ਸੁਪਰਵਾਈਜ਼ਰ ਦੀ ਬਦਲੀ: ਸੰਘਰਸ਼ ਕਮੇਟੀ ਵੱਲੋਂ ਆਰ-ਪਾਰ ਦੀ ਲੜਾਈ ਦਾ ਫ਼ੈਸਲਾ
ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਜੁਲਾਈ
ਇਥੇ ਸਿਹਤ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਮੋਗਾ ਤੋਂ ਪਟਿਆਲਾ ਦੀ ਕਥਿਤ ਸਿਆਸੀ ਬਦਲੀ ਨੂੰ ਪ੍ਰਸ਼ਾਸਨ ਵੱਲੋਂ ਰੱਦ ਕਰਵਾਉਣ ਦੇ ਭਰੋਸੇ ਉੱਤੇ ਕਥਿਤ ਨਾਂਹ ਪੱਖੀ ਅਤੇ ਟਾਲ ਮਟੋਲ ਰਵੱਈਏ ਖ਼ਿਲਾਫ਼ ਅੱਜ ਇਥੇ ਜਬਰ ਵਿਰੋਧੀ ਲੋਕ ਸੰਘਰਸ਼ ਕਮੇਟੀ ਨੇ ਮੀਟਿੰਗ ਕਰਕੇ ਆਰ ਪਾਰ ਦੀ ਲੜਾਈ ਦਾ ਫ਼ੈਸਲਾ ਲਿਆ ਹੈ। ਮੀਟਿੰਗ ਵਿੱਚ ਸੰਘਰਸ਼ਸ਼ੀਲ, ਧਾਰਮਿਕ, ਸਮਾਜਿਕ, ਸਮਾਜ ਸੇਵੀ ਜਥੇਬੰਦੀਆਂ, ਤੇ ਵਪਾਰਕ ਜਥੇਬੰਦੀਆਂ, ਟਰੇਡ ਯੂਨੀਅਨਾਂ ਤੇ ਫੈਡਰੇਸ਼ਨ ਆਗੂਆਂ ਨੇ ਸ਼ਮੂਲੀਅਤ ਕੀਤੀ।
ਸੰਘਰਸ਼ ਕਮੇਟੀ ਕਨਵੀਨਰ ਕਾਮਰੇਡ ਡਾ. ਇੰਦਰਵੀਰ ਗਿੱਲ, ਨੌਜਵਾਨ ਭਾਰਤ ਸਭਾ ਸੂਬਾ ਆਗੂ ਕਮਰਜੀਤ ਮਾਣੂੰਕੇ, ਕੋ-ਕਨਵੀਨਰ ਬਲੌਰ ਸਿੰਘ ਘੱਲ ਕਲਾਂ, ਗੁਰਮੇਲ ਸਿੰਘ ਮਾਛੀਕੇ, ਪਰੇਮ ਕੁਮਾਰ ਨੇ ਦੱਸਿਆ ਕਿ 3 ਜੁਲਾਈ ਨੂੰ ਰੋਸ ਮਾਰਚ ਦੌਰਾਨ ਸਿਵਲ ਤੇ ਪੁਲੀਸ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਉਨ੍ਹਾਂ ਨਾਲ ਮੀਟਿੰਗ ਕਰਕੇ ਜ਼ਲਦ ਬਦਲੀ ਰੱਦ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਸਰਕਾਰ ਦੇ ਕਥਿਤ ਨਾਂਹ ਪੱਖੀ ਅਤੇ ਟਾਲਮਟੋਲ ਵਾਲੇ ਰਵੱਈਏ ਖ਼ਿਲਾਫ਼ ਲੋਕਾਂ ਵਿਚ ਰੋਸ ਵਧਦਾ ਜਾ ਰਿਹਾ ਹੈ। ਉਨ੍ਹਾਂ ਆਰ ਪਾਰ ਦੀ ਲੜਾਈ ਦਾ ਐਲਾਨ ਕਰਦੇ ਦੱਸਿਆ ਕਿ ਭਲਕੇ ਐਤਵਾਰ 9 ਜੁਲਾਈ ਤੋਂ ਪਿੰਡਾਂ ਵਿੱਚ, ਖਾਸ ਕਰਕੇ ਹਾਕਮ ਧਿਰ ਵਿਧਾਇਕਾ ਡਾ.ਅਮਨਦੀਪ ਕੌਰ ਅਰੋੜਾ ਦੇ ਹਲਕੇ ਵਿਚ, ਲਗਾਤਾਰ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ ਅਤੇ 21 ਜੁਲਾਈ ਨੂੰ ਜਿਲ੍ਹਾ ਸਕੱਤਰੇਤ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਅਤੇ ਸਿਵਲ ਹਸਪਤਾਲ ਤੇ ਹੋਰ ਵਿਭਾਗਾਂ ਵਿੱਚ ਚੱਲ ਰਹੇ ਭ੍ਰਿਸ਼ਟਾਚਾਰ ਦੀ ਉਚ ਪੱਧਰੀ ਜਾਂਚ, ਸਿਹਤ ਸੇਵਾਵਾਂ ਨੂੰ ਮੁੜ ਬਹਾਲ ਕਰਵਾਉਣ ਤੇ ਸਿਹਤ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਸਿਆਸੀ ਦਬਾਅ ਹੇਠ ਕੀਤੀ ਗਈ ਬਦਲੀ ਨੂੰ ਰੱਦ ਕਰਵਾਉਣ ਤੱਕ ਲੜਾਈ ਜਾਰੀ ਰੱਖੀ ਜਾਵੇਗੀ। ਮੀਟਿੰਗ ’ਚ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕੁਲਦੀਪ ਭੋਲਾ, ਕਿਰਤੀ ਕਿਸਾਨ ਯੂਨੀਅਨ ਦੇ ਚਮਕੌਰ ਸਿੰਘ ਰੋਡੇ, ਡੀਟੀਐੈੱਫ ਦੇ ਸੁਰਿੰਦਰ ਰਾਮ ਕੁੱਸਾ, ਪੇਂਡੂ ਮਜ਼ਦੂਰ ਯੂਨੀਅਨ ਦੇ ਮੰਗਾ ਵੈਰੋਕੇ ਹਾਜ਼ਰ ਸਨ।