ਵਾਰ ਵਾਰ ਪੜ੍ਹਨਯੋਗ ਚੈੱਕ-ਫਰਾਂਸੀਸੀ ਲੇਖਕ ਮਿਲਾਨ ਕੁੰਦੇਰਾ
ਮਨੁੱਖੀ ਰਿਸ਼ਤਿਆਂ ਦੀਆਂ ਗੁੰਝਲਾਂ ਅਤੇ ਬੇਭਰੋਸਗੀ ਨਾਲ ਭਰੇ ਸੰਸਾਰ ਵਿੱਚ ਜੀਵਨ ਦੇ ਅਰਥ ਦੀ ਡੂੰਘੀ ਪੜਚੋਲ ਕਰਨ ਵਾਲਾ ਵਿਸ਼ਵ ਪ੍ਰਸਿੱਧ ਚੈੱਕ-ਫਰਾਂਸੀਸੀ ਲੇਖਕ ਮਿਲਾਨ ਕੁੰਦੇਰਾ 11 ਜੁਲਾਈ ਨੂੰ 94 ਸਾਲ ਦੀ ਉਮਰ ਭੋਗ ਕੇ ਪੈਰਿਸ ਵਿੱਚ ਚਲਾਣਾ ਕਰ ਗਿਆ। ਉਸ ਦਾ ਜਨਮ 1 ਅਪਰੈਲ 1929 ਨੂੰ ਚੈਕੋਸਲੋਵਾਕੀਆ ਦੇ ਸ਼ਹਿਰ ਬ੍ਰਨੋ ਵਿੱਚ ਹੋਇਆ ਸੀ (1993 ਵਿੱਚ ਇਹ ਮੁਲਕ ਸ਼ਾਂਤੀਪੂਰਵਕ ਦੋ ਵੱਖ ਵੱਖ ਦੇਸ਼ਾਂ- ਚੈੱਕ ਰਿਪਬਲਿਕ ਅਤੇ ਸਲੋਵਾਕੀਆ - ਵਿੱਚ ਵੰਡਿਆ ਗਿਆ)। ਉਹ ਅਜੇ ਨੌਂ ਸਾਲ ਦਾ ਹੀ ਸੀ ਕਿ ਚੈਕੋਸਲੋਵਾਕੀਆ ਉੱਪਰ ਨਾਜ਼ੀ ਜਰਮਨੀ ਨੇ ਕਬਜ਼ਾ ਕਰ ਲਿਆ ਜੋ ਦੂਜੀ ਆਲਮੀ ਜੰਗ ਦੇ ਅੰਤ ਤੀਕ ਰਿਹਾ। ਇਸ ਯੁੱਧ ਵਿੱਚ ਜਰਮਨੀ ਦੀ ਹਾਰ ਹੋ ਗਈ ਤਾਂ ਦੇਸ਼ ਵਿੱਚ ਬਣੀ ਨਵੀਂ ਹਕੂਮਤ ਨੇ ਸੋਵੀਅਤ ਰੂਸ ਦੇ ਪ੍ਰਭਾਵ ਵਾਲੀ ਕਮਿਊਨਿਸਟ ਸਰਕਾਰ ਸਥਾਪਿਤ ਕਰ ਦਿੱਤੀ।
ਕੁੰਦੇਰਾ ਨੇ ਸਾਹਿਤ ਸਿਰਜਨ ਲਈ ਪਹਿਲਾਂ ਆਪਣੀ ਮਾਂ-ਬੋਲੀ ‘ਚੈੱਕ’ ਨੂੰ ਚੁਣਿਆ। ਸ਼ੁਰੂਆਤ ਕਵਿਤਾਵਾਂ ਨਾਲ ਕੀਤੀ, ਪਰ ਬਾਅਦ ਵਿੱਚ ਉਹ ਵਾਰਤਕ ਵੱਲ ਮੁੜ ਗਿਆ। 1967 ਵਿੱਚ ਉਸ ਨੇ ਜੋਕ (ਮਜ਼ਾਕ) ਨਾਂ ਦਾ ਪਹਿਲਾ ਨਾਵਲ ਲਿਖਿਆ ਜਿਸ ਵਿੱਚ ਉਸ ਨੇ ਕਮਿਊਨਿਸਟ ਹਕੂਮਤ ’ਤੇ ਵਿਅੰਗ ਕੀਤਾ। 