ਆਪਣੇ ਅਧਿਆਪਕ ਨੂੰ ਚੇਤੇ ਕਰਦਿਆਂ
ਪ੍ਰੋ. ਪ੍ਰੀਤਮ ਸਿੰਘ
ਮੇਰੇ ਅਧਿਆਪਕ ਗਿਆਨੀ ਰਣਜੀਤ ਸਿੰਘ ਔਲਖ ਨੇ ਸਾਨੂੰ ਰੱਤਾ ਖੇੜਾ ਪੰਜਾਬ ਸਿੰਘ ਵਾਲਾ (ਫਿਰੋਜ਼ਪੁਰ) ਦੇ ਸਰਕਾਰੀ ਮਿਡਲ ਸਕੂਲ ਵਿੱਚ ਪੰਜਾਬੀ ਤੇ ਸੋਸ਼ਲ ਸਟੱਡੀਜ਼ ਪੜ੍ਹਾਈ। ਉਹ ਉਸ ਪੀੜ੍ਹੀ ਦੇ ਅਧਿਆਪਕ ਸਨ ਜਿਨ੍ਹਾਂ ਲਈ ਅਧਿਆਪਕ ਹੋਣਾ ਸਿਰਫ਼ ਇੱਕ ਰੁਜ਼ਗਾਰ ਨਹੀਂ, ਸਗੋਂ ਮਿਸ਼ਨ ਸੀ। ਉਨ੍ਹਾਂ ਲਈ ਉਨ੍ਹਾਂ ਦੇ ਵਿਦਿਆਰਥੀ ਤੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਹੀ ਗਹਿਣਾ ਤੇ ਮਾਣ ਸਨ।
ਰੱਤਾ ਖੇੜਾ ਮਿਡਲ ਸਕੂਲ ਆਸ-ਪਾਸ ਦੇ ਕਈ ਪਿੰਡਾਂ ਵਿੱਚੋਂ ਉਦੋਂ ਇੱਕੋ ਇੱਕ ਮਿਡਲ ਸਕੂਲ ਸੀ ਜਿਸ ਵਿੱਚ ਢੀਂਡਸਾ, ਬੱਧਨੀ, ਭਾਂਗਰ, ਸ਼ਕੂਰ, ਮਾਣੇ ਵਾਲਾ ਤੇ ਮਿਸਰੀ ਵਾਲਾ ਤੋਂ ਵਿਦਿਆਰਥੀ ਪੜ੍ਹਨ ਆਉਂਦੇ ਸਨ। ਇਉਂ ਲੱਗਦਾ ਹੈ ਜਿਵੇਂ ਉਸ ਸਕੂਲ ਨੂੰ ਇੱਕ ਰੱਬੀ ਦਾਤ ਪ੍ਰਾਪਤ ਸੀ ਕਿ ਉਸ ਨੂੰ ਬਹੁਤ ਕਾਬਲੀਅਤ ਵਾਲੇ, ਮਿਹਨਤਕਸ਼ ਤੇ ਆਪਣੇ ਪੇਸ਼ੇ ਨੂੰ ਸਮਰਪਿਤ ਅਧਿਆਪਕ ਮਿਲੇ ਜਿਨ੍ਹਾਂ ਵਿੱਚ ਗਿਆਨੀ ਰਣਜੀਤ ਸਿੰਘ ਨਾਲ ਦੂਜੇ ਅਧਿਆਪਕ ਸਨ: ਹੈੱਡਮਾਸਟਰ ਹਰਬੰਸ ਸਿੰਘ ਤੇ ਫਿਰ ਹੈੱਡਮਾਸਟਰ ਗੁਰਦਿਆਲ ਸਿੰਘ, ਸਾਇੰਸ ਤੇ ਹਿਸਾਬ ਮਾਸਟਰ ਸੁਖਦਿਆਲ, ਹਿੰਦੀ ਮਾਸਟਰ ਨੰਦ ਲਾਲ ਸ਼ਾਸਤਰੀ ਤੇ ਪੰਜਾਬੀ ਅਧਿਆਪਕ ਅਮਰਜੀਤ ਕੌਰ। ਇਹ ਸਾਰੇ ਸਰਕਾਰੀ ਸਕੂਲਾਂ ਵਾਂਗ ਪੰਜਾਬੀ ਮੀਡੀਅਮ ਸਕੂਲ ਸੀ ਪਰ ਨਾਲ ਹੀ ਅੰਗਰੇਜ਼ੀ ਤੇ ਹਿੰਦੀ ਦੀ ਵੀ ਬਹੁਤ ਵਧੀਆ ਪੜ੍ਹਾਈ ਕਰਾਈ ਜਾਂਦੀ ਸੀ। ਇਨ੍ਹਾਂ ਅਧਿਆਪਕਾਂ ਦਾ ਸਿਰਫ਼ ਆਪਣੇ ਵਿਦਿਆਰਥੀਆਂ ਵਿੱਚ ਹੀ ਨਹੀਂ, ਸਗੋਂ ਸਾਰੇ ਲਾਗਲੇ ਪਿੰਡਾਂ ਵਿੱਚ ਬੜਾ ਆਦਰ ਸਤਿਕਾਰ ਸੀ।
ਇਨ੍ਹਾਂ ਅਧਿਆਪਕਾਂ ਦੀ ਮਿਹਨਤ ਤੇ ਲਗਨ ਦਾ ਸਿੱਟਾ ਹੀ ਸੀ ਕਿ 1963 ਵਿੱਚ ਅੱਠਵੀਂ ਜਮਾਤ ਦਾ ਨਤੀਜਾ ਆਇਆ ਤਾਂ ਸੌ ਫ਼ੀਸਦੀ ਪਾਸ ਤੇ ਸਾਡਾ ਤਿੰਨਾਂ ਜਮਾਤੀਆਂ (ਮੇਰਾ, ਜਗਦੀਸ਼ ਚੰਦਰ ਚੋਪੜਾ ਤੇ ਦਸੌਂਧਾ ਸਿੰਘ ਧਾਲੀਵਾਲ) ਦਾ ਵਜ਼ੀਫ਼ਾ ਆਇਆ। ਮੈਂ ਸਾਰੇ ਫਿਰੋਜ਼ਪੁਰ ਜ਼ਿਲ੍ਹੇ ਵਿੱਚੋਂ ਦੂਜੇ ਨੰਬਰ ’ਤੇ ਸੀ। ਉਸ ਵਕਤ ਫਿਰੋਜ਼ਪੁਰ ਐਨਾ ਵੱਡਾ ਜ਼ਿਲ੍ਹਾ ਸੀ ਕਿ ਹੁਣ ਦੇ ਮੋਗਾ, ਸ੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਜ਼ਿਲ੍ਹੇ ਉਸ ਦਾ ਹਿੱਸਾ ਸਨ। ਚੌਥੇ ਨੰਬਰ ’ਤੇ ਬਲਜੀਤ ਸਿੰਘ ਢਿੱਲੋਂ (ਢੀਂਡਸਾ) ਵਜ਼ੀਫ਼ਾ ਲੈਣ ਤੋਂ ਤਾਂ ਖੁੰਝ ਗਿਆ ਪਰ ਫਸਟ ਕਲਾਸ ਵਿੱਚ ਬੜੇ ਉੱਚੇ ਨੰਬਰਾਂ ’ਤੇ ਸੀ। ਮੈਂ ਪ੍ਰੋਫੈਸਰ ਬਣਿਆ। ਜਗਦੀਸ਼ ਚੋਪੜਾ ਕੈਨੇਡਾ ਵਿੱਚ ਇੱਕ ਮਸ਼ਹੂਰ ਡਾਕਟਰ ਹੈ ਤੇ ਪੰਜਾਬੀ ਸਾਹਿਤਕ ਸਭਾਵਾਂ ਵਿੱਚ ਇੱਕ ਵਧੀਆ ਪੰਜਾਬੀ ਕਵੀ ਦੇ ਤੌਰ ’ਤੇ ਵੀ ਜਾਣਿਆ ਜਾਂਦਾ ਹੈ। ਦਸੌਂਧਾ ਸਿੰਘ ਧਾਲੀਵਾਲ ਇਲਾਕੇ ਦੇ ਉਗੋਕੇ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਸਾਇੰਸ ਤੇ ਹਿਸਾਬ ਦੇ ਅਧਿਆਪਕ ਵਜੋਂ ਬਹੁਤ ਮਸ਼ਹੂਰ ਹੋਇਆ ਤੇ ਬਲਜੀਤ ਸਿੰਘ ਢਿੱਲੋਂ ਪੰਜਾਬ ਸਰਕਾਰ ਦੀ ਉੱਚੀ ਨੌਕਰੀ ਤੋਂ ਸੇਵਾਮੁਕਤ ਹੋਇਆ। 1963 ਦਾ ਸਕੂਲ ਦਾ ਰਿਕਾਰਡ ਇਤਿਹਾਸਕ ਸੀ ਜੋ ਹੁਣ ਤੱਕ ਕਾਇਮ ਹੈ ਪਰ ਉਸ ਤੋਂ ਬਿਨਾਂ ਦੂਜੇ ਸਾਲਾਂ ਵਿੱਚ ਵੀ ਬੜੀਆਂ ਪ੍ਰਾਪਤੀਆਂ ਵਾਲੇ ਵਿਦਿਆਰਥੀ ਉਸ ਸਕੂਲ ਨੇ ਪੈਦਾ ਕੀਤੇ। ਮੇਰਾ ਵੱਡਾ ਭਰਾ ਬਲਵਿੰਦਰ ਸਿੰਘ ਗਿੱਲ ਸਾਥੋਂ ਕੁਝ ਸਾਲ ਅੱਗੇ ਸੀ। ਉਹ ਪੰਜਾਬ ਨੈਸ਼ਨਲ ਬੈਂਕ ਵਿੱਚੋਂ ਉੱਚੇ ਅਹੁਦੇ ਤੋਂ ਸੇਵਾਮੁਕਤ ਹੋਇਆ। ਉਹ ਸਾਡੇ ਇਲਾਕੇ ਵਿੱਚ ਪਹਿਲਾ ਵਿਦਿਆਰਥੀ ਸੀ ਜੋ ਯੂਨੀਵਰਸਿਟੀ (ਪੰਜਾਬ ਐਗਰੀਕਲਚਰ ਯੂਨੀਵਰਸਿਟੀ) ਵਿੱਚ ਪੜ੍ਹਨ ਗਿਆ। ਉਸ ਨੇ ਮੈਨੂੰ ਦੱਸਿਆ ਕਿ ਬੈਂਕ ਵਿੱਚ ਉਸ ਦੀ ਅੰਗਰੇਜ਼ੀ ਬੋਲਣ ਤੇ ਲਿਖਣ ਦੀ ਮੁਹਾਰਤ ਦੀ ਧਾਂਕ ਸੀ ਅਤੇ ਉਸ ਮੁਹਾਰਤ ਦਾ ਮੁੱਢ ਰੱਤਾ ਖੇੜਾ ਸਕੂਲ ਵਿੱਚ ਕਰਾਈ ਪੜ੍ਹਾਈ ਸਦਕਾ ਬੱਝਿਆ ਹੈ। ਮੇਰਾ ਆਪਣਾ ਤਜਰਬਾ ਤੇ ਵਿਚਾਰ ਵੀ ਹੈ ਜੋ ਇਸ ਮੁੱਦੇ ’ਤੇ ਹੋਈ ਵਿਦਿਅਕ ਖੋਜ ਨਾਲ ਸਹਿਮਤ ਹੈ ਕਿ ਮੁੱਢਲੀ ਵਿਦਿਆ ਮਾਂ ਬੋਲੀ ਵਿੱਚ ਹੀ ਹੋਣ ਨਾਲ ਬੱਚੇ ਦਾ ਬੌਧਿਕ ਵਿਕਾਸ ਸਹੀ ਹੁੰਦਾ ਹੈ। ਮਾਂ ਬੋਲੀ ਵਿੱਚ ਨਿਪੁੰਨਤਾ ਬੱਚੇ ਨੂੰ ਦੂਜੀਆਂ ਜ਼ੁਬਾਨਾਂ ਵਿੱਚ ਨਿਪੁੰਨਤਾ ਪ੍ਰਾਪਤ ਕਰਨ ਵਿੱਚ ਵੀ ਸਹਾਈ ਹੁੰਦੀ ਹੈ। ਹੁਣ ਦੇ ਪੰਜਾਬ ਅਤੇ ਕਈ ਦੂਜੀਆਂ ਥਾਵਾਂ ’ਤੇ ਵੀ ਇਹ ਰੁਝਾਨ ਵਧ ਰਿਹਾ ਹੈ ਕਿ ਬੱਚਿਆਂ ਨੂੰ ਅੰਗਰੇਜ਼ੀ ਵਿੱਚ ਮੁਹਾਰਤ ਹਾਸਲ ਕਰਨ ਲਈ ਅੰਗਰੇਜ਼ੀ ਮੀਡੀਅਮ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਣਾ ਜ਼ਰੂਰੀ ਹੈ ਜੋ ਨਾਂਹ-ਪੱਖੀ ਰੁਝਾਨ ਹੈ ਅਤੇ ਇਹ ਨਿੱਘਰ ਰਹੇ ਵਿਦਿਅਕ ਮਿਆਰ ਦਾ ਇੱਕ ਕਾਰਨ ਹੈ। ਕਿਸੇ ਵੀ ਵਿਦਿਆਰਥੀ ਦੀ ਪ੍ਰਾਪਤੀ ਸਿਰਫ਼ ਉਸ ਦੀ ਆਪਣੀ ਕਾਬਲੀਅਤ ਤੇ ਮਿਹਨਤ ਕਰ ਕੇ ਨਹੀਂ ਹੁੰਦੀ, ਸਗੋਂ ਉਸ ਕਾਬਲੀਅਤ ਨੂੰ ਤੇਜ਼ ਕਰਨ ਤੇ ਮਿਹਨਤ ਵਾਲੇ ਪਾਸੇ ਲਾਉਣ ਵਿੱਚ ਅਧਿਆਪਕਾਂ ਦੀ ਮੁੱਖ ਅਤੇ ਮਾਪਿਆਂ ਦੀ ਸਹਾਇਕ ਭੂਮਿਕਾ ਹੁੰਦੀ ਹੈ।
ਸਾਡੇ ਸਕੂਲ ਦੇ ਸ਼ਾਨਦਾਰ ਨਤੀਜੇ ਦੀ ਖ਼ਬਰ ਸਾਰੇ ਇਲਾਕੇ ਵਿੱਚ ਫੈਲ ਗਈ। ਫਿਰੋਜ਼ਪੁਰ ਸ਼ਹਿਰ ਦੇ ਇੱਕ ਸੈਕੰਡਰੀ ਸਕੂਲ ਦੇ ਹੈੱਡਮਾਸਟਰ ਨੇ ਮਾਸਟਰ ਨੰਦ ਲਾਲ ਸ਼ਾਸਤਰੀ ਦੁਆਰਾ ਪਹੁੰਚ ਕਰਕੇ ਬੜੀਆਂ ਸਹੂਲਤਾਂ ਦੇ ਕੇ ਆਪਣੇ ਸਕੂਲ ਵਿੱਚ ਦਾਖ਼ਲਾ ਲੈਣ ਲਈ ਮੈਨੂੰ ਤੇ ਮੇਰੇ ਪਰਿਵਾਰ ਨੂੰ ਮਨਾ ਲਿਆ। ਗਿਆਨੀ ਰਣਜੀਤ ਸਿੰਘ ਨੇ ਹੋਰ ਹੱਲਾਸ਼ੇਰੀ ਦੇਣ ਲਈ ਮੇਰੇ ਲਈ ਦੋ ਸਾਲ ਦਾ ‘ਪ੍ਰੀਤਲੜੀ’ ਦਾ ਚੰਦਾ ਇਨਾਮ ਵਜੋਂ ਦਿੱਤਾ। ਇਹ ਇਨਾਮ ਦੇਣਾ ਉਨ੍ਹਾਂ ਦਾ ਆਪਣੇ ਵਿਦਿਆਰਥੀ ਪ੍ਰਤੀ ਸਿਰਫ਼ ਪਿਆਰ ਹੀ ਨਹੀਂ ਸੀ, ਸਗੋਂ ਉਨ੍ਹਾਂ ਦੀ ਦੂਰਅੰਦੇਸ਼ ਸੋਚਣੀ ਦਾ ਵੀ ਸੂਚਕ ਸੀ। ਉਦੋਂ 13 ਸਾਲ ਦੀ ਉਮਰ ਤੋਂ ਹਰ ਮਹੀਨੇ ‘ਪ੍ਰੀਤਲੜੀ’ ਪੜ੍ਹਨ ਦਾ ਮੇਰੀ ਅਗਾਂਹਵਧੂ ਸੋਚ ਬਣਾਉਣ ਵਿੱਚ ਬੜਾ ਮਹੱਤਵਪੂਰਨ ਯੋਗਦਾਨ ਹੈ।
ਗਿਆਨੀ ਜੀ ਨੇ ਫਿਰੋਜ਼ਪੁਰ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਫਿਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਤੱਕ ਮੇਰੇ ਵਿਦਿਅਕ ਜੀਵਨ ਦੇ ਹਰ ਪੜਾਅ ਵਿੱਚ ਲਗਾਤਾਰ ਚਿੱਠੀ ਪੱਤਰ ਨਾਲ ਅਤੇ ਕਦੇ ਕਦੇ ਮਿਲ ਕੇ ਰਾਬਤਾ ਰੱਖਿਆ, ਪਰ ਆਕਸਫੋਰਡ ਆਉਣ ਤੋਂ ਬਾਅਦ ਇੱਕ ਵਾਰ ਉਨ੍ਹਾਂ ਨਾਲ ਸੰਪਰਕ ਟੁੱਟ ਗਿਆ ਸੀ। ਕੁਝ ਸਾਲਾਂ ਬਾਅਦ ਇੱਕ ਦਿਨ ਉਨ੍ਹਾਂ ਦਾ ਖ਼ਤ ਆ ਗਿਆ। ਮੈਨੂੰ ਹੈਰਾਨੀ ਵੀ ਹੋਈ ਤੇ ਖ਼ੁਸ਼ੀ ਵੀ। ਉਨ੍ਹਾਂ ਲਿਖਿਆ ਕਿ ‘‘ਸ਼ਾਇਦ ਤੂੰ ਐਨੀਆਂ ਉਚਾਈਆਂ ’ਤੇ ਪਹੁੰਚ ਕੇ ਮੈਨੂੰ ਭੁੱਲ ਗਿਆ ਹੋਵੇਂਗਾ, ਪਰ ਤੂੰ ਮੈਨੂੰ ਨਹੀਂ ਭੁੱਲਿਆ ਕਿਉਂਕਿ ਤੂੰ ਮੇਰੇ ਸਾਰੇ ਅਧਿਆਪਕੀ ਕਰੀਅਰ ਦਾ ਸਭ ਤੋਂ ਹੋਣਹਾਰ ਵਿਦਿਆਰਥੀ ਹੈਂ।’’ ਅਹਿਸਾਨ ਨਾਲ ਭਰੇ ਦਿਲ ਨਾਲ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ। ਮੈਂ ਉਹ ਖ਼ਤ ਆਪਣੀ ਪਤਨੀ (ਪ੍ਰੋ. ਮੀਨਾ ਢਾਂਡਾ) ਤੇ ਬੇਟੀ (ਤਾਨੀਆ) ਨੂੰ ਦਿਖਾ ਕੇ ਕਿਹਾ ਕਿ ਮੇਰੇ ਅਧਿਆਪਕ ਦਾ ਮੇਰੇ ਬਾਰੇ ਇਹ ਕਹਿਣਾ ਮੇਰੇ ਲਈ ਸਭ ਤੋਂ ਵੱਡਾ ਇਨਾਮ ਹੈ ਅਤੇ ਇਸ ਤੋਂ ਬਾਅਦ ਮੈਨੂੰ ਕਿਸੇ ਇਨਾਮ ਦੀ ਲਾਲਸਾ ਨਹੀਂ।
ਮੈਂ ਉਨ੍ਹਾਂ ਨੂੰ ਉਸੇ ਵਕਤ ਫੋਨ ਕੀਤਾ। ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਂ ਉਨ੍ਹਾਂ ਨੂੰ ਕਦੇ ਨਹੀਂ ਭੁੱਲਿਆ। ਮੈਨੂੰ ਇਸ ਗੱਲ ਦਾ ਬੜਾ ਡੂੰਘਾ ਅਹਿਸਾਸ ਹੈ ਕਿ ਮੇਰੀਆਂ ਵਿਦਿਅਕ ਪ੍ਰਾਪਤੀਆਂ ਦੀਆਂ ਮਜ਼ਬੂਤੀਆਂ ਉਨ੍ਹਾਂ ਦੇ ਪੜ੍ਹਾਉਣ, ਪਿਆਰ ਤੇ ਵਿਸ਼ਵਾਸ ਨੇ ਬੰਨ੍ਹੀਆਂ ਹਨ। ਮੈਂ ਮਹਿਸੂਸ ਕੀਤਾ ਕਿ ਉਹ ਬਜ਼ੁਰਗ ਹੋ ਰਹੇ ਹਨ ਤੇ ਮੈਂ ਉਨ੍ਹਾਂ ਨੂੰ ਜ਼ਰੂਰ ਮਿਲ ਕੇ ਆਵਾਂ। ਸੋ ਇੱਕ ਵਾਰ ਪੰਜਾਬ ਫੇਰੀ ਦੌਰਾਨ ਮੈਂ ਆਪਣੇ ਭਰਾ ਬਲਵਿੰਦਰ ਸਿੰਘ ਗਿੱਲ ਅਤੇ ਰੱਤੇ ਖੇੜੇ ਦੇ ਦੋਸਤਾਂ ਕੰਵਲ ਤੇ ਖੁਸ਼ਵੰਤ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਜ਼ੀਰੇ ਮਿਲਣ ਗਿਆ। ਉਨ੍ਹਾਂ ਨੇ ਬਹੁਤ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਘਰ ਦੇ ਇੱਕ ਇੱਕ ਮੈਂਬਰ ਨਾਲ ਮੇਰੀ ਮੁਲਾਕਾਤ ਕਰਾਈ ਅਤੇ ਕਈ ਯਾਦਗਾਰੀ ਫੋਟੋਆਂ ਖਿਚਵਾਈਆਂ। ਮੇਰੇ ਵਾਰ ਵਾਰ ਜ਼ੋਰ ਦੇਣ ’ਤੇ ਕਿ ਉਨ੍ਹਾਂ ਨੂੰ ਆਪਣੀ ਜੀਵਨ ਕਹਾਣੀ ਲਿਖਣੀ ਚਾਹੀਦੀ ਹੈ ਤਾਂ ਉਨ੍ਹਾਂ 2022 ਵਿੱਚ ਆਪਣੀ ਪਹਿਲੀ ਕਿਤਾਬ ‘ਉਮਰਾਂ ਦੇ ਪੈਂਡੇ’ ਲਿਖੀ ਤੇ ਮੈਨੂੰ ਉਸ ਦਾ ਮੁਖਬੰਦ ਲਿਖਣ ਲਈ ਕਿਹਾ। ਉਨ੍ਹਾਂ ਨੇ ਇਸ ਜੀਵਨ ਕਹਾਣੀ ਦੇ ਜ਼ਰੀਏ ਪੰਜਾਬ ਦੇ ਪੇਂਡੂ ਜੀਵਨ, ਸਕੂਲ ਸਿਸਟਮ ਤੇ ਪੰਜਾਬ ਦੇ ਸਰਕਾਰੀ ਕੰਮਕਾਜ ਬਾਰੇ ਆਪਣੇ ਤਜਰਬੇ ਤੇ ਨਜ਼ਰੀਏ ਲਿਖੇ। ਉਨ੍ਹਾਂ ਪਰਿਵਾਰਕ ਰਿਸ਼ਤਿਆਂ ਵਿੱਚ ਆਨੰਦ ਤੇ ਤਣਾਅ ਦੀ ਚਰਚਾ ਵੀ ਕੀਤੀ। ਉਨ੍ਹਾਂ ਨਿੱਜੀ ਜੀਵਨ ’ਤੇ ਝਾਤ ਮਾਰਦਿਆਂ ਪੰਜਾਬ ਦੇ ਕਿਸਾਨੀ ਜੀਵਨ ਤੋਂ ਲੈ ਕੇ ਪੰਜਾਬ ਦੇ ਸਕੂਲ ਅਧਿਆਪਕ ਪੇਸ਼ੇ ਦੇ ਬਦਲਦੇ ਰੂਪਾਂ ’ਤੇ ਵੀ ਚਾਨਣਾ ਪਾਇਆ।
2023 ਵਿੱਚ ਉਨ੍ਹਾਂ ਆਪਣੀ ਦੂਜੀ ਕਿਤਾਬ ‘ਤਿੰਨ ਰੰਗ’ ਛਪਵਾਈ ਜਿਸ ਵਿੱਚ ਉਨ੍ਹਾਂ ਆਪਣੀ ਜੀਵਨ ਕਹਾਣੀ ਦੇ ਕੁਝ ਹੋਰ ਤਜਰਬੇ ਤੇ ਆਪਣੀਆਂ ਕੁਝ ਕਹਾਣੀਆਂ ਇਕੱਠੀਆਂ ਕਰਕੇ ਛਪਵਾਈਆਂ। ਆਪਣੀਆਂ ਕਿਤਾਬਾਂ ਦੇ ਕੁਝ ਛਪੇ ਰੀਵਿਊ ਵੀ ਉਨ੍ਹਾਂ ਨੇ ਮੈਨੂੰ ਭੇਜੇ।
