ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ
ਹਰਦਮ ਮਾਨ
ਸਰੀ: ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਹੀਨਾਵਾਰ ਮੀਟਿੰਗ ਸੀਨੀਅਰ ਸਿਟੀਜ਼ਨ ਸੈਂਟਰ ਸਰੀ ਦੇ ਸਮਾਗਮ ਹਾਲ ਵਿੱਚ ਹੋਈ। ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ਇਸ ਮੀਟਿੰਗ ਦੀ ਪ੍ਰਧਾਨਗੀ ਸਭਾ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਅਤੇ ਲੇਖਕ ਚਰਨ ਸਿੰਘ ਨੇ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਦੁਨੀਆ ਭਰ ਵਿੱਚ ਬੈਠੇ ਪੰਜਾਬੀ ਭਾਈਚਾਰੇ ਨੂੰ ਆਪਣੀ ਅਗਲੀ ਪੀੜ੍ਹੀ ਨੂੰ ਜਾਣੂ ਕਰਾਉਣਾ ਚਾਹੀਦਾ ਹੈ। ਇਸ ਨਾਲ ਅਗਲੀਆਂ ਪੀੜ੍ਹੀਆਂ ਨੂੰ ਹੱਕ ਸੱਚ ਲਈ ਜੂਝਣ ਅਤੇ ਬਿਖਮ ਤੋਂ ਬਿਖਮ ਹਾਲਤ ਵਿੱਚ ਵੀ ਚੜ੍ਹਦੀਕਲਾ ਵਿੱਚ ਰਹਿਣ ਦੀ ਪ੍ਰੇਰਣਾ ਮਿਲੇਗੀ ਅਤੇ ਉਹ ਆਪਣੇ ਧਰਮ ਅਤੇ ਵਿਰਸੇ ਨਾਲ ਜੁੜੀਆਂ ਰਹਿਣਗੀਆਂ।
ਸੁਰਜੀਤ ਸਿੰਘ ਮਾਧੋਪੁਰੀ ਨੇ ਸਭਾ ਦੇ ਖ਼ਜ਼ਾਨਚੀ ਰੂਪਿੰਦਰ ਖਹਿਰਾ ਰੂਪੀ ਵੱਲੋਂ ਤਿਆਰ ਕੀਤੀ ਗਈ ਸਾਲ 2024 ਦੀ ਵਿੱਤੀ ਰਿਪੋਰਟ ਸਾਂਝੀ ਕੀਤੀ ਅਤੇ ਸਭਾ ਨੇ ਇਸ ਉੱਪਰ ਆਪਣੀ ਸਹਿਮਤੀ ਦਿੱਤੀ।
ਇਸ ਮੌਕੇ ਚੱਲੇ ਕਾਵਿਕ ਦੌਰ ਵਿੱਚ ਬਿੱਕਰ ਸਿੰਘ ਖੋਸਾ, ਪਲਵਿੰਦਰ ਸਿੰਘ ਰੰਧਾਵਾ, ਸੁਰਜੀਤ ਸਿੰਘ ਮਾਧੋਪੁਰੀ, ਜਸਵਿੰਦਰ ਕੌਰ ਬਾਠ, ਸੁਰਜੀਤ ਸਿੰਘ ਬਾਠ, ਮਾਸਟਰ ਅਮਰੀਕ ਸਿੰਘ ਲੇਲ੍ਹ, ਸੁਰਿੰਦਰ ਸਿੰਘ ਜੱਬਲ, ਗੁਰਮੀਤ ਸਿੰਘ ਕਾਲਕਟ, ਕੁਲਦੀਪ ਸਿੰਘ ਗਿੱਲ, ਡਾ. ਦਵਿੰਦਰ ਕੌਰ, ਹਰਪਾਲ ਸਿੰਘ ਬਰਾੜ, ਕੁਲਦੀਪ ਸਿੰਘ ਜਗਪਾਲ, ਦਰਸ਼ਨ ਸਿੰਘ ਸੰਘਾ, ਚਮਕੌਰ ਸਿੰਘ ਸੇਖੋਂ, ਇੰਦਰਜੀਤ ਸਿੰਘ ਧਾਮੀ, ਹਰਚੰਦ ਸਿੰਘ ਗਿੱਲ, ਕਵਿੰਦਰ ਚਾਂਦ, ਮਨਜੀਤ ਸਿੰਘ ਮੱਲ੍ਹਾ, ਗੁਰਦਰਸ਼ਨ ਸਿੰਘ ਤਤਲਾ, ਹਰਜਿੰਦਰ ਸਿੰਘ ਚੀਮਾ ਅਤੇ ਬਸੰਤ ਸਿੰਘ ਢਿੱਲੋਂ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ।
ਇਸ ਦੌਰਾਨ ਮਲਕੀਤ ਸਿੰਘ ਤੇ ਗੁਰਮੁਖ ਸਿੰਘ ਗਰੇਵਾਲ ਨੇ ਵੀ ਸ਼ਿਰਕਤ ਕੀਤੀ। ਸਟੇਜ ਦਾ ਸੰਚਾਲਨ ਸਭਾ ਦੇ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਬਾਖ਼ੂਬੀ ਕੀਤਾ। ਅੰਤ ਵਿੱਚ ਸੁਰਜੀਤ ਸਿੰਘ ਮਾਧੋਪੁਰੀ ਨੇ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਸੰਪਰਕ: 1 604 308 6663