ਵਿਧਾਇਕ ਵੱਲੋਂ ਸਰਹਿੰਦ ਚੋਅ ਦੇ ਪੁਲ ਦਾ ਨਵੀਨੀਕਰਨ
ਜੋਗਿੰਦਰ ਸਿੰਘ ਮਾਨ
ਮਾਨਸਾ, 4 ਨਵੰਬਰ
ਪਿੰਡ ਮਲਕੋਂ ਵਿਖੇ ਸਰਹਿੰਦ ਚੋਅ ਡਰੇਨ ਦੇ ਪੁਲ ਅਤੇ ਪਿੰਡ ਆਲਮਪੁਰ ਮੰਦਰਾਂ ਤੇ ਕੁਲਰੀਆਂ ਦੀ ਦਾਣਾ ਮੰਡੀ ਦੇ ਫੜ੍ਹ ਦਾ ਕੰਮ ਮੁਕੰਮਲ ਹੋਣ ’ਤੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਦੇ ਨਾਲ ਨਾਲ ਪੇਂਡੂ ਖੇਤਰਾਂ ਦੇ ਵਿਕਾਸ ਨੂੰ ਵੀ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਸ਼ਹਿਰਾਂ ਵਰਗੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਪਿੰਡ ਮਲਕੋਂ ਵਿਖੇ 408.16 ਲੱਖ ਰੁਪਏ ਦੀ ਲਾਗਤ ਨਾਲ ਸਰਹਿੰਦ ਚੋਅ ਦੇ ਪੁਲ ਅਤੇ ਪਿੰਡ ਆਲਮਪੁਰ ਮੰਦਰਾਂ ਵਿਖੇ 45.98 ਲੱਖ ਰੁਪਏ ਦੀ ਲਾਗਤ ਨਾਲ ਦਾਣਾ ਮੰਡੀ ਦਾ ਫੜ੍ਹ ਮੁਕੰਮਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਕੁਲਰੀਆਂ ਵਿਖੇ 56.67 ਲੱਖ ਰੁਪਏ ਦੀ ਲਾਗਤ ਨਾਲ ਦਾਣਾ ਮੰਡੀ ਦਾ ਫੜ੍ਹ ਉੱਚਾ ਕੀਤਾ ਗਿਆ ਹੈ। ਨ੍ਹਾਂ ਦੱਸਿਆ ਕਿ ਡਰੇਨ ਦਾ ਪੁਲ ਨੀਵਾਂ ਹੋਣ ਕਰਕੇ ਬਰਸਾਤ ਦੇ ਮੌਸਮ ਦੌਰਾਨ ਬੂਟੀ ਅਤੇ ਹੋਰ ਘਾਹ ਫੂਸ ਰੁਕ ਜਾਣ ਨਾਲ ਪਾਣੀ ਦੀ ਨਿਕਾਸੀ ਵਿੱਚ ਰੁਕਾਵਟ ਬਣਦੀ ਸੀ। ਉਨ੍ਹਾਂ ਕਿਹਾ ਕਿ ਇਹ ਪੁਲ ਉੱਚਾ ਚੁੱਕ ਕੇ ਬਣਾਉਣ ਨਾਲ ਹੁਣ ਇਸ ਸਮੱਸਿਆ ਦਾ ਹੱਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਆਲਮਪੁਰ ਮੰਦਰਾਂ ਵਿੱਚ ਦਾਣਾ ਮੰਡੀ ਦਾ ਫੜ੍ਹ ਨੀਵਾਂ ਹੋਣ ਕਰਕੇ ਬਰਸਾਤ ਦੇ ਮੌਸਮ ਦੌਰਾਨ ਕਈ ਵਾਰ ਵਿਕਣ ਆਈ ਜਿਣਸ ਖਰਾਬ ਹੋ ਜਾਂਦੀ ਸੀ ਅਤੇ ਪਿੰਡ ਆਲਮਪੁਰ ਮੰਦਰਾਂ ਅਤੇ ਕੁਲਰੀਆਂ ਦੀ ਦਾਣਾ ਮੰਡੀ ਦੇ ਫੜ੍ਹ ਦਾ ਕੰਮ ਹੋਣ ਨਾਲ ਕਿਸਾਨਾਂ ਤੇ ਆੜ੍ਹਤੀਆਂ ਨੂੰ ਰਾਹਤ ਮਿਲੇਗੀ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਪੰਜਾਬ ਮੰਡੀਕਰਨ ਬੋਰਡ ਦੇ ਐਕਸੀਅਨ ਬਿਪਨ ਖੰਨਾ, ਕਰਮਜੀਤ ਸਿੰਘ, ਸੋਹਣ ਸਿੰਘ ਕਲੀਪੁਰ, ਬਲਦੇਵ ਸਿੰਘ, ਧਰਮਿੰਦਰ ਸਿੰਘ ਮਲਕੋਂ, ਰਾਜਵਿੰਦਰ ਸਿੰਘ ਮਲਕੋਂ, ਹਰਪ੍ਰੀਤ ਸਿੰਘ ਸਰਪੰਚ, ਗੁਰਮੁਖ ਸਿੰਘ ਨੰਬਰਦਾਰ, ਡਾ. ਮੱਖਣ ਸਿੰਘ ਤੇ ਹੋਰ ਮੌਜੂਦ ਸਨ।