ਉੱਘੇ ਫਿਲਮਸਾਜ਼ ਸ਼ਿਆਮ ਬੈਨੇਗਲ ਦਾ ਦੇਹਾਂਤ
ਮੁੰਬਈ, 23 ਦਸੰਬਰ
ਉੱਘੇ ਫਿਲਮਸਾਜ਼ ਸ਼ਿਆਮ ਬੈਨੇਗਲ ਦਾ ਅੱਜ ਦੇਹਾਂਤ ਹੋ ਗਿਆ। ਉਹ 90 ਸਾਲ ਦੇ ਸਨ। ਬੈਨੇਗਲ ਦੀ ਧੀ ਪੀਆ ਨੇ ਇਹ ਜਾਣਕਾਰੀ ਦਿੱਤੀ। ਬੈਨੇਗਲ ਨੂੰ 1970 ਅਤੇ 1980 ਦੇ ਦਹਾਕੇ ਦੌਰਾਨ ‘ਅੰਕੁਰ’, ‘ਨਿਸ਼ਾਂਤ’ ਅਤੇ ‘ਮੰਥਨ’ ਵਰਗੀਆਂ ਫਿਲਮਾਂ ਰਾਹੀਂ ਭਾਰਤੀ ਸਿਨੇਮਾ ਨੂੰ ਇੱਕ ਸਮਾਨਾਂਤਰ ਲਹਿਰ ਵਜੋਂ ਉਭਾਰਨ ਦਾ ਸਿਹਰਾ ਦਿੱਤਾ ਜਾਂਦਾ ਹੈ। ਪੀਆ ਬੈਨੇਗਲ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਗੁਰਦੇ ਦੀ ਗੰਭੀਰ ਬਿਮਾਰੀ ਕਾਰਨ ਮੁੰਬਈ ਦੇ ਵੌਕਹਾਰਟ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਕਿਹਾ, “ਸ਼ਿਆਮ ਬੈਨੇਗਲ ਨੇ ਸ਼ਾਮ 6 ਵੱਜ ਕੇ 38 ਮਿੰਟ ’ਤੇ ਵੌਕਹਾਰਟ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ। ਉਹ ਕਈ ਸਾਲਾਂ ਤੋਂ ਕਿਡਨੀ ਦੀ ਗੰਭੀਰ ਸਮੱਸਿਆ ਤੋਂ ਪੀੜਤ ਸਨ।’’ ਵੌਕਹਾਰਟ ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਬੈਨੇਗਲ ਆਈਸੀਯੂ ਵਿੱਚ ਦਾਖ਼ਲ ਸਨ। ਆਪਣੇ ਸ਼ਾਨਦਾਰ ਕਰੀਅਰ ਦੌਰਾਨ ਬੈਨੇਗਲ ਨੇ ਵੱਖ-ਵੱਖ ਮੁੱਦਿਆਂ ’ਤੇ ਫ਼ਿਲਮਾਂ, ਦਸਤਾਵੇਜ਼ੀ ਤੇ ਟੀਵੀ ਸੀਰੀਅਲ ਬਣਾਏ, ਜਿਨ੍ਹਾਂ ਵਿੱਚ ‘ਭਾਰਤ ਏਕ ਖੋਜ’ ਅਤੇ ‘ਸੰਵਿਧਾਨ’ ਸ਼ਾਮਲ ਹਨ। ਉਨ੍ਹਾਂ ਨੇ 14 ਦਸੰਬਰ ਨੂੰ ਆਪਣਾ 90ਵਾਂ ਜਨਮ ਦਿਨ ਮਨਾਇਆ ਸੀ। ਆਪਣੇ ਜਨਮਦਿਨ ਮੌਕੇ ਬੈਨੇਗਲ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਡਾਇਲਸਿਸ ਲਈ ਅਕਸਰ ਹਸਪਤਾਲ ਜਾਣਾ ਪੈਂਦਾ ਹੈ। ਬੈਨੇਗਲ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਨੀਰਾ ਬੈਨੇਗਲ ਅਤੇ ਧੀ ਹਨ। ‘ਭੂਮਿਕਾ’, ‘ਜਨੂਨ’, ‘ਮੰਡੀ’, ‘ਸੂਰਜ ਕਾ ਸਾਤਵਾਂ ਘੋੜਾ’, ‘ਮੰਮੋ’ ਅਤੇ ‘ਸਰਦਾਰੀ ਬੇਗ਼ਮ’ ਨੂੰ ਹਿੰਦੀ ਸਿਨੇਮਾ ਵਿਚ ਉਸਦੀਆਂ ਕਲਾਤਮਿਕ ਫਿਲਮਾਂ ਵਿਚ ਗਿਣਿਆ ਜਾਂਦਾ ਹੈ। ਨਿਰਦੇਸ਼ਕ ਨੇ 2023 ਵਿੱਚ ਬਾਇਓਗ੍ਰਾ਼ਫੀ ‘ਮੁਜ਼ੀਬ: ਦਿ ਮੇਕਿੰਗ ਆਫ ਏ ਨੇਸ਼ਨ’ ਬਣਾਈ ਸੀ। ਸ਼ਿਆਮ ਬੈਨੇਗਲ ਦਾ ਜਨਮ ਹੈਦਰਾਬਾਦ ਵਿੱਚ ਸਾਲ 1934 ਵਿੱਚ ਹੋਇਆ ਸੀ।
ਫਿਲਮੀ ਸਿਤਾਰਿਆਂ ਵੱਲੋਂ ਬੈਨੇਗਲ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
ਸ਼ਿਆਮ ਬੈਨੇਗਲ ਦੀ ਮੌਤ ਮਗਰੋਂ ਫ਼ਿਲਮ ਜਗਤ ਵਿੱਚ ਸੋਗ ਦਾ ਮਾਹੌਲ ਹੈ। ਫ਼ਿਲਮ ਸਿਤਾਰਿਆਂ ਨੇ ਉਸ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਅਦਾਕਾਰ ਮਨੋਜ ਬਾਜਪਾਈ ਨੇ ਕਿਹਾ ਕਿ ਦੁਨੀਆਂ ਨੂੰ ਵੱਖਰੇ ਨਜ਼ਰੀਏ ਨਾਲ ਦੇਖਣ ਲਈ ਸ਼ਿਆਮ ਬੈਨੇਗਲ ਵਰਗੀ ਪ੍ਰਤਿਭਾ ਦੀ ਜ਼ਰੂਰਤ ਸੀ। ਉਨ੍ਹਾਂ ਨੇ ਕਦੇ ਨਹੀਂ ਸੋਚਿਆ ਕਿ ਉਹ ਕਿਸੇ ਰਾਜਾ ਦੀ ਭੂਮਿਕਾ ਨਿਭਾਏਗਾ ਅਤੇ 2001 ਵਿੱਚ ਫਿਲਮ ਨਿਰਦੇਸ਼ਕ ਦੇ ਸਮਝਾਉਣ ’ਤੇ ਉਨ੍ਹਾਂ ‘ਜ਼ੁਬੈਦਾ’ ਵਿੱਚ ਅਜਿਹਾ ਕੀਤਾ। -ਪੀਟੀਆਈ
ਭਾਰਤੀ ਸਿਨੇਮਾ ਦੇ ਇੱਕ ਯੁੱਗ ਦਾ ਅੰਤ: ਰਾਸ਼ਟਰਪਤੀ
ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਘੇ ਫਿਲਮਸਾਜ਼ ਸ਼ਿਆਮ ਬੈਨੇਗਲ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਭਾਰਤੀ ਸਿਨੇਮਾ ਤੇ ਟੈਲੀਵਿਜ਼ਨ ਦਾ ਇੱਕ ਸ਼ਾਨਦਾਰ ਯੁੱਗ ਖ਼ਤਮ ਹੋ ਗਿਆ ਹੈ। ਉਨ੍ਹਾਂ ‘ਐਕਸ’ ’ਤੇ ਕਿਹਾ, ‘‘ਇੱਕ ਸੰਸਥਾ ਵਜੋਂ ਬੈਨੇਗਲ ਨੇ ਕਈ ਅਦਾਕਾਰ ਤੇ ਕਲਾਕਾਰ ਪੈਦਾ ਕੀਤੇ। ਉਨ੍ਹਾਂ ਦੀ ਵਿਲੱਖਣ ਦੇਣ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਅਤੇ ਪਦਮ ਭੂਸ਼ਨ ਸਮੇਤ ਹੋਰ ਐਵਾਰਡਾਂ ਨਾਲ ਸਨਮਾਨਿਆ ਗਿਆ।’’ ਇਸ ਦੌਰਾਨ ਫ਼ਿਲਮਸਾਜ਼ ਸ਼ੇਖਰ ਕਪੂਰ, ਹੰਸਲ ਮਹਿਤਾ ਤੇ ਅਦਾਕਾਰ ਅਕਸ਼ੈ ਕੁਮਾਰ ਅਤੇ ਕਾਜੋਲ ਨੇ ਵੀ ਬੈਨੇਗਲ ਦੀ ਮੌਤ ’ਤੇ ਦੁੱਖ ਪ੍ਰਗਟਾਇਆ। -ਪੀਟੀਆਈ