ਰਾਜਸਥਾਨ ਨੂੰ ਜੋੜਨ ਵਾਲੀ ਟੁੱਟੀ ਸੜਕ ਦੀ ਮੁਰੰਮਤ ਸ਼ੁਰੂ
ਜਗਤਾਰ ਸਮਾਲਸਰ
ਏਲਨਾਬਾਦ, 28 ਜਨਵਰੀ
ਇੱਥੋਂ ਰਾਜਸਥਾਨ ਨੂੰ ਜਾਣ ਵਾਲੀ ਮੁੱਖ ਸੜਕ ਵਿੱਚ ਪਿੰਡ ਕਿਸ਼ਨਪੁਰਾ ਕੋਲ ਪਿਛਲੇ ਕਈ ਮਹੀਨੀਆਂ ਤੋਂ ਬਣੇ ਖੱਡੇ ਕਾਰਨ ਇੱਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਥਾਨਕ ਲੋਕਾਂ ਅਤੇ ਸ਼ਹੀਦ ਭਗਤ ਸਿੰਘ ਟਰੱਸਟ ਮਿਠੁਨਪੁਰਾ ਦੇ ਮੈਂਬਰਾਂ ਵੱਲੋਂ ਇਸ ਵੱਡੇ ਖੱਡੇ ਨੂੰ ਭਰਨ ਲਈ ਪੀਡਬਲਿਊਡੀ ਵਿਭਾਗ ਕੋਲ ਕਈ ਵਾਰ ਮੰਗ ਉਠਾਈ ਗਈ ਪਰ ਕਿਤੇ ਵੀ ਸੁਣਵਾਈ ਨਾ ਹੋਣ ਤੋਂ ਬਾਅਦ ਟਰੱਸਟ ਮੈਂਬਰਾਂ ਅਤੇ ਲੋਕਾਂ ਇਸ ਖੱਡੇ ਨੂੰ ਭਰਨ ਦੀ ਮੰਗ ਕਰਦੇ ਹੋਏ 25 ਜਨਵਰੀ ਨੂੰ ਅਖ਼ਬਾਰਾਂ ਵਿੱਚ ਨਿਊਜ਼ ਪ੍ਰਕਾਸ਼ਿਤ ਕਰਵਾਈ ਗਈ। ‘ਪੰਜਾਬੀ ਟ੍ਰਿਬਿਊਨ’ ਵੱਲੋਂ ਲੋਕਾਂ ਦੀ ਇਸ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ। ਖ਼ਬਰ ਲੱਗਣ ਤੋਂ ਬਾਅਦ ਸਬੰਧਤ ਵਿਭਾਗ ਨੀਂਦ ਵਿੱਚੋਂ ਜਾਗਿਆ ਅਤੇ 27 ਜਨਵਰੀ ਨੂੰ ਪੀਡਬਲਿਊਡੀ ਵਿਭਾਗ ਦੇ ਕਰਮਚਾਰੀ ਇਸ ਮੁੱਖ ਸੜਕ ਵਿੱਚ ਬਣੇ ਖੱਡੇ ਨੂੰ ਭਰਨ ਲਈ ਪਹੁੰਚ ਗਏ। ਇਸ ਮੌਕੇ ਸਮਾਜਸੇਵੀ ਕੁਲਦੀਪ ਮੁਦਲਿਆ, ਪ੍ਰਮੋਦ ਕੁਮਾਰ, ਸੰਦੀਪ ਕੁਮਾਰ, ਰਣਜੀਤ, ਵਿਕਰਮ, ਭੋਮਾ ਰਾਮ ਸਹਿਤ ਹੋਰ ਲੋਕਾਂ ਨੇ ਪੰਜਾਬੀ ਟ੍ਰਿਬਿਊਨ ਨੂੰ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਉਠਾਉਣ ਵਾਲਾ ਅਖ਼ਬਾਰ ਦੱਸਦਿਆਂ ਅਖਬਾਰ ਦਾ ਦਿਲੋਂ ਧੰਨਵਾਦ ਕੀਤਾ। ਲੋਕਾਂ ਨੇ ਕਿਹਾ ਕਿ ਅਖ਼ਬਾਰ ਵੱਲੋਂ ਇਸ ਲੋਕ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਛਾਪਣ ਕਾਰਨ ਹੀ ਇਸ ਗੰਭੀਰ ਸਮੱਸਿਆ ਦਾ ਹੱਲ ਹੋ ਸਕਿਆ ਹੈ।