ਡੇਢ ਮਹੀਨੇ ਤੋਂ ਖਰਾਬ ਟਰਾਂਸਫਾਰਮਰ ਬਦਲਿਆ
ਨਿੱਜੀ ਪੱਤਰ ਪ੍ਰੇਰਕ
ਖੰਨਾ, 15 ਮਈ
ਇਥੋਂ ਦੇ ਨੇੜਲੇ ਪਿੰਡ ਘੁੰਗਰਾਲੀ ਰਾਜਪੂਤਾਂ ਵਿੱਚ ਸੜਕ ਕਿਨਾਰੇ ਕਰੀਬ ਡੇਢ ਮਹੀਨੇ ਤੋਂ ਲਟਕ ਰਹੇ ਖਰਾਬ ਟਰਾਂਸਫਾਰਮਰ ਅਤੇ ਖੰਭੇ ਦੀ ਆਖ਼ਿਰ ਸੁਣੀ ਗਈ। ਅਸਲ ਵਿਚ ਇਹ ਸੁਣਵਾਈ 14 ਮਈ ਨੂੰ ਪੰਜਾਬੀ ਟ੍ਰਿਬਿਊਨ ਵਿਚ ਛਪੀ ਖਬਰ ਦਾ ਅਸਰ ਹੈ। ਜ਼ਿਕਰਯੋਗ ਹੈ ਕਿ ਕਰੀਬ ਡੇਢ ਮਹੀਨਾ ਪਹਿਲਾਂ ਰਾਤ ਸਮੇਂ ਇਕ ਤੇਜ਼ ਰਫਤਾਰ ਸਵਿਫ਼ਟ ਕਾਰ ਖੰਭੇ ਵਿਚ ਵੱਜੀ, ਜਿਸਦੇ ਸਿੱਟੇ ਵਜੋਂ ਖੰਭਾ ਟੁੱਟ ਗਿਆ ਅਤੇ ਇਸ ਉੱਪਰ ਲੱਗੇ ਟਰਾਂਸਫ਼ਾਰਮਰ ਦਾ ਕਾਫ਼ੀ ਨੁਕਸਾਨ ਹੋਇਆ, ਜੋ ਕਿ ਇਕ ਪਾਸੇ ਲਟਕ ਗਿਆ ਸੀ। ਇਸ ਦੇ ਨਾਲ ਹੀ ਪਿੰਡ ਦੇ 75 ਘਰਾਂ ਦੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ। ਉਸ ਸਮੇਂ ਪਿੰਡ ਦੇ ਵਸਨੀਕਾਂ ਦਾ ਇਕ ਵਫ਼ਦ ਤੇਜਾ ਸਿੰਘ ਕੁਲਾਰ, ਜਸਦੀਪ ਸਿੰਘ, ਨਾਜਰ ਸਿੰਘ, ਨੰਬਰਦਾਰ ਜਰਨੈਲ ਸਿੰਘ, ਮਨਦੀਪ ਸਿੰਘ ਦੀ ਅਗਵਾਈ ਹੇਠਾਂ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਮਿਲਿਆ ਅਤੇ ਸਮੱਸਿਆ ਦਾ ਹੱਲ ਮੰਗਿਆ। ਵਫ਼ਦ ਅਨੁਸਾਰ ਵਾਰ ਵਾਰ ਮਿਲਣ ਦੇ ਬਾਵਜੂਦ ਬਿਜਲੀ ਅਧਿਕਾਰੀ ਟਾਲ ਮਟੋਲ ਕਰਦੇ ਰਹੇ। ਆਖਰ 14 ਮਈ ਨੂੰ ਅਖਬਾਰ ਵਿਚ ਛਪੀ ਖਬਰ ਉਪਰੰਤ ਬਿਜਲੀ ਅਧਿਕਾਰੀ ਤੁਰੰਤ ਹਰਕਤ ਵਿਚ ਆਏ ਅਤੇ 24 ਘੰਟੇ ਅੰਦਰ ਹੀ ਨਵੇਂ ਖੰਭੇ ਦੇ ਨਾਲ ਦੂਜਾ ਟਰਾਂਸਫਾਰਮਰ ਰੱਖ ਕੇ ਬਿਜਲੀ ਸਪਲਾਈ ਜਾਰੀ ਕਰ ਦਿੱਤੀ, ਜਿਸ ਨਾਲ ਪਿੰਡ ਵਾਸੀਆਂ ਨੂੰ ਵੱਡੀ ਰਾਹਤ ਮਹਿਸੂਸ ਹੋਈ ਹੈ।