ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਨਮ ਸ਼ਤਾਬਦੀ ਵਰ੍ਹੇ ’ਚ ਵਾਜਪਾਈ ਨੂੰ ਯਾਦ ਕਰਦਿਆਂ...

09:02 AM Jan 05, 2025 IST

 

Advertisement

ਜੰਗ ਬਹਾਦਰ ਗੋਇਲ

ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦਾ ਇਹ ਜਨਮ ਸ਼ਤਾਬਦੀ ਵਰ੍ਹਾ ਹੈ। ਉਹ ਮੂਲ ਰੂਪ ਵਿੱਚ ਕਵੀ, ਸੰਵੇਦਨਸ਼ੀਲ ਇਨਸਾਨ, ਪ੍ਰਭਾਵਸ਼ਾਲੀ ਵਕਤਾ, ਦੂਰਅੰਦੇਸ਼ ਸਿਆਸਤਦਾਨ, ਆਦਰਸ਼ ਸੰਸਦ ਮੈਂਬਰ ਅਤੇ ਰਾਜ-ਧਰਮ ਦਾ ਪਾਲਣ ਕਰਨ ਵਾਲੇ ਪ੍ਰਧਾਨ ਮੰਤਰੀ ਸਨ। ਮੇਰੀ ਖ਼ੁਸ਼ਕਿਸਮਤੀ ਹੈ ਕਿ ਮੈਨੂੰ ਅਜਿਹੀ ਵਿਲੱਖਣ ਸ਼ਖ਼ਸੀਅਤ ਨੂੰ ਬਹੁਤ ਨੇੜਿਉਂ ਵੇਖਣ ਅਤੇ ਮਿਲਣ ਦਾ ਸੁਭਾਗ ਹਾਸਿਲ ਹੋਇਆ।
ਮੇਰੀ ਉਨ੍ਹਾਂ ਨਾਲ ਪਹਿਲੀ ਮੁਲਾਕਾਤ ਉਦੋਂ ਹੋਈ ਜਦੋਂ ਕਾਰਗਿਲ ਦੀ ਲੜਾਈ ਹੋ ਕੇ ਹਟੀ ਸੀ। ਉਸ ਲੜਾਈ ’ਚ ਸ਼ਹੀਦ ਹੋਏ ਪਰਿਵਾਰਾਂ ਦੀ ਸਹਾਇਤਾ ਲਈ ਜਲੰਧਰ ਵਿੱਚ ਕਰਵਾਏ ਗਏ ਇੱਕ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜਲੰਧਰ ਆਏ ਸਨ। ਉਸ ਵੇਲੇ ਮੈਂ ਉੱਥੇ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ। ਇਸ ਸਮਾਗਮ ਤੋਂ ਬਾਅਦ ਸ਼ਾਮ ਨੂੰ ਪ੍ਰਤਾਪ ਬਾਗ ਵਿਖੇ ਵਿਸ਼ਾਲ ਜਨਤਕ ਸਮਾਗਮ ਹੋਇਆ। ਜਲੰਧਰ ਦੇ ਉਸ ਸਮੇਂ ਦੇ ਮੇਅਰ ਸੁਰੇਸ਼ ਸਹਿਗਲ ਦੇ ਨਾਲ ਮੈਨੂੰ ਵੀ ਵਾਜਪਾਈ ਹੋਰਾਂ ਨੂੰ ਸਮੂਹ ਸ਼ਹਿਰ ਵਾਸੀਆਂ ਵੱਲੋਂ ਸਨਮਾਨ ਚਿੰਨ੍ਹ ਦੇ ਤੌਰ ’ਤੇ ਸ਼ਹਿਰ ਦੀ ‘ਸਿਲਵਰ ਚਾਬੀ’ ਪ੍ਰਦਾਨ ਕਰਨ ਦਾ ਫਖ਼ਰ ਹਾਸਿਲ ਹੋਇਆ। ਮੇਅਰ ਸੁਰੇਸ਼ ਸਹਿਗਲ ਨੇ ਆਪਣੇ ਸੁਆਗਤੀ ਭਾਸ਼ਣ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਇੰਦਰ ਕੁਮਾਰ ਗੁਜਰਾਲ ਨੇ ਜਲੰਧਰ ਦੇ ਦਮੋਰੀਆ ਪੁਲ ਉੱਤੇ ਕੇਂਦਰ ਦੇ ਖਰਚੇ ’ਤੇ ‘ਰੇਲਵੇ ਓਵਰਬ੍ਰਿਜ’ ਬਣਾਉਣ ਲਈ ਜੋ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕੀਤਾ ਜਾਵੇ। ਸਮਾਗਮ ਦੀ ਸਮਾਪਤੀ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਸਟੇਜ ਤੋਂ ਹੇਠਾਂ ਉਤਰ ਰਹੇ ਸਨ ਤਾਂ ਉਨ੍ਹਾਂ ਨੇ ਮੇਅਰ ਸੁਰੇਸ਼ ਸਹਿਗਲ ਦੇ ਮੋਢੇ ’ਤੇ ਹੱਥ ਰੱਖ ਕੇ ਕਿਹਾ, ‘‘ਪੁਲ ਕੇ ਬਾਰੇ, ਮੁਝੇ ਦਿੱਲੀ ਆ ਕਰ ਮਿਲਨਾ।’’
ਪ੍ਰਧਾਨ ਮੰਤਰੀ ਦੇ ਸਨਮਾਨ ਵਿੱਚ ਰਾਤ ਦੇ ਖਾਣੇ ਦਾ ਬੰਦੋਬਸਤ ਸੀ। ਇਸ ਮੌਕੇ ਸ਼ਹਿਰ ਦੇ ਚੋਣਵੇਂ ਪਤਵੰਤਿਆਂ ਤੋਂ ਇਲਾਵਾ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪ੍ਰੋ. ਪ੍ਰੇਮ ਕੁਮਾਰ ਧੂਮਲ ਅਤੇ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਉਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਸਕੱਤਰ ਵੀ ਸਨ, ਹਾਜ਼ਰ ਸਨ। ਲਗਭਗ 40-50 ਮਿੰਟ ਬਹੁਤ ਖੁੱਲ੍ਹੇ ਤੇ ਸੁਖਾਵੇਂ ਮਾਹੌਲ ਵਿੱਚ ਬਿਲਕੁਲ ਗ਼ੈਰ-ਰਸਮੀ ਤੌਰ ’ਤੇ ਸ਼ਹਿਰ ਦੇ ਪਤਵੰਤਿਆਂ ਨੇ ਪ੍ਰਧਾਨ ਮੰਤਰੀ ਨਾਲ ਗੁਫ਼ਤਗੂ ਕੀਤੀ। ਇਸ ਮੌਕੇ ਵਾਜਪਾਈ ਹੋਰਾਂ ਨੇ ਆਪਣੀਆਂ ਕੁਝ ਕਵਿਤਾਵਾਂ ਵੀ ਸੁਣਾਈਆਂ।
ਖਾਣੇ ਦੇ ਟੇਬਲ ’ਤੇ ਮੈਂ ਵਾਜਪਾਈ ਹੋਰਾਂ ਨੂੰ ਆਪਣੀ ਲਿਖੀ ਪੁਸਤਕ ‘ਸਵਾਮੀ ਵਿਵੇਕਾਨੰਦ: ਹਿਜ਼ ਹਯੂਮਨ ਬਾਂਡਜ਼’ ਭੇਟ ਕੀਤੀ। ਉਨ੍ਹਾਂ ਨੇ ਬੜੀ ਨੀਝ ਨਾਲ ਪੁਸਤਕ ਦਾ ਟਾਈਟਲ ਵੇਖਿਆ ਤੇ ਆਪਣੇ ਨਿੱਜੀ ਸਕੱਤਰ ਨੂੰ ਫੜਾ ਦਿੱਤੀ। ਇਸ ਦੌਰਾਨ ਪ੍ਰੋ. ਧੂਮਲ ਨੇ ਮੇਰੇ ਬਾਰੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਇਹ ਮੇਰਾ ਜਮਾਤੀ ਹੈ। ਇਹ ਸੁਣ ਕੇ ਉਹ ਬਹੁਤ ਖ਼ੁਸ਼ ਹੋਏ ਤੇ ਮੇਰੀ ਪਿੱਠ ’ਤੇ ਥਾਪੀ ਦਿੱਤੀ।

Advertisement

ਸ੍ਰੀ ਅਟਲ ਬਿਹਾਰੀ ਵਾਜਪਾਈ ਨਾਲ ਮੁਲਾਕਾਤ ਸਮੇਂ ਲੇਖਕ (ਖੱਬੇ)।

ਮੇਰੀ ਉਨ੍ਹਾਂ ਨਾਲ ਦੂਜੀ ਮੁਲਾਕਾਤ ਸਾਲ 1999 ’ਚ ਉਦੋਂ ਹੋਈ ਜਦੋਂ ਲੋਕ ਸਭਾ ਦਾ ‘ਵਿੰਟਰ ਸੈਸ਼ਨ’ ਚੱਲ ਰਿਹਾ ਸੀ। ਇੱਕ ਅਖ਼ਬਾਰ ਦੇ ਸੰਪਾਦਕ ਨੇ ਦਮੋਰੀਆ ਪੁਲ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੋਂ ਮੁਲਾਕਾਤ ਲਈ ਸਾਨੂੰ ਤਾਰੀਖ਼ ਅਤੇ ਸਮਾਂ ਲੈ ਕੇ ਦਿੱਤਾ। ਅਸੀਂ ਸਾਰੇ ਜ਼ਰੂਰੀ ਦਸਤਾਵੇਜ਼ ਲੈ ਕੇ ਦਿੱਲੀ ਪਹੁੰਚੇ। ਸੰਪਾਦਕ ਦੇ ਨਾਲ ਮੇਅਰ ਸੁਰੇਸ਼ ਸਹਿਗਲ ਤੇ ਮੈਂ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਪਾਰਲੀਮੈਂਟ ਹਾਊਸ ਦਫ਼ਤਰ ਵਿੱਚ ਮਿਲੇ। ਰਸਮੀ ਸਲਾਮ-ਦੁਆ ਤੇ ਫੋਟੋ ਸੈਸ਼ਨ ਉਪਰੰਤ ਮੇਅਰ ਸੁਰੇਸ਼ ਸਹਿਗਲ ਨੇ ਗੱਲ ਸ਼ੁਰੂ ਕੀਤੀ:
