ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਧਿਆਪਕਾ ਦੀ ਬਦਲੀ: ਪਿੰਡ ਭੈਣੀਬਾਘਾ ਵਾਸੀਆਂ ਨੇ ਸਕੂਲ ਨੂੰ ਜਿੰਦਰਾ ਲਾਇਆ

09:43 AM Oct 17, 2023 IST
ਪਿੰਡ ਭੈਣੀਬਾਘਾ ਦੇ ਸਰਕਾਰੀ ਸਕੂਲ ਨੂੰ ਜਿੰਦਰਾ ਲਾ ਕੇ ਧਰਨਾ ਦਿੰਦੇ ਹੋਏ ਵਿਦਿਆਰਥੀ ਅਤੇ ਲੋਕ।

ਪੱਤਰ ਪ੍ਰੇਰਕ
ਮਾਨਸਾ, 16 ਅਕਤੂਬਰ
ਇੱਥੋਂ ਨੇੜਲੇ ਪਿੰਡ ਭੈਣੀਬਾਘਾ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚੋਂ ਇੱਕ ਅਧਿਆਪਕ ਦੀ ਬਦਲੀ ਖ਼ਿਲਾਫ਼ ਪਿੰਡ ਵਾਸੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਵਿੱਚ ਸਕੂਲ ਦੇ ਗੇਟ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਅਧਿਆਪਕ ਦੀ ਬਦਲੀ ਦੇ ਆਰਡਰ ਤੁਰੰਤ ਰੱਦ ਕੀਤੇ ਜਾਣ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਇਸ ਵੱਡੇ ਸਕੂਲ ਵਿੱਚ ਪਿੰਡ ਭੈਣੀਬਾਘਾ ਅਤੇ ਆਸ-ਪਾਸ ਦੇ ਪਿੰਡਾਂ ਦੇ 662 ਬੱਚੇ ਵਿੱਦਿਆ ਹਾਸਲ ਕਰਨ ਆਉਂਦੇ ਹਨ ਤੇ ਇੱਥੇ ਪਹਿਲਾਂ ਹੀ ਅਧਿਆਪਕਾਂ ਦੀ ਵੱਡੀ ਘਾਟ ਹੈ।
ਉਨ੍ਹਾਂ ਦੱਸਿਆ ਕਿ ਅੰਗਰੇਜ਼ੀ, ਬਾਇਓਲਾਜੀ, ਮੈਥ ਤੇ ਹਿਸਟਰੀ ਦੇ ਲੈਕਚਰਾਰ ਦੀਆਂ ਪੋਸਟਾਂ ਖਾਲੀ ਹਨ ਜਦਕਿ ਵੋਕੇਸ਼ਨਲ ਮਾਸਟਰ, ਡੀਪੀਆਈ ਫਿਜੀਕਲ ਦੀਆਂ ਪੋਸਟਾਂ ਖਾਲੀ ਹਨ ਅਤੇ ਕੋਈ ਅਧਿਆਪਕ ਇਨ੍ਹਾਂ ’ਤੇ ਨਹੀਂ ਭੇਜਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਸਕੂਲ ਵਿੱਚ ਕੋਈ ਪ੍ਰ੍ਰਿੰਸੀਪਲ ਵੀ ਨਹੀਂ ਹੈ ਅਤੇ ਸਰਕਾਰ ਵੱਲੋਂ ਖਾਲੀ ਪੋਸਟਾਂ ’ਤੇ ਅਧਿਆਪਕ ਭੇਜਣ ਦੀ ਬਜਾਇ ਪਹਿਲਾਂ ਪੜ੍ਹਾ ਰਹੇ ਅਧਿਆਪਕਾਂ ਨੂੰ ਹੋਰਨਾਂ ਸਕੂਲਾਂ ਵਿੱਚ ਬਦਲਿਆ ਜਾ ਰਿਹਾ ਹੈ। ਧਰਨਾਕਾਰੀਆਂ ਨੇ ਅਧਿਆਪਕਾਂ ਨੂੰ ਸਕੂਲ ਅੰਦਰ ਨਹੀਂ ਜਾਣ ਦਿੱਤਾ ਅਤੇ ਪਿੰਡ ਵਾਸੀਆਂ ਨਾਲ ਧਰਨੇ ਵਿੱਚ ਵਿਦਿਆਰਥੀ ਵੀ ਸ਼ਾਮਲ ਹੋਏ। ਲੰਬਾ ਸਮਾਂ ਧਰਨਾ ਚੱਲਣ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫਸਰ ਹਰਿੰਦਰ ਸਿੰਘ ਭੁੱਲਰ ਨੇ ਮੌਕੇ ’ਤੇ ਆ ਕੇ ਧਰਨਾਕਾਰੀਆਂ ਨਾਲ ਗੱਲਬਾਤ ਦੌਰਾਨ ਭਰੋਸਾ ਦਿੱਤਾ ਕਿ ਬਦਲੀ ਗਈ ਅਧਿਆਪਕਾ ਮੀਨਾ ਕੁਮਾਰੀ ਨੂੰ ਇੱਥੋਂ ਨਹੀਂ ਭੇਜਿਆ ਜਾਵੇਗਾ ਤੇ ਹੁਕਮ ਰੱਦ ਕਰਵਾਉਣ ਲਈ ਸਰਕਾਰ ਨੂੰ ਲਿਖਤੀ ਭੇਜਿਆ ਜਾਵੇਗਾ। ਭਰੋਸੇ ਮਗਰੋਂ ਪਿੰਡ ਵਾਸੀਆਂ ਵੱਲੋਂ ਸਕੂਲ ਦੇ ਗੇਟ ਅੱਗੇ ਲੱਗਿਆ ਧਰਨਾ ਚੁੱਕ ਲਿਆ ਗਿਆ।
ਝੁਨੀਰ (ਸੁਰਜੀਤ ਵਸ਼ਿਸ਼ਟ): ਪਿੰਡ ਲਖਮੀਰਵਾਲਾ ਦੇ ਸਰਕਾਰੀ ਮਿਡਲ ਸਕੂਲ ਦੇ ਆਰਟ ਐਂਡ ਕਰਾਫਟ ਅਧਿਆਪਕ ਅਵਤਾਰ ਸਿੰਘ ਦੀ ਸਹਿਮਤੀ ਬਿਨਾ ਸਿੱਖਿਆ ਵਿਭਾਗ ਵੱਲੋਂ ਸਰਦੂਲਗੜ੍ਹ ਦੇ ਸਕੂਲ ਆਫ਼ ਐਮੀਨੈਂਸ ਵਿੱਚ ਅਚਾਨਕ ਬਦਲੀ ਕਰ ਦਿੱਤੀ ਗਈ ਹੈ ਜਦਕਿ ਇਸ ਅਧਿਆਪਕ ਦੀ ਸੇਵਾਮੁਕਤੀ ਵਿੱਚ ਕੁਝ ਹੀ ਮਹੀਨੇ ਬਾਕੀ ਹਨ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਸਵੀਰ ਸਿੰਘ, ਸਥਾਨਕ ਗ੍ਰਾਮ ਪੰਚਾਇਤ ਦੇ ਸਰਪੰਚ ਮਨਪ੍ਰੀਤ ਸਿੰਘ, ਸਥਾਨਕ ਸ਼ਹੀਦ ਊਧਮ ਸਿੰਘ ਯੂਥ ਕਲੱਬ ਦੇ ਪ੍ਰਧਾਨ ਸੰਦੀਪ ਸਿੰਘ ਲਾਡੀ, ਸਥਾਨਕ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਪਿੰਡ ਇਕਾਈ ਦੇ ਪ੍ਰਧਾਨ ਜਸਵੀਰ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸਥਾਨਕ ਪ੍ਰਧਾਨ ਨਾਇਬ ਸਿੰਘ, ਜਲੌਰ ਸਿੰਘ ਅਤੇ ਦਿਲਾਵਰ ਸਿੰਘ ਸਮੇਤ ਅਨੇਕਾਂ ਆਗੂਆਂ ਨੇ ਕਿਹਾ ਕਿ ਸਕੂਲ ਦੇ ਗੇਟ ਅੱਗੇ ਪਿੰਡ ਲਖਮੀਰਵਾਲਾ ਅਤੇ ਨਜ਼ਦੀਕੀ ਪਿੰਡਾਂ ਦੇ ਲੋਕਾਂ ਵੱਲੋਂ ਲਾਇਆ ਇਹ ਧਰਨਾ ਅਧਿਆਪਕ ਅਵਤਾਰ ਸਿੰਘ ਦੀ ਬਦਲੀ ਰੱਦ ਹੋਣ ਤੱਕ ਜਾਰੀ ਰਹੇਗਾ। ਪਿੰਡ ਦੇ ਮੋਹਤਬਰਾਂ ਨੇ ਕਿਹਾ ਕਿ ਅਵਤਾਰ ਸਿੰਘ ਵਰਗੇ ਹੋਣਹਾਰ ਅਧਿਆਪਕ ਦੀ ਬਦਲੀ ਨਾਲ ਸਕੂਲ ਦੇ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਭਾਰੀ ਰੋਸ ਹੈ।

Advertisement

Advertisement