For the best experience, open
https://m.punjabitribuneonline.com
on your mobile browser.
Advertisement

ਕਲਾ ਇਤਿਹਾਸਕਾਰ ਨੂੰ ਯਾਦ ਕਰਦਿਆਂ

11:54 AM Nov 26, 2023 IST
ਕਲਾ ਇਤਿਹਾਸਕਾਰ ਨੂੰ ਯਾਦ ਕਰਦਿਆਂ
ਬੀ.ਐੱਨ. ਗੋਸਵਾਮੀ
Advertisement

ਸੁਭਾਸ਼ ਪਰਿਹਾਰ

Advertisement

ਮਹਾਨ ਕਲਾ ਇਤਿਹਾਸਕਾਰ ਤੇ ਕਲਾ ਸਮੀਖਿਆਕਾਰ ਡਾ. ਬੀਐੱਨ ਗੋਸਵਾਮੀ 17 ਨਵੰਬਰ ਨੂੰ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਹਿੰਦੋਸਤਾਨ ਦੇ ਕਲਾ ਖੇਤਰ ਨੂੰ ਉਨ੍ਹਾਂ ਦੀ ਦੇਣ ਲਾਸਾਨੀ ਹੈ। ਪੰਜਾਬੀ ਤੇ ਪਹਾੜੀ ਕਲਾਕ੍ਰਿਤਾਂ ਦੀ ਖੋਜ ਤੋਂ ਸ਼ੁਰੂ ਹੋ ਕੇ ਉਨ੍ਹਾਂ ਦੇ ਅਧਿਐਨ ਨੇ ਭਾਰਤ ਦੇ ਵੱਖ ਵੱਖ ਹਿੱਸਿਆਂ ਦੀ ਕਲਾ ਨੂੰ ਆਪਣੇ ਕਲੇਵਰ ਵਿਚ ਲਿਆ।