‘‘ਸਰ, ਸ੍ਰੀ ਇੰਦਰ ਕੁਮਾਰ ਗੁਜਰਾਲ ਜਦੋਂ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਜਲੰਧਰ ਆਏ ਤਾਂ ਉਨ੍ਹਾਂ ਨੇ ਇੱਕ ਜਲਸੇ ਵਿੱਚ ਜਲੰਧਰ ਵਾਸੀਆਂ ਦੀ ਪੁਰਜ਼ੋਰ ਮੰਗ ਨੂੰ ਧਿਆਨ ’ਚ ਰੱਖਦਿਆਂ ਐਲਾਨ ਕੀਤਾ ਸੀ ਕਿ ਭਾਰਤ ਸਰਕਾਰ ਆਪਣੇ ਵਸੀਲਿਆਂ ਨਾਲ ਦਮੋਰੀਆ ਪੁਲ ’ਤੇ ਰੇਲਵੇ ਓਵਰਬ੍ਰਿਜ ਦੀ ਉਸਾਰੀ ਕਰਵਾਏਗੀ। ਇਹ ਪੁਲ ਬਣਨਾ ਬੜਾ ਲਾਜ਼ਮੀ ਹੈ ਸਰ, ਕਿਉਂਕਿ ਥੋੜ੍ਹੀ ਜਿੰਨੀ ਬਰਸਾਤ ਤੋਂ ਬਾਅਦ ਸ਼ਹਿਰ ਦੀ ਸੋਢਲ ਚੌਕ ਤੱਕ ਆਵਾਜਾਈ ਠੱਪ ਹੋ ਜਾਂਦੀ ਹੈ ਤੇ ਸ਼ਹਿਰ ਦੋ ਹਿੱਸਿਆਂ ’ਚ ਵੰਡਿਆ ਜਾਂਦਾ ਹੈ।’’ ਇੰਨਾ ਕਹਿ ਕੇ ਸੁਰੇਸ਼ ਸਹਿਗਲ ਨੇ ਫਾਈਲ ’ਚ ਲੱਗੀ ਪੀਐੱਮਓ ਦੀ ਉਹ ਚਿੱਠੀ ਦਿਖਾਈ ਜਿਸ ਵਿੱਚ ਸ੍ਰੀ ਗੁਜਰਾਲ ਜੀ ਦੇ ਐਲਾਨ ਦੀ ‘ਕਨਫਰਮੇਸ਼ਨ’ ਦਰਜ ਸੀ।
ਪ੍ਰਧਾਨ ਮੰਤਰੀ ਜੀ ਨੇ ਚਿੱਠੀ ਵੇਖੀ ਤੇ ਕਿਹਾ;
‘‘ਸ੍ਰੀ ਇੰਦਰ ਕੁਮਾਰ ਗੁਜਰਾਲ ਜਲੰਧਰ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ ਸਨ। ਜ਼ਾਹਿਰ ਹੈ ਕਿ ਉਨ੍ਹਾਂ ਨੇ ਆਪਣੇ ਚੋਣ ਹਲਕੇ ਦੇ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਅਜਿਹਾ ਭਰੋਸਾ ਦਿੱਤਾ ਹੋਵੇਗਾ ਪਰ ਇਹ ਵਾਅਦਾ ਪੂਰਾ ਕਰਨਾ ਸੰਭਵ ਨਹੀਂ ਹੈ। ਲੋਕ ਸਭਾ ਦੇ 543 ਮੈਂਬਰ ਹਨ ਤੇ ਰਾਜ ਸਭਾ ’ਚ 245 । ਹਰ ਸੰਸਦ ਮੈਂਬਰ ਦੇ ਹਲਕੇ ਵਿੱਚ ਜ਼ਰੂਰ ਇੱਕ-ਦੋ ਸ਼ਹਿਰ ਅਜਿਹੇ ਹੋਣਗੇ ਜਿੱਥੇ ਆਰਓਬੀ (ਰੇਲਵੇ ਓਵਰ ਬ੍ਰਿਜ) ਦੀ ਸਖ਼ਤ ਲੋੜ ਹੈ। ਜ਼ਰਾ ਕਲਪਨਾ ਕਰ ਕੇ ਵੇਖੋ ਕਿ ਕੀ ਕੇਂਦਰ ਸਰਕਾਰ ਲਈ ਹਰ ਥਾਂ ’ਤੇ ਆਪਣੇ ਖਰਚੇ ’ਤੇ ਆਰਓਬੀ ਬਣਵਾਉਣੇ ਸੰਭਵ ਹੋ ਸਕਦੇ ਹਨ? ਜੇ ਜਲੰਧਰ ’ਚ ਅਸੀਂ ਅਜਿਹਾ ਕਰਦੇ ਹਾਂ ਤਾਂ ਅਸੀਂ ਐਸਾ ਪਰੈਸੀਡੈਂਟ ਕਰੀਏਟ (Precedent Create) ਕਰਾਂਗੇ ਜੋ ਅੱਗੇ ਜਾ ਕੇ ਸਾਡੇ ਵਾਸਤੇ ਵੱਡੀ ਸਿਰਦਰਦੀ ਦਾ ਕਾਰਨ ਬਣ ਸਕਦਾ ਹੈ।’’
ਪ੍ਰਧਾਨ ਮੰਤਰੀ ਦੀ ਠੋਸ ਤਰਕ ਭਰਪੂਰ ਗੱਲ ਸੁਣ ਕੇ ਅਸੀਂ ਤਿੰਨੋਂ ਇੱਕ-ਦੂਜੇ ਦੇ ਮੂੰਹ ਵੱਲ ਵੇਖਣ ਲੱਗੇ। ਸਾਡਾ ਚਾਅ ਮੱਠਾ ਪੈ ਗਿਆ। ਦਿਲ ਬੁਝ ਗਏ। ਕੁਝ ਵੀ ਸੁੱਝ ਨਹੀਂ ਸੀ ਰਿਹਾ। ਸੁਰੇਸ਼ ਸਹਿਗਲ ਨੇ ਮੈਨੂੰ ਕੁਝ ਬੋਲਣ ਲਈ ਇਸ਼ਾਰਾ ਕੀਤਾ। ਮੇਰੇ ਲਈ ਇਹ ਬਹੁਤ ਵੱਡੇ ਇਮਤਿਹਾਨ ਦੀ ਘੜੀ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਸਾਹਮਣੇ ਭਲਾ ਇੱਕ ਮਾਮੂਲੀ ਨੌਕਰਸ਼ਾਹ ਦੀ ਕੀ ਬਿਸਾਤ ਹੋ ਸਕਦੀ ਹੈ? ਝਕਦਿਆਂ-ਝਕਦਿਆਂ ਮੈਂ ਕੁਝ ਬੋਲਣ ਦਾ ਹੌਸਲਾ ਕੀਤਾ। ਮੈਂ ਕਿਹਾ, ‘‘ਸਰ, ਮਾਣਯੋਗ ਸ੍ਰੀ ਇੰਦਰ ਕੁਮਾਰ ਗੁਜਰਾਲ ਨੇ ਦਮੋਰੀਆ ਪੁਲ ਕੇਂਦਰ ਸਰਕਾਰ ਦੇ ਖਰਚੇ ’ਤੇ ਤਾਮੀਰ ਕਰਵਾਉਣ ਦਾ ਐਲਾਨ ਉਸ ਸਮੇਂ ਕੀਤਾ ਸੀ ਜਦੋਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਨ। ਇਸ ਐਲਾਨ ਦੀ ‘ਕਨਫਰਮੇਸ਼ਨ’ ਵੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਕੀਤੀ ਗਈ ਹੈ। ਮੇਰੀ ਬੇਨਤੀ ਹੈ ਕਿ ਤੁਹਾਡੇ ਪ੍ਰੈਡੀਸੈੱਸਰ ਦਾ ਐਲਾਨ ਸਿਰੇ ਨਾ ਚੜ੍ਹਿਆ ਤਾਂ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਭਰੋਸੇ ’ਤੇ ਪ੍ਰਸ਼ਨ ਚਿੰਨ੍ਹ ਲੱਗ ਸਕਦਾ ਹੈ।’’
ਮੈਂ ਕਹਿ ਤਾਂ ਬੈਠਾ, ਕਹਿ ਕੇ ਦਹਿਲ ਗਿਆ। ਸੋਚ ਕੇ ਬੋਲਿਆ ਹੁੰਦਾ ਤਾਂ ਹਰਗਿਜ਼ ਨਾ ਬੋਲ ਪਾਉਂਦਾ। ਇਹ ਤਾਂ ਸਿਰਫ਼ ਤੇ ਸਿਰਫ਼ ਦਿਲ ਵਿੱਚ ਆਈ ਗੱਲ ਮੈਥੋਂ ਕਹੀ ਗਈ। ਪ੍ਰਧਾਨ ਮੰਤਰੀ ਗੱਲ ਸੁਣ ਕੇ ਬੇਹੱਦ ਗੰਭੀਰ ਹੋ ਗਏ। ਕਮਰੇ ਵਿੱਚ ਸੰਨਾਟਾ ਪੱਸਰਿਆ ਹੋਇਆ ਸੀ। ਉਹ ਆਪਣਾ ਸਿਰ ਕੁਰਸੀ ਦੇ ਉਤਲੇ ਸਿਰੇ ’ਤੇ ਟਿਕਾ ਕੇ ਸੋਚ ਵਿੱਚ ਡੁੱਬੇ ਹੋਏ ਸਨ।
ਅਸੀਂ ਤਿੰਨੋਂ ਜਣੇ ਸਾਹ ਰੋਕੀ ਬੈਠੇ ਸੀ। ਮੇਰੇ ਹੱਥ-ਪੈਰ ਕੰਬ ਰਹੇ ਸਨ।
ਅਚਾਨਕ ਉਨ੍ਹਾਂ ਨੇ ਆਪਣੇ ਦੋਵੇਂ ਹੱਥ ਜਾਣੇ-ਪਛਾਣੇ ਅੰਦਾਜ਼ ’ਚ ਹਵਾ ਵਿੱਚ ਲਹਿਰਾਏ ਤੇ ਗਰਜਵੀਂ ਆਵਾਜ਼ ਵਿੱਚ ਕਿਹਾ, ‘‘ਹਮ ਕਿਸੀ ਭੀ ਹਾਲਤ ਮੇਂ ਪ੍ਰਧਾਨ ਮੰਤਰੀ ਪਦ ਕੀ ਗਰਿਮਾ ਪਰ ਆਂਚ ਨਹੀਂ ਆਨੇ ਦੇਂਗੇ। ਹਮ ਗੁਜਰਾਲ ਜੀ ਕੀ ਘੋਸ਼ਣਾ ਕਾ ਪੂਰਣ-ਰੂਪ ਸੇ ਪਾਲਨ ਕਰੇਂਗੇ। ਹਮ ਇਸ ਆਰਓਬੀ ਕਾ ਪੂਰਾ ਖਰਚ ਵਹਨ ਕਰੇਂਗੇ।’’
ਫੇਰ ਉਨ੍ਹਾਂ ਨੇ ਮੇਅਰ ਸੁਰੇਸ਼ ਸਹਿਗਲ ਨੂੰ ਕਿਹਾ, ‘‘ਮਹਾਂਪੌਰ ਮਹੋਦਯ! ਆਪ ਦਿੱਲੀ ਸੇ ਅਨੁਮਤੀ ਪੱਤਰ ਲੇ ਕਰ ਹੀ ਜਲੰਧਰ ਜਾਨਾ।’’
