ਰੈਨੇਸਾਂ ਸਕੂਲ ਦੇ ਬੱਚਿਆਂ ਵੱਲੋਂ ਸ਼ਹਿਰ ’ਚ ਨਿਵੇਕਲਾ ਮਾਰਚ
ਜੋਗਿੰਦਰ ਸਿੰਘ ਮਾਨ
ਮਾਨਸਾ, 2 ਫਰਵਰੀ
ਰੈਨੇਸਾਂ ਸਕੂਲ ਮਾਨਸਾ ਦੇ ਬੱਚਿਆਂ ਵੱਲੋਂ ਪੰਜਾਬੀ ਭਾਸ਼ਾ ਸਮੇਤ ਅੰਗਰੇਜ਼ੀ ਅਤੇ ਹਿੰਦੀ ਵਿੱਚ 100 ਅਤੇ 99 ਫੀਸਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਪ੍ਰਾਪਤੀ ਨੂੰ ਲੈ ਕੇ ਸ਼ਹਿਰ ਵਿੱਚ ਇੱਕ ਮਾਰਚ ਕੀਤਾ ਗਿਆ। ਇਸ ਮਾਰਚ ਵਿੱਚ ਸਕੂਲ ਦੇ ਉਹ ਬੱਚੇ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਸੂਬਾਈ ਅਤੇ ਕੌਮੀ ਪੱਧਰੀ ਖੇਡਾਂ ਵਿੱਚ ਮੈਡਲ ਪ੍ਰਾਪਤ ਕੀਤੇ ਹਨ। ਮਾਰਚ ਦੀ ਸ਼ੁਰੂਆਤ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਉਤੇ ਹਰ ਪਾਕੇ ਵਿਦਿਆਰਥੀਆਂ ਕੀਤੀ ਗਈ। ਸਕੂਲ ਦੇ ਚੇਅਰਮੈਨ ਅਵਤਾਰ ਸਿੰਘ ਨੇ ਦੱਸਿਆ ਕਿ ਇਹ ਯਾਤਰਾ ਰੈਨੇਸਾਂ ਸਕੂਲ ਦੇ ਸਟੇਟ ਅਤੇ ਨੈਸ਼ਨਲ ਪੱਧਰ ਦੇ ਖਿਡਾਰੀਆਂ ਅਤੇ ਪੰਜਾਬੀ,ਹਿੰਦੀ ਅਤੇ ਅੰਗਰੇਜ਼ੀ ਵਿਸ਼ੇ ਵਿੱਚੋਂ 99 ਅੰਕ ਪ੍ਰਾਪਤ ਕਰਕੇ ਮੈਰਿਟ ਲੈਣ ਵਾਲ਼ੇ ਵਿਦਿਆਰਥੀਆਂ ਵੱਲੋਂ ਨਸ਼ੇ ਦੇ ਖਿਲਾਫ਼ ਅਤੇ ਖੇਡਾਂ ਤੇ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨ ਲਈ ਕੱਢੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਇੱਕੋ-ਇੱਕ ਆਈਸੀਐੱਸਈ ਸਿਲੇਬਸ ਵਾਲੇ ਇਸ ਸਕੂਲ ਦੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ 545 ਵਿਦਿਆਰਥੀਆਂ ’ਚੋਂ 429 ਵਿਦਿਆਰਥੀਆਂ ਨੇ ਜ਼ੋਨ ਪੱਧਰ ’ਤੇ ਖੇਡਾਂ ਵਿੱਚ ਭਾਗ ਲਿਆ ਅਤੇ 429 ਹੀ ਮੈਡਲ ਪ੍ਰਾਪਤ ਕੀਤੇ। ਉਨ੍ਹਾਂ ਕਿਹਾ ਕਿ 80 ਵਿਦਿਆਰਥੀਆਂ ਨੇ ਸਟੇਟ ਪੱਧਰ ’ਤੇ ਖੇਡਦਿਆਂ ਹੋਇਆਂ 20 ਮੈਡਲ ਪ੍ਰਾਪਤ ਕਰਕੇ ਸਪੈਸ਼ਲ ਦਰਜਾਬੰਦੀ ਵਿੱਚ ਆਪਣਾ ਨਾਮ ਦਰਜ ਕਰਵਾਇਆ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਜਨਕ ਰਾਜ ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹੋ-ਜਿਹੇ ਉਪਰਾਲਿਆਂ ਨਾਲ਼ ਸਮਾਜ ਵਿੱਚ ਜਾਗਰੂਕਤਾ ਪੈਦਾ ਹੁੰਦੀ ਹੈ ਅਤੇ ਬੱਚੇ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰਹਿੰਦੇ ਹਨ। ਇਸ ਮੌਕੇ ਬਿੱਕਰ ਸਿੰਘ ਮਘਾਣੀਆ, ਰਾਜਵਿੰਦਰ ਰਾਣਾ, ਸਮਸ਼ੇਰ ਸਿੰਘ, ਦਰਸ਼ਨ ਸਿੰਘ, ਐਡਵੋਕੇਟ ਲਖਵਿੰਦਰ ਲਖਨਪਾਲ, ਬਲਵਿੰਦਰ ਸਿੰਘ ਕਾਕਾ, ਗੁਰਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਮੌਜੂਦ ਸਨ।