Advertisement

ਪਿਛਲੇ ਹਫ਼ਤੇ ਸਾਡੇ ਮਹਾਨ ਅਤੇ ਹਰਮਨ ਪਿਆਰੇ ਕਲਾ ਇਤਿਹਾਸਕਾਰ ਡਾ. ਬ੍ਰਿਜਿੰਦਰ ਨਾਥ (ਬੀ.ਐੱਨ.) ਗੋਸਵਾਮੀ ਆਪਣੀ ਸਿਰਜਣਾ ਭਰਪੂਰ ਜ਼ਿੰਦਗੀ ਦੇ ਨੌਂ ਦਹਾਕੇ ਪੂਰੇ ਕਰ ਕੇ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ। ਉਨ੍ਹਾਂ ਨੇ ਆਪਣੇ ਜੀਵਨ ਦਾ ਇੱਕ ਇੱਕ ਪਲ ਕਲਾ-ਖੋਜ ਦੇ ਲੇਖੇ ਲਾਇਆ ਜੋ ਦੋ ਦਰਜਨ ਤੋਂ ਵੀ ਵੱਧ ਕਿਤਾਬਾਂ ਅਤੇ ਸੈਂਕੜੇ ਲੇਖਾਂ ਦੇ ਰੂਪ ਵਿੱਚ ਰਹਿੰਦੀ ਦੁਨੀਆਂ ਤੀਕ ਵਿਸ਼ਵ ਭਰ ਦੇ ਕਲਾ ਇਤਿਹਾਸਕਾਰਾਂ ਦਾ ਮਾਰਗ-ਦਰਸ਼ਨ ਕਰਦੀਆਂ ਰਹਿਣਗੀਆਂ। ਡਾ. ਗੋਸਵਾਮੀ ਦਾ ਜਨਮ 15 ਅਗਸਤ 1933 ਦੇ ਦਿਨ ਵਰਤਮਾਨ ਪਾਕਿਸਤਾਨ ਦੇ ਸ਼ਹਿਰ ਸਰਗੋਧਾ ਵਿਖੇ ਹੋਇਆ ਸੀ। ਵੰਡ ਮਗਰੋਂ ਉਨ੍ਹਾਂ ਦਾ ਪਰਿਵਾਰ ਹੁਸ਼ਿਆਰਪੁਰ ਆ ਵਸਿਆ। ਹੁਸ਼ਿਆਰਪੁਰ ਵਿਖੇ ਹੀ ਪਹਿਲਾਂ ਪਾਕਿਸਤਾਨ ਤੋਂ ਪੰਜਾਬ ਯੂਨੀਵਰਸਿਟੀ ਦਾ ਇੱਕ ਕੇਂਦਰ ਸੀ, ਨਵੀਂ ਰਾਜਧਾਨੀ ਚੰਡੀਗੜ੍ਹ ਵਿਖੇ ਇਹ ਨਵੀਂ-ਉਸਾਰੀ ਮਗਰੋਂ 1956 ਵਿੱਚ ਸ਼ਿਫਟ ਹੋਈ ਸੀ। ਇਸ ਯੂਨੀਵਰਸਿਟੀ ਤੋਂ ਹੀ ਉਨ੍ਹਾਂ ਨੇ ਇਤਿਹਾਸ ਦੀ ਐੱਮ.ਏ. ਅਤੇ ਫਿਰ ਪੀਐੱਚ.ਡੀ. ਕੀਤੀ।
ਉਸ ਸਮੇਂ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਮੁਖੀ, ਸਿੱਖ ਇਤਿਹਾਸ ਦੇ ਮੰਨੇ-ਪ੍ਰਮੰਨੇ ਇਤਿਹਾਸਕਾਰ ਡਾਕਟਰ ਹਰੀ ਰਾਮ ਗੁਪਤਾ ਸਨ। ਬ੍ਰਿਜਿੰਦਰ ਨਾਥ ਨੇ ਉਨ੍ਹਾਂ ਦੀ ਦੇਖ-ਰੇਖ ਵਿੱਚ ਪਹਾੜੀ ਚਿੱਤਰਕਲਾ ਦੇ ਵਿਸ਼ੇ ’ਤੇ ਪੀਐੱਚ.ਡੀ. ਕੀਤੀ। ਇਸ ਤਰ੍ਹਾਂ ਰਿਸ਼ਤੇ ਵਿੱਚ ਡਾ. ਗੁਪਤਾ ਮੇਰੇ ਪੜਦਾਦਾ-ਗੁਰੂ ਹੋਏ ਕਿਉਂਕਿ ਡਾ. ਗੋਸਵਾਮੀ ਮੇਰੇ ਗੁਰੂ ਡਾ. ਕੰਵਰਜੀਤ ਸਿੰਘ ਕੰਗ ਦੇ ਪੀਐੱਚ.ਡੀ. ਦੇ ਸੁਪਰਵਾਈਜ਼ਰ ਸਨ।
ਡਾ. ਗੋਸਵਾਮੀ 1956 ਵਿਚ ਇੰਡੀਅਨ ਸਿਵਿਲ ਸਰਵਿਸਜ਼ (ਆਈ.ਏ.ਐੱਸ.) ਵਿੱਚ ਗਏ, ਪਰ ਦੋ ਸਾਲ ਬਿਹਾਰ ਕੇਡਰ ’ਚ ਸੇਵਾ ਨਿਭਾਉਣ ਮਗਰੋਂ ਉਨ੍ਹਾਂ ਨੇ 1958 ਵਿੱਚ ਅਸਤੀਫ਼ਾ ਦੇ ਕੇ ਕਲਾ ਸਬੰਧੀ ਪੜ੍ਹਾਈ ਸ਼ੁਰੂ ਕਰ ਲਈ। ਜਦੋਂ 1962 ਵਿੱਚ ਪੰਜਾਬ ਯੂਨੀਵਰਸਿਟੀ ਵਿਖੇ ਡਿਪਾਰਟਮੈਂਟ ਆਫ ਡਿਜ਼ਾਈਨ ਐਂਡ ਫਾਈਨ ਆਰਟਸ (ਵਰਤਮਾਨ ਡਿਪਾਰਟਮੈਂਟ ਆਫ ਆਰਟ ਹਿਸਟਰੀ ਐਂਡ ਵਿਯੂਅਲ ਆਰਟਸ) ਸਥਾਪਿਤ ਕਰਨ ਦੀ ਯੋਜਨਾ ਬਣੀ ਤਾਂ ਉਨ੍ਹਾਂ ਨੇ ਇੱਥੇ ਬਤੌਰ ਪ੍ਰੋਫੈਸਰ (ਹਿਸਟਰੀ ਆਫ ਆਰਟ) ਜੁਆਇਨ ਕਰ ਲਿਆ ਅਤੇ ਬਾਕੀ ਦੀ ਸਾਰੀ ਨੌਕਰੀ ਇਸੇ ਵਿਭਾਗ ਵਿੱਚ ਕੀਤੀ। ਪੰਜਾਬ ਯੂਨੀਵਰਸਿਟੀ ਦੇ ਨਾਲ ਨਾਲ ਉਹ ਜਰਮਨੀ ਦੀ ਹੈਡਲਬਰਗ, ਅਮਰੀਕਾ ਦੀਆਂ ਪੈਨਸਿਲਵੇਨੀਆ ਅਤੇ ਕੈਲੀਫੋਰਨੀਆ (ਬਰਕਲੇ ਅਤੇ ਲਾਸ ਏਂਜਲਸ), ਟੈਕਸਾਸ (ਔਸਟਿਨ) ਅਤੇ ਸਵਿਟਜ਼ਰਲੈਂਡ ਵਿਖੇ ਜ਼ਿਊਰਿਖ ਦੀਆਂ ਯੂਨੀਵਰਸਿਟੀਆਂ ਵਿੱਚ ਵੀ ਵਿਜ਼ਿਟਿੰਗ ਪ੍ਰੋਫੈਸਰ ਰਹੇ। ਅਧਿਆਪਨ ਦੇ ਨਾਲ ਨਾਲ ਉਨ੍ਹਾਂ ਨੇ ਪੂਰੀ ਦੁਨੀਆ ਵਿੱਚ ਭਾਰਤੀ ਕਲਾ ਦੀਆਂ ਪ੍ਰਮੁੱਖ ਪ੍ਰਦਰਸ਼ਨੀਆਂ ਦਾ ਬਤੌਰ ਮਹਿਮਾਨ ਕਿਊਰੇਟਰ ਆਯੋਜਨ ਕੀਤਾ ਜਿਨ੍ਹਾਂ ਵਿੱਚ ਰੀਤਬਰਗ ਮਿਊਜ਼ੀਅਮ (ਜ਼ਿਊਰਿਖ), ਮੈਟਰੋਪੌਲੀਟਨ ਮਿਊਜ਼ੀਅਮ (ਨਿਊਯਾਰਕ) ਦੀਆਂ ਪ੍ਰਦਰਸ਼ਨੀਆਂ ਸ਼ਾਮਿਲ ਸਨ।
ਪੜ੍ਹਾਉਣ ਦੇ ਨਾਲ ਨਾਲ ਡਾ. ਗੋਸਵਾਮੀ ਖੋਜ ਕਾਰਜ ਵਿੱਚ ਵੀ ਲੱਗੇ ਰਹੇ ਅਤੇ ਦੁਨੀਆਂ ਭਰ ਵਿੱਚ ਆਪਣਾ ਨਾਂ ਚੋਟੀ ਦੇ ਕਲਾ ਇਤਿਹਾਸਕਾਰ ਦੇ ਤੌਰ ’ਤੇ ਸਥਾਪਿਤ ਕੀਤਾ। ਭਾਰਤੀ ਕਲਾ ਨੂੰ ਵਿਸ਼ਵ-ਪਲੇਟਫਾਰਮ ’ਤੇ ਪ੍ਰਸਿੱਧੀ ਦਿਵਾਉਣ ਵਿੱਚ ਕਲਾ ਇਤਿਹਾਸਕਾਰ ਆਨੰਦ ਕੁਮਾਰਾਸਵਾਮੀ (1877-1947) ਦੇ ਨਾਲ ਦੂਜਾ ਨਾਂ ਡਾ. ਗੋਸਵਾਮੀ ਦਾ ਹੀ ਆਉਂਦਾ ਹੈ।
ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼, ਸ਼ਿਮਲਾ ਦੁਆਰਾ 1967 ਵਿੱਚ ਪ੍ਰਕਾਸ਼ਿਤ ਡਾ. ਗੋਸਵਾਮੀ ਦੀ ਪਹਿਲੀ ਕਿਤਾਬ ਮੁਗ਼ਲਸ ਐਂਡ ਦਿ ਜੋਗੀਜ਼ ਆਫ ਜਖ਼ਬੜ ਤੋਂ ਸ਼ੁਰੂ ਕਰ ਕੇ, ਮੈਨੂੰ ਉਨ੍ਹਾਂ ਦੀਆਂ ਜ਼ਿਆਦਾਤਰ ਕਿਤਾਬਾਂ ਅਤੇ ਲੇਖ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਦੀ ਇਸ ਪਹਿਲੀ ਹੀ ਕਿਤਾਬ ਤੋਂ ਹੀ ਸਿੱਧ ਹੋ ਜਾਂਦਾ ਹੈ ਕਿ ਡਾ. ਗੋਸਵਾਮੀ ਪਰਫੈਕਸ਼ਨਿਸਟ (perfectionist) ਸਨ। ਇਸ ਕਿਤਾਬ ਵਿੱਚ ਉਨ੍ਹਾਂ ਨੇ ਡਾ. ਜੇ.ਐੱਸ. ਗਰੇਵਾਲ ਨਾਲ ਮਿਲ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਜਖ਼ਬੜ ਦੇ ਜੋਗੀਆਂ ਨੂੰ ਮੁਗ਼ਲਾਂ ਵੱਲੋਂ ਦਿੱਤੀਆਂ ਧਰਮਾਰਥ ਗ੍ਰਾਂਟਾਂ ਦੇ ਦਸਤਾਵੇਜ਼ਾਂ ਦਾ ਡੂੰਘਾ ਅਧਿਐਨ ਕੀਤਾ ਹੈ। ਕਿਤਾਬ ਪੜ੍ਹ ਕੇ ਮੈੱਥੋਂ ਉਨ੍ਹਾਂ ਨੂੰ ਫ਼ੋਨ ਕੀਤੇ ਬਿਨਾ ਨਾ ਰਿਹਾ ਗਿਆ। ਇੰਨੀ ਸੰਘਣੀ ਖੋਜ-ਵਾਰਤਕ ਮੈਂ ਪਹਿਲੀ ਵਾਰ ਪੜ੍ਹੀ ਸੀ।
ਉਨ੍ਹਾਂ ਦੀ ਦੂਜੀ ਖੋਜ ਪੁਸਤਕ ਸੀ ਪਹਾੜੀ ਪੇਂਟਿੰਗ: ਦਿ ਫੈਮਿਲੀ ਐਜ਼ ਏ ਬੇਸਿਸ ਆਫ ਸਟਾਈਲ, ਜੋ ਡਾ. ਮੁਲਕ ਰਾਜ ਆਨੰਦ ਦੁਆਰਾ ਸੰਪਾਦਿਤ ਤਿਮਾਹੀ ਕਲਾ-ਮੈਗਜ਼ੀਨ ਮਾਰਗ (ਬੰਬਈ) ਨੇ ਇੱਕ ਮੋਨੋਗ੍ਰਾਫ ਦੇ ਰੂਪ ਵਿੱਚ 1968 ’ਚ ਛਾਪੀ ਸੀ। ਇਸ ਕਿਤਾਬ ਨੇ ਵਿਸ਼ਵ ਭਰ ਵਿੱਚ ਪਹਾੜੀ ਪੇਂਟਿੰਗ ਬਾਰੇ ਖੋਜ ਨੂੰ ਨਵੀਆਂ ਲੀਹਾਂ ’ਤੇ ਤੋਰ ਦਿੱਤਾ। ਉਨ੍ਹਾਂ ਦੇ ਖੋਜ ਕਾਰਜ ਨੂੰ ਨਾ ਸਿਰਫ਼ ਭਾਰਤ ਸਗੋਂ ਪੂਰੀ ਦੁਨੀਆ ਵਿੱਚ ਮਾਨਤਾ ਪ੍ਰਾਪਤ ਹੈ। ਇਸ ਤੋਂ ਬਾਅਦ ਡਾ. ਗੋਸਵਾਮੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਭਾਰਤੀ ਕਲਾ ਦੇ ਵੱਖ-ਵੱਖ ਪਹਿਲੂਆਂ ’ਤੇ ਦੋ ਦਰਜਨ ਤੋਂ ਵੱਧ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ। ਉਹ ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਤੱਕ ਅਧਿਐਨ ਵਿੱਚ ਡੁੱਬੇ ਰਹੇ। ਅਜੇ ਮਹੀਨਾ ਕੁ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਕਿਤਾਬ ਦਿ ਇੰਡੀਅਨ ਕੈਟ: ਸਟੋਰੀਜ਼, ਪੇਂਟਿੰਗਜ਼, ਪੋਇਟਰੀ ਐਂਡ ਪ੍ਰੋਵਰਬਜ਼ ਰਿਲੀਜ਼ ਕੀਤੀ ਸੀ। ਉਨ੍ਹਾਂ ਨੂੰ ਮਿਲੇ ਸਨਮਾਨਾਂ ਵਿਚ ਪਦਮ ਸ੍ਰੀ (1988) ਅਤੇ ਪਦਮ ਭੂਸ਼ਣ (2008) ਸ਼ਾਮਲ ਹਨ।
* * *
ਡਾਕਟਰ ਬੀ.ਐੱਨ. ਗੋਸਵਾਮੀ ਹੋਰਾਂ ਦਾ ਨਾਂ ਮੈਂ ਪਹਿਲੀ ਵਾਰ ਅੱਧੀ ਸਦੀ ਪਹਿਲੇ 1973 ਵਿੱਚ ਆਪਣੇ ਅਧਿਆਪਕ ਕੰਵਰਜੀਤ ਸਿੰਘ ਕੰਗ ਹੋਰਾਂ ਤੋਂ ਸੁਣਿਆ ਸੀ। ਉਸ ਸਮੇਂ ਕੰਗ ਸਾਹਿਬ ਉਨ੍ਹਾਂ ਦੀ ਸੁਪਰਵੀਜ਼ਨ ਵਿੱਚ ਪੀਐੱਚ.ਡੀ. ਲਈ ਪੰਜਾਬ ਦੇ ਕੰਧ-ਚਿੱਤਰਾਂ ਬਾਰੇ ਖੋਜ-ਕਾਰਜ ਕਰ ਰਹੇ ਸਨ। ਮੈਂ 1975-77 ਦੌਰਾਨ ਪ੍ਰਾਈਵੇਟ ਤੌਰ ’ਤੇ ਐੱਮ.ਏ. (ਹਿਸਟਰੀ ਆਫ ਆਰਟ) ਕੀਤੀ ਸੀ। ਜਦ ਮੈਂ ਪ੍ਰੈਕਟੀਕਲ ਦੀ ਪ੍ਰੀਖਿਆ ਦੇਣ ਯੂਨੀਵਰਸਿਟੀ ਗਿਆ ਤਾਂ ਵੀ ਵਿਸ਼ੇ ਦੇ ਬਾਕੀ ਅਧਿਆਪਕਾਂ ਡਾ. ਡੀ.ਕੇ. ਭੱਟਾਚਾਰਿਆ, ਡਾ. ਪ੍ਰੇਮ ਗੋਸਵਾਮੀ, ਡਾ. ਉਰਮੀ ਕੇਸਰ ਹੋਰਾਂ ਦੇ ਦਰਸ਼ਨ ਤਾਂ ਹੋ ਗਏ ਪਰ ਡਾ. ਗੋਸਵਾਮੀ ਨਜ਼ਰ ਨਾ ਆਏ। ਪਹਿਲੀ ਵਾਰ ਉਨ੍ਹਾਂ ਦੇ ਦਰਸ਼ਨ ਉਦੋਂ ਹੋਏ ਜਦ ਮੈਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਪਟਿਆਲੇ ਵਿਚ ਕਾਲਜ ਲੈਕਚਰਾਰ ਦੀ ਅਸਾਮੀ ਲਈ ਇੰਟਰਵਿਊ ਦੇਣ ਗਿਆ। ਪੋਸਟਾਂ ਚਾਰ ਸਨ ਅਤੇ ਅਸੀਂ ਤਿੰਨ। ਇੰਟਰਵਿਊ ਵਿਚ ਵਿਸ਼ਾ-ਮਾਹਿਰ ਦੇ ਤੌਰ ’ਤੇ ਡਾ. ਗੋਸਵਾਮੀ ਆਏ ਸਨ। ਅਸੀਂ ਤਿੰਨੇ ਉਮੀਦਵਾਰ ਇੰਟਰਵਿਊ ਤੋਂ ਬਾਅਦ ਬਾਹਰ ਬੈਠੇ ਖ਼ੁਸ਼ ਹੋ ਰਹੇ ਸੀ ਅਤੇ ਸੋਚ ਰਹੇ ਸੀ ਕਿ ਚੁਣੇ ਜਾਣ ’ਤੇ ਕਿਸ ਨੇ ਕਿਹੜੇ ਕਾਲਜ ਜਾਣਾ ਹੈ, ਪਰ ਅੰਦਰੋਂ ਖ਼ਬਰ ਆਈ ਕਿ ਡਾ. ਗੋਸਵਾਮੀ ਤਿੰਨਾਂ ਨੂੰ ਹੀ ਰਿਜੈਕਟ ਕਰ ਗਏ ਸਨ। ਕਮਿਸ਼ਨ ਵਿਚ ਅਜਿਹਾ ਸ਼ਾਇਦ ਪਹਿਲੀ ਵਾਰ ਹੋਇਆ ਸੀ।
ਖ਼ੈਰ, ਬਾਅਦ ਵਿਚ ਮੈਂ ਪੀਐੱਚ.ਡੀ. ਕਰਨ ਦਾ ਵਿਚਾਰ ਬਣਾਇਆ ਅਤੇ ਐਨਰੋਲਮੈਂਟ ਲਈ ਵਿਭਾਗ ਦੇ ਮੁਖੀ ਡਾ. ਗੋਸਵਾਮੀ ਦੇ ਦਫ਼ਤਰ ਪਹੁੰਚ ਗਿਆ। ਸਾਡੇ ਵਿਚਕਾਰ ਗੱਲਬਾਤ ਕੁਝ ਇਸ ਤਰ੍ਹਾਂ ਹੋਈ:
- ਸੁਭਾਸ਼, ਜਦੋਂ ਵੀ ਕੋਈ ਐੱਮ.ਏ. ਕਰ ਲੈਂਦਾ ਹੈ ਤਾਂ ਪੀਐੱਚ. ਡੀ. ਕਰਨ ਦਾ ਜੋਸ਼ ਉੱਠਦਾ ਹੀ ਹੈ। ਪਰ ਪਹਿਲਾਂ ਕੁਝ ਕੰਮ ਕਰ ਕੇ ਦਿਖਾਓ ਤਾਂ ਜੋ ਮੈਨੂੰ ਪਤਾ ਲੱਗੇ ਕਿ ਤੈਨੂੰ ਪਤਾ ਵੀ ਹੈ ਜਾਂ ਨਹੀਂ ਬਈ ਰਿਸਰਚ ਕਹਿੰਦੇ ਕਿਸ ਨੂੰ ਹਨ।
- ਠੀਕ ਹੈ ਡਾਕਟਰ ਸਾਹਿਬ, ਦੱਸੋ ਕੀ ਕਰ ਕੇ ਦਿਖਾਵਾਂ?
- ਤੂੰ ਅਗਲੇ ਹਫ਼ਤੇ ਆਵੀਂ।
ਮੈਂ ਤੁਰਨ ਲੱਗਾ ਤਾਂ ਉਨ੍ਹਾਂ ਨੇ ਮੈਨੂੰ ਰੋਕ ਕੇ ਕਿਹਾ: ਸੁਭਾਸ਼, ਤੂੰ ਆਪਣੀ ਕਮਿਸ਼ਨ ਦੀ ਇੰਟਰਵਿਊ ’ਚ ਜੋ ਛਪੇ ਅਖ਼ਬਾਰੀ ਲੇਖ ਦਿਖਾਏ ਸਨ, ਉਹ ਖੋਜ ਕਾਰਜ ਨਹੀਂ। ਉਹ ਮਹਿਜ਼ ਆਰਟ ਜਰਨਲਿਜ਼ਮ ਹੈ।
ਮੈਂ ਅਗਲੇ ਹਫ਼ਤੇ ਪਹੁੰਚ ਗਿਆ ਤਾਂ ਉਨ੍ਹਾਂ ਨੇ ਪੁੱਛਿਆ: ਕਦੇ ਸਰਹਿੰਦ ਗਿਆ ਏਂ?
- ਨਹੀਂ ਜੀ।
- ਆਮ ਖ਼ਾਸ ਬਾਗ਼ ਬਾਰੇ ਕੁਝ ਜਾਣਦਾ ਏਂ?
- ਹਾਂ ਜੀ, ਸਰਹਿੰਦ ’ਚ ਇੱਕ ਮੁਗ਼ਲ ਬਾਗ਼ ਹੈ।
- ਉਸ ਬਾਰੇ ਕੰਮ ਕਰ ਕੇ ਦਿਖਾ। ਕਿੰਨਾ ਸਮਾਂ ਲਵੇਂਗਾ?
- ਜੀ ਦਸ ਕੁ ਦਿਨ ’ਚ ਕਰ ਦਿਆਂਗਾ।
- ਨਹੀਂ, ਦਸ ਦਿਨ ਨਹੀਂ।
- ਜੀ, ਹਫ਼ਤੇ ’ਚ ਕਰ ਦਿਆਂਗਾ।
- ਨਹੀਂ, ਮੈਨੂੰ ਵਿਸਤਾਰਤ ਪੇਪਰ ਚਾਹੀਦਾ ਏ। ਇਸ ’ਚ ਤਿੰਨ-ਚਾਰ ਮਹੀਨੇ ਲੱਗਣਗੇ।
ਉਨ੍ਹਾਂ ਦੀ ਗੱਲ ਸਹੀ ਸੀ ਕਿਉਂਕਿ ਜਦੋਂ ਖੋਜ ਕਰਨ ਲੱਗਾ ਤਾਂ ਛੇ ਮਹੀਨੇ ਲੱਗ ਗਏ। ਪੇਪਰ ਲਿਖ ਕੇ ਉਨ੍ਹਾਂ ਦੇ ਹਵਾਲੇ ਕੀਤਾ ਤਾਂ ਉਨ੍ਹਾਂ ਨੇ ਮੇਰੀ ਪੀਐੱਚ.ਡੀ. ਲਈ ਐਨਰੋਲਮੈਂਟ ਫਾਰਮ ’ਤੇ ਹਸਤਾਖ਼ਰ ਕੀਤੇ ਸਨ। ਬਾਅਦ ਵਿੱਚ ਮੇਰਾ ਇਹੋ ਪੇਪਰ ਲੰਡਨ ਤੋਂ ਛਪਦੇ ਆਰਟ ਜਰਨਲ ਓਰੀਐਂਟਲ ਆਰਟ ਵਿੱਚ ਛਪਿਆ ਸੀ।
ਖ਼ੈਰ, ਮੇਰੇ ਗਾਈਡ ਦੇ ਵਤੀਰੇ ਕਾਰਨ ਮੇਰੀ ਪੀਐੱਚ.ਡੀ. ਤਾਂ ਸਿਰੇ ਨਾ ਲੱਗੀ, ਪਰ ਖੋਜ ਕਾਰਜ ਕਰਨਾ ਜ਼ਰੂਰ ਆ ਗਿਆ। (ਪੀਐੱਚ.ਡੀ. ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਵਿੱਚ ਦੁਬਾਰਾ ਰਜਿਸਟ੍ਰੇਸ਼ਨ ਕਰਵਾ ਕੇ ਪੂਰੀ ਕੀਤੀ।)
ਇਸ ਤੋਂ ਬਾਅਦ ਮੇਰੇ ਖੋਜ-ਪੱਤਰ ਇੰਗਲੈਂਡ, ਇਟਲੀ, ਨੀਦਰਲੈਂਡਜ਼, ਪਾਕਿਸਤਾਨ ਅਤੇ ਭਾਰਤ ਦੇ ਰਸਾਲਿਆਂ ਵਿਚ ਛਪਦੇ ਰਹੇ। ਅੰਗਰੇਜ਼ੀ ਵਿੱਚ 7 ਕਿਤਾਬਾਂ ਵੀ ਛਪ ਗਈਆਂ। ਹਰ ਵਾਰ ਮੈਂ ਛਪੇ ਲੇਖ ਦਾ ਆੱਫ-ਪ੍ਰਿੰਟ ਡਾ. ਗੋਸਵਾਮੀ ਨੂੰ ਜ਼ਰੂਰ ਭੇਜਦਾ ਅਤੇ ਹਰ ਵਾਰ ਉਨ੍ਹਾਂ ਦਾ ਆਸ਼ੀਰਵਾਦ ਮਿਲਦਾ।
ਇੱਕ ਵਾਰ ਡਾ. ਗੋਸਵਾਮੀ ਇੰਗਲੈਂਡ ਗਏ ਤਾਂ ਮੈਕਮਿਲਨ ਪਬਲਿਸ਼ਰਜ਼ ਨੂੰ ਵੀ ਮਿਲੇ। ਪਬਲਿਸ਼ਰ ਨੇ ਦੱਸਿਆ ਕਿ ਉਹ 32 ਜਿਲਦਾਂ ਵਿੱਚ ਗ੍ਰੋਵ ਡਿਕਸ਼ਨਰੀ ਆਫ ਆਰਟ ਛਾਪ ਰਹੇ ਸਨ ਪਰ ਉਨ੍ਹਾਂ ਨੂੰ ਪੰਜਾਬ ਦੀ ਇਮਾਰਤਸਾਜ਼ੀ ਕਲਾ ਬਾਰੇ ਲਿਖਣ ਲਈ ਕੋਈ ਲੇਖਕ ਨਹੀਂ ਮਿਲ ਰਿਹਾ ਤਾਂ ਡਾ. ਗੋਸਵਾਮੀ ਨੇ ਉਨ੍ਹਾਂ ਨੂੰ ਮੇਰਾ ਨਾਂ ਸੁਝਾਇਆ। ਮੈਂ ਇਸ ਡਿਕਸ਼ਨਰੀ ਲਈ ਦੋ ਲੇਖ ਲਿਖੇ।
ਪੀਐੱਚ.ਡੀ. ਕਰਨ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਇਕੱਲੇ ਸਰਹਿੰਦ ਦੇ ਇਤਿਹਾਸਕ ਸਮਾਰਕਾਂ ਬਾਰੇ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਮੈਂ ਗ੍ਰਾਂਟ ਲਈ ਹੋਮੀ ਭਾਬਾ ਫੈਲੋਸ਼ਿਪ (ਬੰਬਈ) ਵਾਲਿਆਂ ਨੂੰ ਅਰਜ਼ੀ ਦੇ ਦਿੱਤੀ। ਮੈਨੂੰ ਇੰਟਰਵਿਊ ਲਈ ਬੁਲਾਇਆ ਗਿਆ। ਮੈਂ ਆਪਣੇ ਬਾਇਓਡੇਟੇ ਵਿੱਚ ਉਸ ਡਿਕਸ਼ਨਰੀ ਵਿੱਚ ਦਿੱਤੀਆਂ ਐਂਟਰੀਆਂ ਬਾਰੇ ਵੀ ਹਵਾਲਾ ਦਿੱਤਾ ਸੀ। ਅੱਠ ਵਿਦਵਾਨਾਂ ਦੀ ਇੰਟਰਵਿਊ ਕਮੇਟੀ ਵਿੱਚੋਂ ਇੱਕ ਨੇ ਮੈਨੂੰ ਪੁੱਛਿਆ: ‘‘ਡਿਕਸ਼ਨਰੀ ਆਫ ਆਰਟ ਵਾਲਿਆਂ ਨੂੰ ਤੁਹਾਡੇ ਬਾਰੇ ਕਿਵੇਂ ਪਤਾ ਲੱਗਿਆ?’’