ਪ੍ਰਧਾਨ ਮੰਤਰੀ ਨੇ ਸਾਨੂੰ ਸਰਫੇਸ ਟਰਾਂਸਪੋਰਟ ਮੰਤਰੀ ਸ੍ਰੀ ਰਾਜਨਾਥ ਸਿੰਘ ਅਤੇ ਰੇਲਵੇ ਮੰਤਰੀ ਮਮਤਾ ਬੈਨਰਜੀ ਨੂੰ ਮਿਲਣ ਲਈ ਕਿਹਾ। ਉਨ੍ਹਾਂ ਦੇ ਦਫ਼ਤਰ ਇੱਕੋ ਹੀ ਭਵਨ ਵਿੱਚ ਸਨ। ਜਦੋਂ ਅਸੀਂ ਉਨ੍ਹਾਂ ਨੂੰ ਮਿਲਣ ਗਏ ਤਾਂ ਸਾਡੇ ਜਾਣ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਦਫ਼ਤਰ ਤੋਂ ਸਾਡੇ ਬਾਰੇ ਉਨ੍ਹਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ।
ਉਸ ਤੋਂ ਬਾਅਦ ਦਮੋਰੀਆ ਪੁਲ ’ਤੇ ਰੇਲਵੇ ਓਵਰ ਬ੍ਰਿਜ ਦੀ ਸ਼ਾਨਦਾਰ ਉਸਾਰੀ ਹੋਈ ਜਿਸ ਨੇ ਜਲੰਧਰ ਸ਼ਹਿਰ ਦੀ ਕਿਸਮਤ ਹੀ ਬਦਲ ਦਿੱਤੀ। ਸਮਝੋ ਸ਼ਹਿਰ ਦੀ ਸਦੀ ਭੌਂਅ ਗਈ।
ਤੀਜੀ ਮੁਲਾਕਾਤ ਬਾਰੇ ਮੈਨੂੰ ਯਾਦ ਪੈਂਦਾ ਹੈ ਕਿ ਜਨਵਰੀ, 2003 ਦੇ ਪਹਿਲੇ ਹਫ਼ਤੇ ਕਿਸੇ ਦਿਨ ਰਾਤ ਵੇਲੇ ਮੈਨੂੰ ਲੈਂਡ-ਲਾਈਨ ’ਤੇ ਫੋਨ ਆਇਆ; ‘‘ਮੈਂ ਸੁਧੀਂਦਰ ਕੁਲਕਰਨੀ ਬੋਲ ਰਿਹਾ ਹਾਂ ਪੀਐੱਮਓ ਤੋਂ।’’
‘ਪੀਐੱਮਓ’ ਸੁਣਦਿਆਂ ਹੀ ਮੇਰੇ ਹੋਸ਼ ਉੱਡ ਗਏ।
‘‘ਸਵਾਮੀ ਵਿਵੇਕਾਨੰਦ : ਹਿਜ਼ ਹਯੂਮਨ ਬਾਂਡਜ਼’ ਪੁਸਤਕ ਤੁਸੀਂ ਲਿਖੀ ਹੈ?’’
‘‘ਜੀ ਹਾਂ।’’ ਮੈਂ ਡਰਦਿਆਂ ਡਰਦਿਆਂ ਕਿਹਾ।
‘‘ਪ੍ਰਧਾਨ ਮੰਤਰੀ ਨੇ ਇਸ ਪੁਸਤਕ ਦੇ ਸਬੰਧ ਵਿੱਚ ਤੁਹਾਨੂੰ ਫਲਾਣੀ ਤਰੀਕ ਨੂੰ ਦਿੱਲੀ ਬੁਲਾਇਆ ਹੈ।’’