1968 ਵਿੱਚ ਚੈਕੋਸਲੋਵਾਕੀਆ ਵਿੱਚ ਜਮਹੂਰੀ ਉਭਾਰ ਆਇਆ, ਪਰ ਸੋਵੀਅਤ ਰੂਸ ਨੇ ਫ਼ੌਜੀ ਦਖ਼ਲ ਦੇ ਕੇ ਉਸ ਨੂੰ ਦਬਾ ਦਿੱਤਾ। 1975 ਵਿੱਚ ਕੁੰਦੇਰਾ ਚੈਕੋਸਲੋਵਾਕੀਆ ਛੱਡ ਕੇ ਫਰਾਂਸ ਵਿੱਚ ਜਾ ਵਸਿਆ। 1979 ਵਿੱਚ ਸਰਕਾਰ ਨੇ ਉਸ ਦੀਆਂ ਲਿਖਤਾਂ ’ਤੇ ਪਾਬੰਦੀ ਲਾ ਦਿੱਤੀ ਅਤੇ ਉਸ ਦੀ ਚੈਕੋਸਲੋਵਾਕੀਆ ਦੀ ਨਾਗਰਿਕਤਾ ਖੋਹ ਲਈ। ਉਸ ਨੇ ਆਪਣੀ ਬਾਕੀ ਦੀ ਉਮਰ ਫਰਾਂਸ ਵਿੱਚ ਲੰਘਾਈ ਅਤੇ ਅਗਲੇਰੀਆਂ ਕਿਤਾਬਾਂ ਫਰਾਂਸੀਸੀ ਭਾਸ਼ਾ ਵਿੱਚ ਹੀ ਲਿਖੀਆਂ। ਉਸ ਦਾ ਇਸਰਾਰ ਸੀ ਕਿ ਉਸ ਦੀਆਂ ਲਿਖਤਾਂ ਦਾ ਅਧਿਐਨ ਫਰਾਂਸੀਸੀ ਸਾਹਿਤ ਦੇ ਹਿੱਸੇ ਵਜੋਂ ਹੀ ਕੀਤਾ ਜਾਣਾ ਚਾਹੀਦਾ ਹੈ। ਕਿਤਾਬਾਂ ਦੀਆਂ ਦੁਕਾਨਾਂ ਵਿੱਚ ਵੀ ਉਸ ਦੀਆਂ ਲਿਖਤਾਂ ਫਰਾਂਸੀਸੀ ਸਾਹਿਤ ਦੇ ਖਾਨੇ ਵਿੱਚ ਹੀ ਰੱਖੀਆਂ ਜਾਣੀਆਂ ਚਾਹੀਦੀਆਂ ਹਨ।
ਕੁੰਦੇਰਾ ਨੇ 1967 ਤੋਂ 2013 ਦੌਰਾਨ 10 ਨਾਵਲ ਅਤੇ ਤਿੰਨ ਵਾਰਤਕ ਦੀਆਂ ਕਿਤਾਬਾਂ ਲਿਖੀਆਂ। ਉਸ ਦੀਆਂ ਲਿਖਤਾਂ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ 1984 ’ਚ ਛਪੇ ਨਾਵਲ ‘ਦਿ ਅਨਬੀਅਰੇਬਲ ਲਾਈਟਨੈੱਸ ਆਫ਼ ਬੀਇੰਗ’ (‘ਹੋਣ’ ਦਾ ਅਸਹਿ ਹਲਕਾਪਣ) ਨਾਲ ਮਿਲੀ ਜੋ ਦੋ ਜੋੜਿਆਂ- ਟੌਮਸ ਤੇ ਟੇਰੇਜ਼ਾ ਅਤੇ ਫ੍ਰਾਂਜ਼ ਅਤੇ ਸਬੀਨਾ- ਦੇ ਜੀਵਨ ’ਤੇ ਕੇਂਦਰਿਤ ਹੈ। ਇਹ ਨਾਵਲ 1968 ਦੇ ਸੋਵੀਅਤ ਹਮਲੇ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਦੇ ਚੈਕੋਸਲੋਵਾਕੀਆ ਵਿੱਚ ਸੈੱਟ ਕੀਤਾ ਗਿਆ ਹੈ। ਇਸ ਦੇ ਪਾਤਰ ਆਪਣੇ ਰੋਮਾਂਟਿਕ ਰਿਸ਼ਤਿਆਂ ਅਤੇ ਨਿੱਜੀ ਵਿਚਾਰਧਾਰਾਵਾਂ ਨੂੰ ਪਰਿਭਾਸ਼ਿਤ ਅਤੇ ਮੁੜ ਪਰਿਭਾਸ਼ਿਤ ਕਰਦੇ ਹਨ। ਇਸ ਨਾਵਲ ਬਾਰੇ ਵਿਸ਼ਵ ਪ੍ਰਸਿੱਧ ਸਾਹਿਤਕਾਰ ਸਲਮਾਨ ਰਸ਼ਦੀ ਨੇ ਲਿਖਿਆ: ‘ਇਸ ਖ਼ੂਬਸੂਰਤ ਨਾਵਲ ਦੀ ਸੂਖਮਤਾ, ਕਾਮੇਡੀ ਅਤੇ ਸਿਆਣਪ ਨਾਲ ਇੱਥੇ ਇਨਸਾਫ਼ ਕਰਨਾ ਅਸੰਭਵ ਹੈ। ਸਪੱਸ਼ਟ ਤੌਰ ’ਤੇ ਜੋਕ ਦਾ ਲੇਖਕ ਅੱਜ ਦੇ ਬਿਹਤਰੀਨ ਲੇਖਕਾਂ ਵਿੱਚੋਂ ਹੈ।’
ਕੁੰਦੇਰਾ ਦਾ ਮੰਨਣਾ ਹੈ ਕਿ ਰਾਜਨੀਤਿਕ ਲਹਿਰਾਂ ਤਰਕਸ਼ੀਲ ਰਵੱਈਏ ਉੱਤੇ ਇੰਨੀਆਂ ਜ਼ਿਆਦਾ ਆਧਾਰਿਤ ਨਹੀਂ ਹੁੰਦੀਆਂ ਜਿੰਨੀਆਂ ਇਹ ਕਲਪਨਾਵਾਂ, ਪਰਿਕਲਪਨਾਵਾਂ, ਸ਼ਬਦਾਂ ਅਤੇ ਆਦਰਸ਼ ਅਵਧਾਰਨਾਵਾਂ ’ਤੇ ਹੁੰਦੀਆਂ ਹਨ ਜੋ ਕਿਸੇ ਵੀ ਰਾਜਨੀਤਿਕ ਕਿਚ (kitsch; ਫੂਹੜ ਮਿਲਗੋਭਾ) ਨੂੰ ਸਿਰਜਣ ਲਈ ਜੁਟਾਏ ਜਾਂਦੇ ਹਨ। ਧਰਤੀ ’ਤੇ ਮਨੁੱਖ ਦਾ ਭਾਈਚਾਰਾ ਕੇਵਲ ‘ਕਿਚ’ ਦੇ ਆਧਾਰ ’ਤੇ ਹੀ ਸੰਭਵ ਹੋ ਸਕਦਾ ਹੈ, ਅਸਲੀਅਤ ’ਤੇ ਨਹੀਂ। ਉਹ ਲੋਕ ਵੀ ਜਿਹੜੇ ਤਾਨਾਸ਼ਾਹੀ ਹਕੂਮਤ ਵਿਰੁੱਧ ਸੰਘਰਸ਼ ਕਰਦੇ ਹਨ, ਸਵਾਲ ਅਤੇ ਸ਼ੰਕੇ ਬਰਦਾਸ਼ਤ ਨਹੀਂ ਕਰ ਸਕਦੇ। ਭੀੜ ਨੂੰ ਮਗਰ ਲਾਉਣ ਲਈ, ਸਾਰਿਆਂ ਦੀਆਂ ਅੱਖਾਂ ’ਚ ਹੰਝੂ ਵਗਾਉਣ ਲਈ, ਉਨ੍ਹਾਂ ਨੂੰ ਵੀ ਨਿਸ਼ਚਿਤਤਾਵਾਂ ਅਤੇ ਸਾਧਾਰਨ ਤੱਥਾਂ ਦੀ ਲੋੜ ਹੈ। ਅਸੀਂ ਇਸ ਨੂੰ ਕਿੰਨਾ ਵੀ ਨਿੰਦੀਏ, ਇਹ ‘ਕਿਚ’ ਮਨੁੱਖੀ ਸਥਿਤੀ ਦਾ ਅਨਿੱਖੜਵਾਂ ਅੰਗ ਹੈ।
ਕੁੰਦੇਰਾ ਦੇ ਪਾਤਰ ਆਮ ਢੱਰੇ ਦਾ ਜੀਵਨ ਜਿਉਣ ਵਾਲੇ ਲੋਕ ਨਹੀਂ ਹਨ। ਇਸੇ ਨਾਵਲ ਦੀ ਇੱਕ ਹੋਰ ਪਾਤਰ ਸਬੀਨਾ ਵਫ਼ਾਦਾਰੀ ਨਾਲੋਂ ਵਿਸ਼ਵਾਸਘਾਤ ’ਤੇ ਵਧੇਰੇ ਮੋਹਿਤ ਹੈ। ਸ਼ਬਦ ‘ਵਫ਼ਾਦਾਰੀ’ ਉਸ ਨੂੰ ਆਪਣੇ ਪਿਤਾ ਦੀ ਕਸਬੇ ਵਾਲੀ ਸ਼ੁੱਧਤਾਵਾਦੀ ਨੈਤਿਕਤਾ (Puritan) ਦੀ ਯਾਦ ਦਿਵਾਉਂਦਾ ਹੈ ਜਿਸ ਨੇ ਆਪਣੇ ਐਤਵਾਰ ਸਿਰਫ਼ ਕੁਦਰਤ ਦੀਆਂ ਤਸਵੀਰਾਂ ਪੇਂਟ ਕਰਨ ਵਿਚ ਬਿਤਾਏ। ਉਸ ਲਈ ‘ਵਿਸ਼ਵਾਸਘਾਤ’ ਦਾ ਅਰਥ ਹੈ ‘ਦਰਜੇ ਤੋੜਨਾ’। ‘ਵਿਸ਼ਵਾਸਘਾਤ’ ਦਾ ਮਤਲਬ ਹੈ ਦਰਜੇ ਤੋੜ ਕੇ ਅਗਿਆਤ ਵਿੱਚ ਜਾਣਾ। ਉਸ ਨੂੰ ਕਮਿਊਨਿਜ਼ਮ ਵੀ ਸਿਰਫ਼ ਇੱਕ ਹੋਰ ਪਿਤਾ ਵਾਂਗ ਹੀ ਜਾਪਦਾ ਹੈ।
ਨਾਵਲ ‘ਦਿ ਅਨਬੀਅਰੇਬਲ ਲਾਈਟਨੈਸ ਆਫ਼ ਬੀਇੰਗ’ ਦੀ ਮੁੱਖ ਪਾਤਰ ਟੇਰੇਜ਼ਾ ਦੀ ਨਜ਼ਰ ਵਿੱਚ ਕਿਤਾਬਾਂ ਗੁਪਤ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ। ਉਸ ਕੋਲ ਆਪਣੇ ਆਲੇ-ਦੁਆਲੇ ਦੀ ਬੇਰਹਿਮੀ ਭਰੀ ਦੁਨੀਆ ਦੇ ਵਿਰੁੱਧ ਕਿਤਾਬਾਂ ਹੀ ਇੱਕ ਮਾਤਰ ਹਥਿਆਰ ਹਨ। ਕਿਤਾਬਾਂ ਉਸ ਲਈ ਅਸੰਤੁਸ਼ਟੀ ਭਰੇ ਜੀਵਨ ਤੋਂ ਇੱਕ ਕਾਲਪਨਿਕ ਬਚਾਅ ਦੀ ਸੰਭਾਵਨਾ ਪੇਸ਼ ਕਰਦੀਆਂ ਹਨ। ਕਿਤਾਬਾਂ ਦਾ ਉਸ ਲਈ ਭੌਤਿਕ ਵਸਤੂਆਂ ਦੇ ਰੂਪ ਵਿੱਚ ਵੀ ਇੱਕ ਅਰਥ ਹੈ। ਉਹ ਆਪਣੀ ਬਾਂਹ ਹੇਠ ਕਿਤਾਬ ਲੈ ਕੇ ਗਲੀ ਵਿੱਚ ਤੁਰਨਾ ਪਸੰਦ ਕਰਦੀ ਹੈ। ਇਹ ਉਸ ਨੂੰ ਦੂਜਿਆਂ ਤੋਂ ਵੱਖਰਾ ਕਰਦਾ ਹੈ ਭਾਵੇਂ ਇਸ ਨਾਲ ਉਹ ਪੁਰਾਣੇ ਜ਼ਮਾਨੇ ਦੀ ਜਾਪਦੀ ਹੈ। ਆਪਣੇ ਕੰਨਾਂ ਨਾਲ ਟਰਾਂਜ਼ਿਸਟਰ ਰੇਡੀਓ ਲਾ ਕੇ ਤੁਰਨ ਵਾਲੇ ਨੌਜਵਾਨ ਉਸ ਨੂੰ ਮੂਰਖ ਜਾਪਦੇ ਹਨ। ਇਸ ਦੇ ਵਿਪਰੀਤ ਉਸ ਦਾ ਦੋਸਤ ਫ਼ਰਾਂਜ਼ ਕਹਿੰਦਾ ਹੈ ਕਿ ਸਾਡੇ ਕੋਲ ਅਣਗਿਣਤ ਯੂਨੀਵਰਸਿਟੀਆਂ ਅਤੇ ਅਣਗਿਣਤ ਵਿਦਿਆਰਥੀ ਹਨ ਜਨਿ੍ਹਾਂ ਨੂੰ ਡਿਗਰੀਆਂ ਹਾਸਲ ਕਰਨ ਲਈ ਕਿਸੇ ਨਾ ਕਿਸੇ ਵਿਸ਼ੇ ’ਤੇ ਥੀਸਿਸ ਲਿਖਣਾ ਪੈਂਦਾ ਹੈ। ਥੀਸਿਸ ਦੁਨੀਆਂ ਦੀ ਹਰ ਚੀਜ਼ ਬਾਰੇ ਲਿਖੇ ਜਾ ਸਕਦੇ ਹਨ, ਵਿਸ਼ਿਆਂ ਦੀ ਗਿਣਤੀ ਬੇਅੰਤ ਹੈ। ਪਰ ਕਬਰਿਸਤਾਨ ਵਰਗੇ ਉਦਾਸ ਪੁਰਾਲੇਖ ਸੰਗ੍ਰਹਿਆਂ ਵਿੱਚ ਸ਼ਬਦਾਂ ਨਾਲ ਭਰੇ ਇਹ ਕਾਗ਼ਜ਼ ਪਏ ਰਹਿੰਦੇ ਹਨ। ਇਨ੍ਹਾਂ ਨੂੰ ਕੋਈ ਵੀ ਮਿਲਣ ਨਹੀਂ ਜਾਂਦਾ ਜਦੋਂਕਿ ਕਬਰਿਸਤਾਨ ਵਿੱਚ ਲੋਕ ਘੱਟੋ-ਘੱਟ ਮ੍ਰਿਤਕਾਂ ਨੂੰ ਚੇਤੇ ਕਰਨ ਵਾਲੇ ‘ਆਲ ਸੋਲਜ਼ ਡੇਅ’ ’ਤੇ ਤਾਂ ਜਾਂਦੇ ਹਨ।
ਕੁੰਦੇਰਾ ਦੀਆਂ ਲਿਖਤਾਂ ਵਿੱਚ ਪਛਾਣ ਅਤੇ ਨਿੱਜਤਾ ਵੀ ਮਹੱਤਵਪੂਰਨ ਵਿਸ਼ੇ ਹਨ। ਉਹ ਵਿਅਕਤੀਗਤ ਆਜ਼ਾਦੀ ਅਤੇ ਸਮਾਜਿਕ ਉਮੀਦਾਂ ਵਿਚਕਾਰ ਤਣਾਅ, ਅਨੁਕੂਲਤਾ ਦੇ ਮੱਦੇਨਜ਼ਰ ਪ੍ਰਮਾਣਿਕਤਾ ਨੂੰ ਕਾਇਮ ਰੱਖਣ ਲਈ ਸੰਘਰਸ਼ ਅਤੇ ਵਿਅਕਤੀਗਤ ਪਛਾਣਾਂ ’ਤੇ ਸਿਆਸੀ ਵਿਚਾਰਧਾਰਾਵਾਂ ਦੇ ਪ੍ਰਭਾਵ ਦੀ ਪੜਚੋਲ ਕਰਦਾ ਹੈ। ਉਹ ਸਾਡੀ ਹੋਂਦ ਨੂੰ ਪਰਿਭਾਸ਼ਿਤ ਕਰਨ ਵਾਲੇ ਅੰਦਰੂਨੀ ਵਿਰੋਧਾਭਾਸਾਂ ਅਤੇ ਅਨਿਸ਼ਚਿਤਤਾਵਾਂ ਨੂੰ ਉਜਾਗਰ ਕਰਦਾ ਹੈ।
ਨਾਵਲਾਂ ਤੋਂ ਇਲਾਵਾ ਮਿਲਾਨ ਕੁੰਦੇਰਾ ਦੇ ਤਿੰਨ ਲੇਖ ਸੰਗ੍ਰਹਿ ਵੀ ਪ੍ਰਕਾਸ਼ਿਤ ਹੋਏ ਹਨ ਜੋ ਸਾਹਿਤ, ਕਲਾ ਅਤੇ ਸਮਾਜ ਵਿੱਚ ਲੇਖਕ ਦੀ ਭੂਮਿਕਾ ਬਾਰੇ ਉਸ ਦੇ ਵਿਚਾਰਾਂ ਨੂੰ ਦਰਸਾਉਂਦੇ ਹਨ। ਕਈ ਨਾਵਲਾਂ ਵਿੱਚ ਵੀ ਅਜਿਹੇ ਵਿਸ਼ਿਆਂ ਬਾਰੇ ਉਸ ਦੇ ਵਿਚਾਰ ਦਰਜ਼ ਹਨ। ਲਾਈਫ ਇਜ਼ ਐਲਸਵ੍ਹੇਅਰ ਵਿੱਚ ਸੋਵੀਅਤ ਕਵੀ ਵਲਾਦੀਮੀਰ ਮਾਇਆਕੋਵਸਕੀ (1893-1930) ਦੀਆਂ ਭੈਣਾਂ ਓਲਗਾ ਅਤੇ ਲਿਉਦਮਿਲਾ, ਮਿਖ਼ਾਇਲ ਲੋਰਮਮੋਨਟੋਵ (1814-1841) ਦੀ ਨਾਨੀ ਅਲੈਕਸੇਯੇਵਨਾ ਯੇਲਿਜ਼ਾਵੇਤਾ, ਅਲੈਕਸਾਂਦਰ ਪੁਸ਼ਕਨਿ (1799-1837) ਦੀ ਨਰਸ ਅਰੀਨਾ ਰੋਦੀਓਨੋਵਨਾ ਦੀਆਂ ਉਦਾਹਰਣਾਂ ਦੇ ਕੇ ਕਹਿੰਦਾ ਹੈ ਕਿ ਕਵੀ ਉਨ੍ਹਾਂ ਘਰਾਂ ਤੋਂ ਹੁੰਦੇ ਹਨ ਜਿੱਥੇ ਔਰਤਾਂ ਰਾਜ ਕਰਦੀਆਂ ਹਨ, ਖ਼ਾਸ ਤੌਰ ’ਤੇ ਕਵੀਆਂ ਦੀਆਂ ਮਾਵਾਂ ਜਨਿ੍ਹਾਂ ਦੇ ਓਹਲੇ ਉਨ੍ਹਾਂ ਦੇ ਪਿਉ ਦੇ ਪਰਛਾਵੇਂ ਫਿੱਕੇ ਪੈ ਜਾਂਦੇ ਹਨ (ਹੁਣ ਇਹ ਤਾਂ ਕਵੀ ਜਾਨਣ ਕਿ ਇਹ ਧਾਰਨਾ ਕਿੰਨੀ ਕੁ ਠੀਕ ਹੈ)।