ਮੈਂ ਦੱਸ ਦਿੱਤਾ ਕਿ ਡਾ. ਗੋਸਵਾਮੀ ਨੇ ਮੇਰੇ ਨਾਂ ਦੀ ਸਿਫ਼ਾਰਿਸ਼ ਕੀਤੀ ਸੀ। ਸਾਰੇ ਇਕਦਮ ਹੈਰਾਨ ਹੋ ਕੇ ਪੁੱਛਣ ਲੱਗੇ: ਡਾ. ਗੋਸਵਾਮੀ ਨੇ ਤੁਹਾਡੇ ਨਾਂ ਦੀ ਸਿਫ਼ਾਰਿਸ਼ ਕੀਤੀ? ਠੀਕ ਹੈ, ਹੁਣ ਤੁਸੀਂ ਜਾ ਸਕਦੇ ਹੋ ਅਤੇ ਬਾਹਰ ਉਡੀਕ ਕਰੋ।
ਪੰਜ ਮਿੰਟ ਬਾਅਦ ਪਤਾ ਲੱਗਾ ਕਿ ਮੈਨੂੰ ਗ੍ਰਾਂਟ ਦੇ ਦਿੱਤੀ ਗਈ ਹੈ। ਇਹ ਸੀ ਕ੍ਰਿਸ਼ਮਾ ਡਾ. ਗੋਸਵਾਮੀ ਹੋਰਾਂ ਦੇ ਨਾਂ ਦਾ।
ਇਸ ਤੋਂ ਬਾਅਦ ਜਦੋਂ ਵੀ ਡਾਕਟਰ ਸਾਹਿਬ ਮੈਨੂੰ ਕਿਸੇ ਪ੍ਰੋਜੈਕਟ ਲਈ ਯੋਗ ਮਹਿਸੂਸ ਕਰਦੇ ਤਾਂ ਹਮੇਸ਼ਾ ਮੇਰੇ ਨਾਮ ਦੀ ਸਿਫ਼ਾਰਿਸ਼ ਕਰਦੇ। ਮੈਂ ਵੀ ਸਦਾ ਨਿੱਠ ਕੇ ਕੰਮ ਕੀਤਾ। ਉਹ ਮੇਰੇ ਕੰਮ ਨਾਲ ਖ਼ੁਸ਼ ਸਨ।
ਮੈਂ ਸੱਤ ਕਿਤਾਬਾਂ ਅੰਗਰੇਜ਼ੀ ਵਿੱਚ ਲਿਖੀਆਂ ਹਨ ਅਤੇ ਤਿੰਨ ਪੰਜਾਬੀ ਵਿੱਚ। ਪਰ ਮੈਂ ਕਦੇ ਉਨ੍ਹਾਂ ਬਾਰੇ ਰਿਲੀਜ਼ ਸਮਾਗਮ ਨਹੀਂ ਕੀਤਾ, ਸਿਵਾਏ ਇੱਕ ਕਿਤਾਬ ਦੇ। ਇਹ ਕਿਤਾਬ ਰਿਆਸਤ ਫ਼ਰੀਦਕੋਟ ਦੇ ਇਤਿਹਾਸ ਅਤੇ ਇਮਾਰਤਸਾਜ਼ੀ ਬਾਰੇ ਸੀ। ਫ਼ਰੀਦਕੋਟ ਦੇ ਦੋਸਤਾਂ ਵਿਸ਼ੇਸ਼ ਤੌਰ ’ਤੇ ਸਰਦਾਰ ਹਰਜਿੰਦਰ ਸਿੰਘ ਤਾਂਗੜੀ ਹੋਰਾਂ ਦਾ ਇਸਰਾਰ ਸੀ ਕਿ ਇਸ ਕਿਤਾਬ ਦਾ ਫ਼ਰੀਦਕੋਟ ਵਿਖੇ ਹੀ ਹਰ ਹਾਲ ਵਿੱਚ ਸਮਾਗਮ ਕਰਨਾ ਹੈ। ਮੇਰੀ ਬੇਨਤੀ ’ਤੇ ਇਹ ਕਿਤਾਬ ਡਾ. ਗੋਸਵਾਮੀ ਨੇ ਆਪਣੇ ਹੱਥੀਂ ਰਿਲੀਜ਼ ਕੀਤੀ।
ਮੈਂ ਖ਼ੁਸ਼ਕਿਸਮਤ ਹਾਂ ਜੋ ਕੁਝ ਸਮਾਂ ਹੀ ਸਹੀ, ਅਜਿਹੇ ਕੱਦਾਵਰ ਵਿਦਵਾਨ ਦੀ ਸੰਗਤ ਮਾਣ ਸਕਿਆ। ਉਨ੍ਹਾਂ ਦੇ ਦੇਹਾਂਤ ਨਾਲ ਮੈਨੂੰ ਵਿਅਕਤੀਗਤ ਤੌਰ ’ਤੇ ਘਾਟਾ ਪਿਆ ਹੈ।
ਪ੍ਰਸਿੱਧ ਨਾਵਲਕਾਰ ਵਿਲੀਅਮ ਡੈਲਰਿੰਪਲ ਨੇ ਡਾ. ਗੋਸਵਾਮੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਲਿਖਿਆ ਹੈ: ‘‘ਮੇਰੇ ਪਿਆਰੇ ਮਿੱਤਰ ਅਤੇ ਸਲਾਹਕਾਰ, ਭਾਰਤ ਦੇ ਸਭ ਤੋਂ ਮਹਾਨ ਕਲਾ ਇਤਿਹਾਸਕਾਰ ਅਤੇ ਸਭ ਤੋਂ ਬੁੱਧੀਮਾਨ ਅਤੇ ਪ੍ਰਤਿਭਾਸ਼ਾਲੀ ਵਿਅਕਤੀਆਂ ਵਿੱਚੋਂ ਇੱਕ, ਬੀ.ਐੱਨ. ਗੋਸਵਾਮੀ ਦੀ ਮੌਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਉਹ ਇੱਕ ਦਿਆਲੂ ਮਿੱਤਰ, ਉਦਾਰ ਸਲਾਹਕਾਰ, ਸਖ਼ਤ ਵਿਦਵਾਨ, ਸ਼ਾਨਦਾਰ ਲੇਖਕ ਅਤੇ ਦਿਲ-ਟੁੰਬਵੇਂ ਬੁਲਾਰੇ ਸਨ ਜੋ ਹਰ ਸਾਲ ਜੈਪੁਰ ਸਾਹਿਤ ਉਤਸਵ ਵਿੱਚ ਆਪਣੀ ਬੁੱਧੀ, ਸੂਖ਼ਮਤਾ ਅਤੇ ਵਿਦਵਤਾ ਨਾਲ ਦਰਸ਼ਕਾਂ ਨੂੰ ਮੋਹਿਤ ਕਰਦੇ ਸਨ। ਉਨ੍ਹਾਂ ਦੀ ਥਾਂ ਕਦੇ ਵੀ ਕਿਸੇ ਨੇ ਵੀ ਨਹੀਂ ਲੈ ਸਕਣੀ ਅਤੇ ਉਨ੍ਹਾਂ ਨੂੰ ਬਹੁਤ ਯਾਦ ਕੀਤਾ ਜਾਵੇਗਾ।’’
ਸੰਪਰਕ: 98728-22417
ਈ-ਮੇਲ: sparihar48@gmail.com
* * *

