ਵੋਟਿੰਗ ਮਸ਼ੀਨਾਂ ਗਾਇਬ ਹੋਣ ਦੀ ਸੂਚਨਾ ਗ਼ਲਤ: ਏਆਰਓ
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 3 ਜੂਨ
ਲੋਕ ਸਭਾ ਚੋਣਾਂ ਤੋਂ ਬਾਅਦ ਗਿਦੜਬਾਹਾ ਹਲਕੇ ਦੀਆਂ ਵੋਟਿੰਗ ਮਸ਼ੀਨਾਂ ਗਿਣਤੀ ਕੇਂਦਰ ’ਚ ਨਾ ਪੁੱਜਣ ਜਾਂ ਦੇਰੀ ਨਾਲ ਪੁੱਜਣ ਅਤੇ ਗਾਇਬ ਹੋਣ ਦੀਆਂ ਚੱਲ ਰਹੀਆਂ ਤਰ੍ਹਾਂ-ਤਰ੍ਹਾਂ ਦੀ ‘ਚਰਚਾ’ ਨੂੰ ਗਲਤ ਦੱਸਦਿਆਂ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਸਾਰੀਆਂ ਮਸ਼ੀਨਾਂ ਸਹੀ ਤਰੀਕੇ ਨਾਲ ਗਿਣਤੀ ਕੇਂਦਰ ਵਿੱਚ ਪੁੱਜ ਗਈਆਂ ਸਨ। ਗਿਦੜਬਾਹਾ ਦੇ ਉਪ ਮੰਡਲ ਮੈਜਿਸਟਰੇਟ-ਕਮ-ਏਆਰ ਓ ਨੇ ਦੱਸਿਆ ਕਿ ਵੋਟਿੰਗ ਮਸ਼ੀਨਾਂ ਗਿਣਤੀ ਕੇਂਦਰ ’ਤੇ ਪੁੱਜ ਗਈਆਂ ਸਨ। ਉਨ੍ਹਾਂ ਦੱਸਿਆ ਕਿ ਮਸ਼ੀਨਾਂ ਦੀ ਮੂਵਮੈਂਟ ਸਬੰਧੀ ਸੂਮਹ ਉਮੀਦਵਾਰਾਂ ਦੇ ਨੁਮਾਇੰਦਿਆਂ ਨੂੰ ਪਹਿਲਾਂ ਤੋਂ ਹੀ ਸੂਚਿਤ ਕੀਤਾ ਜਾਂਦਾ ਹੈ ਉਹ ਵੀ ਮਸ਼ੀਨਾਂ ਦੇ ਨਾਲ-ਨਾਲ ਚੱਲਦੇ ਹਨ। ਇਸੇ ਤਰ੍ਹਾਂ ਮਸ਼ੀਨਾਂ ਦੀ ਮੂਵਮੈਂਟ ਲਈ ਜੀਪੀਐੱਸ ਨਾਲ ਲੈਸ ਵਾਹਨ ਦੀ ਹੀ ਵਰਤੋਂ ਹੁੰਦੀ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੇਵਲ ਉਨ੍ਹਾਂ ਮਸ਼ੀਨਾਂ ਨੂੰ ਹੀ ਕਾਊਂਟਿੰਗ ਸੈਂਟਰ ਤੱਕ ਲੈ ਕੇ ਜਾਇਆ ਜਾਂਦਾ ਹੈ ਜਿਨ੍ਹਾਂ ਵਿਚ ਵੋਟਾਂ ਪੋਲ ਹੋਈਆਂ ਹੁੰਦੀਆਂ ਹਨ ਅਤੇ ਰਿਜ਼ਰਵ ਮਸ਼ੀਨਾਂ ਨੂੰ ਰਿਜ਼ਰਵ ਸਟਰੌਂਗ ਰੂਮ ਵਿਚ ਹੀ ਰੱਖਿਆ ਜਾਂਦਾ ਹੈ ਜੋ ਗਿੱਦੜਬਾਹਾ ਵਿਖੇ ਹੀ ਸਥਿਤ ਹੈ।