ਤੈਅਸ਼ੁਦਾ ਤਰੀਕ ਅਤੇ ਸਮੇਂ ’ਤੇ ਮੈਂ ਦਿੱਲੀ ਪਹੁੰਚ ਗਿਆ। ਪਹਿਲਾਂ ਮੈਂ ਕੁਲਕਰਨੀ ਹੋਰਾਂ ਨੂੰ ਮਿਲਿਆ ਤੇ ਉਹ ਮੈਨੂੰ ਪ੍ਰਧਾਨ ਮੰਤਰੀ ਕੋਲ ਛੱਡ ਆਏ। ਪ੍ਰਧਾਨ ਮੰਤਰੀ ਨੇ ਮੈਨੂੰ ਕਿਹਾ, ‘‘ਇਸ ਵੇਰਾਂ ਮੈਂ ਆਪਣਾ ਜਨਮ ਦਿਨ ਗੋਆ ’ਚ ਮਨਾਇਆ। ਉੱਥੇ ਇੱਕ ਦੋ ਦਿਨ ਰਿਹਾ ਤੇ ਇਸ ਦੌਰਾਨ ਮੈਂ ਤੁਹਾਡੀ ਕਿਤਾਬ ਪੜ੍ਹੀ।’’
(ਮੈਂ ਹੈਰਾਨ ਸੀ ਕਿ ਪ੍ਰਧਾਨ ਮੰਤਰੀ ਅਤੇ ਹੋਰ ਵੱਡੀਆਂ ਸ਼ਖ਼ਸੀਅਤਾਂ ਨੂੰ ਕਿੰਨੀਆਂ ਹੀ ਪੁਸਤਕਾਂ ਭੇਟ ਕੀਤੀਆਂ ਜਾਂਦੀਆਂ ਹਨ ਤੇ ਆਮ ਧਾਰਨਾ ਇਹੋ ਹੈ ਕਿ ਉਹ ਸ਼ਾਇਦ ਹੀ ਪੜ੍ਹਦੇ ਹੋਣ ਪਰ ਵਾਜਪਾਈ ਹੋਰਾਂ ਨੇ ਤਾਂ ਪੁਸਤਕ ਪੜ੍ਹ ਕੇ, ਉਸ ਦੇ ਲੇਖਕ ਨੂੰ ਵੀ ਮਿਲਣ ਦਾ ਸੱਦਾ ਦਿੱਤਾ।)
ਉਹ ਕਹਿਣ ਲੱਗੇ, ‘‘ਸਵਾਮੀ ਵਿਵੇਕਾਨੰਦ ਮੇਰੇ ਰੋਲ ਮਾਡਲ ਹਨ। ਮੈਂ ਉਨ੍ਹਾਂ ਦਾ ਲਿਖਿਆ ਸੰਪੂਰਨ ਸਾਹਿਤ ਵੀ ਪੜ੍ਹਿਆ ਹੈ ਅਤੇ ਉਨ੍ਹਾਂ ਦੇ ਜੀਵਨ-ਦਰਸ਼ਨ ’ਤੇ ਲਿਖੀਆਂ ਅਨੇਕਾਂ ਪੁਸਤਕਾਂ ਵੀ ਪੜ੍ਹੀਆਂ ਹਨ ਪਰ ਤੁਹਾਡੀ ਕਿਤਾਬ ਇਸ ਲਈ ਵੱਖਰੀ ਹੈ ਕਿਉਂਕਿ ਇਹ ਸਵਾਮੀ ਜੀ ਦੇ ਮਾਨਵੀ ਪੱਖ ਨੂੰ ਉਜਾਗਰ ਕਰਦੀ ਹੈ। ਮੇਰਾ ਦਿਲ ਕੀਤਾ ਕਿ ਇਸ ਪੁਸਤਕ ਦੇ ਲੇਖਕ ਨੂੰ ਮਿਲਿਆ ਜਾਵੇ। ਚਲੋ, ਹੁਣ ਚਾਹ ਪੀਤੀ ਜਾਵੇ।’
ਚਾਹ ਪੀਣ ਬਾਅਦ ਮੈਂ ਸਿਰ ਝੁਕਾ ਕੇ ਅਟਲ ਬਿਹਾਰੀ ਵਾਜਪਾਈ ਦਾ ਧੰਨਵਾਦ ਕੀਤਾ।
ਭਾਵੇਂ ਵਾਜਪਾਈ ਅੱਜ ਇਸ ਦੁਨੀਆ ’ਚ ਨਹੀਂ ਪਰ ਜਦੋਂ ਕਦੇ ਵੀ ਉਨ੍ਹਾਂ ਨਾਲ ਕੀਤੀਆਂ ਮੁਲਾਕਾਤਾਂ ਯਾਦ ਆਉਂਦੀਆਂ ਹਨ ਤਾਂ ਦਿਲ ਖੁਸ਼ਨੁਮਾ ਅਹਿਸਾਸ ਨਾਲ ਭਰ ਜਾਂਦਾ ਹੈ।
ਸੰਪਰਕ: 98551-23499

Advertisement