ਕਲਾ ਅਧਿਆਪਨ ਦੀ ਸਿਖਰ

‘‘ਮੈਨੂੰ ਸੱਤਰ੍ਹਵਿਆਂ ਦੇ ਸ਼ੁਰੂ ਵਿਚ ਪੰਜਾਬ ਯੂਨੀਵਰਸਿਟੀ ਵਿਚ ਉਨ੍ਹਾਂ ਦੀ ਵਿਦਿਆਰਥਣ ਰਹਿਣ ਦਾ ਮਾਣ ਹਾਸਲ ਹੈ। ਮੈਨੂੰ ਹਾਲੇ ਵੀ ਉਨ੍ਹਾਂ ਦੀ ਸਖ਼ਤ ਆਵਾਜ਼, ਪਹਿਰਾਵੇ ਦਾ ਉਨ੍ਹਾਂ ਦਾ ਸਾਫ਼-ਸਵੱਛ ਅੰਦਾਜ਼, ਜਿਹੜਾ ਉਨ੍ਹਾਂ ਦੇ ਗਲ ਦੁਆਲੇ ਆਮ ਲਪੇਟੇ ਹੁੰਦੇ ਗੁਲੂਬੰਦ ਨੁਮਾ ਰੇਸ਼ਮੀ ਕੱਪੜੇ ਤੋਂ ਜ਼ਾਹਰ ਹੁੰਦਾ, ਹਾਲੇ ਵੀ ਚੇਤੇ ਹੈ। ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਮੇਂ ਦਿੱਤਾ ਗਿਆ ਹਰੇਕ ਲੈਕਚਰ ਇਕ ਮਨਮੋਹਕ ਯਾਤਰਾ ਵਰਗਾ ਹੁੰਦਾ ਜਿਹੜਾ ਸਾਨੂੰ ਕਲਾ ਇਤਿਹਾਸ ਦੀਆਂ ਬਾਰੀਕੀਆਂ ਵਿਚ ਲੈ ਜਾਂਦਾ। ਉਹ ਬੜੀ ਸਹਿਜਤਾ ਨਾਲ ਅਤੀਤ ਦੀ ਦੁਨੀਆਂ ਨੂੰ ਵਰਤਮਾਨ ਨਾਲ ਜੋੜ ਦਿੰਦੇ। ਉਨ੍ਹਾਂ ਸਾਨੂੰ ਡੂੰਘਾਈ ਨਾਲ ਘੋਖ ਕਰਨ ਅਤੇ ਵਿਚਾਰਾਂ ਦੇ ਗੁੱਝੇ ਅਰਥਾਂ ਨੂੰ ਤਲਾਸ਼ ਕੇ ਕੱਢ ਲੈਣ ਲਈ ਪ੍ਰੇਰਿਤ ਕੀਤਾ ਜਿਸ ਨੇ ਵਾਸਿਲੀ ਕੈਂਦਿੰਸਕੀ (Wassily Kandinsky) ਜਾਂ ਪੌਲ ਕਲੀ (Paul Klee) ਨੂੰ ਦੇਖਣ ਦੇ ਸਾਡੇ ਤੌਰ-ਤਰੀਕੇ ਸਹੀ ਲੀਹ ਉੱਤੇ ਪਾ ਦਿੱਤੇ। ਉਹ ਇਕ ਸੂਹੀਏ ਵਾਂਗ ਸਨ ਜੋ ਸਾਨੂੰ ਲਘੂ ਚਿੱਤਰਾਂ ਅਤੇ ਆਧੁਨਿਕ ਕਲਾ ਕ੍ਰਿਤਾਂ ਵਿਚੋਂ ਸੁਰਾਗ਼ ਤਲਾਸ਼ਣ ਵਿਚ ਸਹਾਈ ਹੁੰਦੇ ਅਤੇ ਨੌਜਵਾਨ ਵਿਦਵਾਨਾਂ ਵਜੋਂ ਸਾਡੇ ਮਨਾਂ ਨੂੰ ਅਮੀਰ ਬਣਾਉਂਦੇ।
‘‘ਜੈਦੇਵ ਦੀ ਮਹਾਂਕਾਵਿ ਸੰਸਕ੍ਰਿਤ ਕਵਿਤਾ ‘ਗੀਤ ਗੋਵਿੰਦ’ ਦਾ ਚਿੱਤਰਣ ਕਰਦੇ ਹੋਏ ਲਘੂ ਚਿੱਤਰਾਂ ਨੂੰ ਦੇਖਦਿਆਂ ਉਹ ਸਾਨੂੰ ਬਹੁਤ ਹੀ ਸੂਖ਼ਮ ਢੰਗ ਨਾਲ ਦੇਵੀ-ਦੇਵਤਿਆਂ, ਜਾਨਵਰਾਂ ਤੇ ਪੰਛੀਆਂ ਅਤੇ ਫੁੱਲਾਂ-ਬੂਟਿਆਂ ਤੇ ਜੀਵ-ਜੰਤੂਆਂ ਦੀ ਦੁਨੀਆਂ ਵਿਚ ਲੈ ਜਾਂਦੇ ਜਿਹੜੀ ਉਨ੍ਹਾਂ ਨੂੰ ਬਹੁਤ ਜ਼ਿਆਦਾ ਵਧਾ-ਚੜ੍ਹਾ ਕੇ (hagiographic) ਪੇਸ਼ ਨਾ ਕਰਦੀ ਸਗੋਂ ਅਸਲੀ ਤੇ ਸਾਫ਼ ਢੰਗ ਨਾਲ ਦਿਖਾਉਂਦੀ, ਉਨ੍ਹਾਂ ਦੀਆਂ ਇੱਛਾਵਾਂ ਅਤੇ ਖ਼ਾਮੀਆਂ ਸਮੇਤ, ਜਿੱਥੇ ਪਵਿੱਤਰ ਅਤੇ ਅਪਵਿੱਤਰ ਨੂੰ ਬਿਨਾਂ ਆਪਣੀ ਕਿਸੇ ਰਾਇ ਜਾਂ ਦਾਅ-ਪੇਚ ਤੋਂ ਵੱਖ ਕਰਨ ਦੇ ਤਰੀਕਿਆਂ ਨਾਲ ਜੋੜ ਦਿੱਤਾ ਜਾਂਦਾ। ਉਨ੍ਹਾਂ ਖੁੱਲ੍ਹਾਂ ਸਿਰਜ ਕੇ ਅਤੇ ਕਲਪਨਾ ਦੇ ਬੂਹੇ ਖੋਲ੍ਹ ਕੇ ਕਲਾ ਨੂੰ ਸਾਡੇ ਲਈ ਪਹੁੰਚਣਯੋਗ ਬਣਾਇਆ।
ਪਿਛਲੇ ਸਾਲਾਂ ਦੌਰਾਨ ਮੈਂ ਡਾ. ਗੋਸਵਾਮੀ ਨੂੰ ਬਹੁਤ ਹੀ ਮਾਮੂਲੀ ਅਤੇ ਅਢੁਕਵੇਂ ਸਵਾਲਾਂ ਦੇ ਵੀ ਬਹੁਤ ਸੰਜੀਦਗੀ ਨਾਲ ਜਵਾਬ ਦਿੰਦਿਆਂ ਦੇਖਿਆ, ਜਿਸ ਤੋਂ ਉਨ੍ਹਾਂ ਦੇ ਆਪਣੇ ਵਿਸ਼ੇ ਲਈ ਡੂੰਘੇ ਪਿਆਰ ਅਤੇ ਘੋਖ-ਪੜਤਾਲ ਲਈ ਸਤਿਕਾਰ ਦਾ ਪਤਾ ਲੱਗਦਾ ਹੈ। ਭਾਸ਼ਣਾਂ ਅਤੇ ਵਾਰਤਾਵਾਂ ਦੌਰਾਨ ਉਹ ਸਰੋਤਿਆਂ ਨੂੰ ਬਿਨਾਂ ਡਰਾਏ ਜਾਂ ਬਿਨਾਂ ਅਸਹਿਜ ਮਹਿਸੂਸ ਕਰਵਾਏ ਕਲਾ, ਇਤਿਹਾਸ, ਸਿਆਸਤ, ਕਵਿਤਾ, ਜ਼ਿੰਦਗੀ ਅਤੇ ਹਾਸਰਸ ਦੇ ਵਿਸ਼ਿਆਂ ਨੂੰ ਗੁੰਝਲਦਾਰ ਵਿਚਾਰਾਂ ਦੇ ਕੀਲ ਲੈਣ ਵਾਲੇ ਢੰਗ-ਤਰੀਕੇ ਨਾਲ ਜੋੜ ਲੈਂਦੇ। ਉਹ ਬਹੁਤ ਹੀ ਸਾਊ ਤੇ ਸੁੱਘੜ, ਨਾਜ਼ੁਕ ਤੇ ਵਿਦਵਤਾ ਨਾਲ ਭਰਪੂਰ ਸਨ ਜਿਨ੍ਹਾਂ ਆਪਣੇ ਅੰਦਰ ਬਹੁ-ਹੁਨਰਮੰਦ ਵਿਅਕਤੀ (ਯੂਰੋਪ ’ਚ ਪੁਨਰ-ਜਾਗਰਣ ਦੌਰਾਨ ਉੱਭਰੇ ਬਹੁ-ਹੁਨਰਮੰਦ ਵਿਅਕਤੀਆਂ- Renaissance Man) ਵਾਲੀ ਧਾਰਨਾ ਨੂੰ ਰੌਸ਼ਨ ਕਰ ਲਿਆ ਸੀ।
ਉਹ ਹਮੇਸ਼ਾ ਲਿਖਤਾਂ/ਵਰਤਾਰਿਆਂ ਦਾ ਸਾਰ ਲੱਭਣ (abstraction) ਦੀ ਖ਼ੁਆਹਿਸ਼ ਰੱਖਦੇ ਸਨ, ਸਾਨੂੰ ਹਮੇਸ਼ਾ ਪਰਤੱਖ ਦ੍ਰਿਸ਼ਮਾਨ ਦੁਨੀਆਂ, ਜਿਹੜੀ ਸਾਡੇ ਕਰੀਬ ਹੈ, ਨੂੰ ਤਵੱਜੋ ਨਾ ਦੇਣ ਲਈ ਝੰਜੋੜਦੇ ਅਤੇ ਉਸ ਪਿੱਛੇ ਪਏ ਤੱਤਮੂਲਕ ਵਰਤਾਰੇ ਨੂੰ ਲੱਭਣ ਦੀ ਚਾਹਤ ਰੱਖਦੇ। ਡਾ. ਗੋਸਵਾਮੀ ਨੇ ਆਪਣੇ ਇਕ ਭਾਸ਼ਣ ਵਿਚ ਕਿਹਾ ਸੀ ਕਿ ਹਥੇਲੀ ਉੱਤੇ ਪਾਰੇ ਦੀ ਇਕ ਬੂੰਦ ਬਾਰੇ ਇਕਰੂਪਤਾ ਦਾ ਇਸਤੇਮਾਲ ਕਰਨਾ ਅਤੇ ਇਸ ਦੇ ਸਥਿਰ ਬਣੇ ਰਹਿਣ ਦੀ ਉਮੀਦ ਕਰਨਾ ਇਕ ਤਰ੍ਹਾਂ ਦੀ ਬੇਕਾਇਦਗੀ/ਅਸੰਗਤੀ ਹੋਵੇਗੀ। ਸਾਰਾ ਚੰਡੀਗੜ੍ਹ ਸ਼ਹਿਰ ਅਤੇ ਕਲਾ ਜਗਤ ਉਨ੍ਹਾਂ ਦੇ ਚਲਾਣੇ ਨਾਲ ਪਏ ਕਦੇ ਵੀ ਨਾ ਪੂਰੇ ਹੋਣ ਵਾਲੇ ਘਾਟੇ ਉੱਤੇ ਸੋਗ ਮਨਾ ਰਿਹਾ ਹੈ। ਅਲਵਿਦਾ, ਪਿਆਰੇ ਅਧਿਆਪਕ।
- ਨੀਲਮ ਮਾਨਸਿੰਘ ਚੌਧਰੀ

