਮਹਿਲਾ ਵਿਗਿਆਨਕਾਂ ਨੂੰ ਪਹਿਲ ਦੇਵੇਗੀ ਅਤੇ ਭਵਿੱਖ ਵਿੱਚ ਉਨ੍ਹਾਂ ਨੂੰ ਭੇਜੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸਰੋ ਅਗਲੇ ਸਾਲ ਆਪਣੇ ਮਨੁੱਖ ਰਹਿਤ ਗਗਨਯਾਨ ਪੁਲਾੜ ਯਾਨ ’ਤੇ ਇਕ ਮਹਿਲਾ ਹਿਊਮਨੋਇਡ ਨੂੰ ਭੇਜੇਗਾ ਜਿਹੜਾ ਕਿ ਮਨੁੱਖ ਵਾਂਗ ਦਿਖਣ ਵਾਲਾ ਰੋਬੋਟ ਹੋਵੇਗਾ। ਇਸਰੋ ਦੇ ਸਾਬਕਾ ਚੇਅਰਮੈਨ ਜੀ ਮਾਧਵਨ ਨਾਇਰ ਅਤੇ ਵਿਕਰਮ ਸਾਰਾਭਾਈ ਪੁਲਾੜ ਕੇਂਦਰ ਦੇ ਡਾਇਰੈਕਟਰ ਉੱਨੀਕ੍ਰਿਸ਼ਨਨ ਵੀ ਮੌਜੂਦ ਸਨ। ਇਸੇ ਦੌਰਾਨ ਪੂਜਾਪੁਰਾ ਵਿੱਚ ਸ੍ਰੀ ਸਰਸਵਤੀ ਦੇਵੀ ਮੰਦਰ ਵਿੱਚ ਹੋਏ ਵਿੱਦਿਆਰੰਭਮ ਸਮਾਰੋਹ ਵਿੱਚ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਹਿੱਸਾ ਲਿਆ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×