ਨਵੰਬਰ 2023 ਵਿੱਚ ਡਾ. ਜਗਦੀਸ਼ ਚੋਪੜਾ ਆਪਣੀ ਪੰਜਾਬ ਫੇਰੀ ਦੌਰਾਨ ਗਿਆਨੀ ਜੀ ਨੂੰ ਜ਼ੀਰੇ ਮਿਲਣ ਗਿਆ। ਉਹ ਆਪਣੇ ਇਸ ਹੋਣਹਾਰ ਵਿਦਿਆਰਥੀ ਵੱਲੋਂ ਦਿਖਾਏ ਆਦਰ ਮਾਣ ਤੋਂ ਬਹੁਤ ਖ਼ੁਸ਼ ਸਨ ਅਤੇ ਮੈਨੂੰ ਫੋਨ ’ਤੇ ਇਸ ਮੀਟਿੰਗ ਬਾਰੇ ਵਿਸਥਾਰ ਵਿੱਚ ਦੱਸਿਆ। ਗਿਆਨੀ ਰਣਜੀਤ ਸਿੰਘ ਜੀ ਦੀ ਸ਼ਖ਼ਸੀਅਤ ਤੋਂ ਸਮਾਜਿਕ ਤੇ ਵਿਦਿਅਕ ਪੱਖ ਦੀ ਸੱਚਾਈ ਨੂੰ ਸਮਝਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਪੰਜਾਬੀ ਮੀਡੀਅਮ ਆਧਾਰਿਤ ਸਰਕਾਰੀ ਸਕੂਲਾਂ ਨੂੰ ਫਿਰ ਮਜ਼ਬੂਤ ਕਰਨਾ ਪੰਜਾਬ ਦੇ ਵਿਦਿਅਕ ਮਿਆਰਾਂ ਨੂੰ ਉੱਚਾ ਕਰਨ ਦਾ ਇੱਕੋ ਇੱਕ ਤਰੀਕਾ ਹੈ। ਇਨ੍ਹਾਂ ਸਕੂਲਾਂ ਵਿੱਚ ਹੀ ਅੰਗਰੇਜ਼ੀ ਦੀ ਇੱਕ ਮਜ਼ਮੂਨ ਦੇ ਤੌਰ ’ਤੇ ਵਧੀਆ ਕਿਸਮ ਦੀ ਪੜ੍ਹਾਈ ਕਰਵਾਈ ਜਾਵੇ। ਇਸ ਨਾਲ ਦੁਕਾਨਾਂ ਵਾਂਗ ਥਾਂ-ਥਾਂ ਖੁੱਲ੍ਹੇ ਅੰਗਰੇਜ਼ੀ ਮਾਧਿਅਮ ਵਾਲੇ ਪ੍ਰਾਈਵੇਟ ਸਕੂਲਾਂ ਵੱਲ ਜਾਣ ਦਾ ਰੁਝਾਨ ਆਪਣੇ ਆਪ ਹੀ ਖ਼ਤਮ ਹੋ ਜਾਵੇਗਾ।
ਪੰਜਾਬ ਦੇ ਬਹੁਭਾਂਤੀ ਆਰਥਿਕ, ਸਮਾਜਿਕ ਤੇ ਰਾਜਨੀਤਕ ਸੰਕਟਾਂ ਨਾਲ ਨਿਪਟਣ ਦਾ ਰਾਹ ਪੰਜਾਬ ਦੇ ਵਿਦਿਅਕ ਤੇ ਬੌਧਿਕ ਮਿਆਰਾਂ ਨੂੰ ਉੱਚਾ ਚੁੱਕਣ ਵਿੱਚੋਂ ਹੀ ਨਿਕਲੇਗਾ। ਗਿਆਨੀ ਜੀ, ਜੋ ਬੀਤੇ ਦਿਨੀਂ ਸਾਡੇ ਕੋਲੋਂ ਸਦਾ ਲਈ ਵਿੱਛੜ ਗਏ, ਦਾ ਆਦਰਸ਼ਮਈ ਅਧਿਆਪਕ ਜੀਵਨ ਇਸ ਕਾਰਜ ਲਈ ਪ੍ਰੇਰਨਾ ਸਰੋਤ ਰਹੇਗਾ।
ਸੰਪਰਕ: +44 7922 657 957
ਪ੍ਰੋਫੈਸਰ ਐਮੀਰਟਸ, ਆਕਸਫੋਰਡ ਬਰੁਕਸ ਯੂਨੀਵਰਸਿਟੀ।