ਕੁੰਦੇਰਾ ਦੀ ਲਿਖਣ ਸ਼ੈਲੀ ਵਿੱਚ ਸੰਗੀਤ ਵਰਗੀ ਰਵਾਨੀ ਹੈ। ਇਸ ਦੀ ਜੜ੍ਹ ਸ਼ਾਇਦ ਉਸ ਦੇ ਪਹਿਲੇ ਜੀਵਨ ਵਿੱਚ ਹੈ ਜਦ ਉਸ ਨੇ ਲੰਮਾ ਸਮਾਂ ਸੰਗੀਤ ਸਿੱਖਣ ਦੀ ਕੋਸ਼ਿਸ਼ ਕੀਤੀ ਸੀ।
ਮਿਲਾਨ ਕੁੰਦੇਰਾ ਦਾ ਸ਼ੁਮਾਰ ਵੀਹਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ ਅਤੇ ਮਸ਼ਹੂਰ ਲੇਖਕਾਂ ਵਿੱਚ ਹੁੰਦਾ ਹੈ। 1973 ਵਿੱਚ ਉਸ ਦੇ ਨਾਵਲ ਲਾਈਫ ਇਜ਼ ਐਲਸਵ੍ਹੇਅਰ ਨੂੰ ‘ਫਰੈਂਚ ਪ੍ਰਿਕਸ ਮੈਦੀਸਿਸ ਇਨਾਮ’ ਨਾਲ ਨਿਵਾਜ਼ਿਆ ਗਿਆ। ਇਹ ਇਨਾਮ ਅਜਿਹੇ ਪ੍ਰਤਿਭਾਵਾਨ ਲੇਖਕ ਨੂੰ ਦਿੱਤਾ ਜਾਂਦਾ ਹੈ ਜਿਸ ਨੂੰ ਅਜੇ ਢੁਕਵੀਂ ਪ੍ਰਸਿੱਧੀ ਨਾ ਮਿਲੀ ਹੋਵੇ। 1983 ਵਿੱਚ ਚੈੱਕ ਰਿਪਬਲਿਕ ਦੀ ਕਲੇਤ ਆਬਜ਼ਰਵੇਟਰੀ ਵਿੱਚ ਨਵੇਂ ਤਾਰੇ ‘ਐਸਟਰਾਇਡ 7390’ ਦੀ ਖੋਜ ਹੋਈ ਤਾਂ ਸਨਮਾਨ ਵਜੋਂ ਇਸ ਦਾ ਨਾਂ ਕੁੰਦੇਰਾ ਦੇ ਨਾਂ ’ਤੇ ਰੱਖਿਆ ਗਿਆ। 1985 ਵਿੱਚ ਉਸ ਨੂੰ ‘ਯੇਰੂਸ਼ਲਮ ਇਨਾਮ’ ਅਤੇ ਬਾਅਦ ਵਿੱਚ ਕਈ ਹੋਰ ਮਾਣ-ਸਨਮਾਨ ਮਿਲੇ।
ਕੁੰਦੇਰਾ ਦੀਆਂ ਲਿਖਤਾਂ ਦੇ ਦੁਨੀਆਂ ਦੀਆਂ ਅਨੇਕਾਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੇ ਹਨ (ਮੇਰੇ ਲਈ ਮਾਣ ਵਾਲੀ ਗੱਲ ਇਹ ਹੈ ਕਿ ਕੁੰਦੇਰਾ ਦੇ ਨਾਵਲ ਜੋਕ ਦੇ ਰਾਜਕਮਲ ਵੱਲੋਂ 2005 ਵਿੱਚ ਛਾਪੇ ਗਏ ਹਿੰਦੀ ਅਨੁਵਾਦ ‘ਮਜ਼ਾਕ’ ਦੇ ਟਾਈਟਲ ’ਤੇ ਮੇਰੀ ਕਲਾਕ੍ਰਿਤ ਛਾਪੀ ਗਈ ਸੀ)।
ਸੰਪਰਕ: 98728-22417