ਸਿਜਦਾ ਕਰਨ ਆਏ ਸਾਜ਼, ਕਲਮਾਂ, ਕੂਚੀਆਂ

ਰੂਹ ਦਾ ਮਹਿਰਮ ਸੀ, ਕਦੀਮੀ ਹਮਸਫ਼ਰ ਸੀ ਸ਼ਹਿਰ ਦਾ
ਨਰਮ ਲਹਿਜਾ ਸੀ, ਸਲੀਕਾ ਸੀ, ਹੁਨਰ ਸੀ ਸ਼ਹਿਰ ਦਾ

ਬਰਫ਼ ਕੱਜੀਆਂ ਟੀਸੀਆਂ ’ਤੇ ਪਹਿਲੀਆਂ ਕਿਰਨਾਂ ਦੀ ਛੋਹ
ਉਹਦੇ ਸਦਕਾ ਦੂਰ ਦੇਸ਼ਾਂ ਤਕ ਜ਼ਿਕਰ ਸੀ ਸ਼ਹਿਰ ਦਾ

ਓਸ ਵਿਹੜੇ ਨੰਗੇ ਪੈਰੀਂ ਜਾਣ ਨੂੰ ਕਰਦਾ ਸੀ ਜੀਅ
ਕਲਾ ਦੀ ਦਰਗਾਹ ਵਰਗਾ ਕੋਈ ਘਰ ਸੀ ਸ਼ਹਿਰ ਦਾ

ਰਲ ਕੇ ਸਿਜਦਾ ਕਰਨ ਆਏ ਸਾਜ਼, ਕਲਮਾਂ ਕੂਚੀਆਂ
ਜਾਨ ਸੀ, ਈਮਾਨ ਸੀ, ਦਿਲ ਸੀ, ਫ਼ਖਰ ਸੀ ਸ਼ਹਿਰ ਦਾ
- ਰਜਿੰਦਰ ਸਿੰਘ ਚੀਮਾ
ਉਪਰੋਕਤ ਸ਼ੇਅਰ ਰਾਜਿੰਦਰ ਸਿੰਘ ਚੀਮਾ ਦੀ ਡਾ. ਬੀਐੱਨ ਗੋਸਵਾਮੀ ਬਾਰੇ ਨਜ਼ਮ ‘ਅਲਵਿਦਾ ਡਾ. ਬੀਐੱਨ ਗੋਸਵਾਮੀ’ ਵਿਚੋਂ ਲਏ ਗਏ ਹਨ।

ਪੰਜਾਬ ਅਤੇ ਡਾ. ਗੋਸਵਾਮੀ

ਸਰਗੋਧੇ ’ਚ ਜਨਮੇ ਡਾ. ਬੀ.ਐੱਨ. ਗੋਸਵਾਮੀ ਦਾ ਪੰਜਾਬ ਨਾਲ ਰਿਸ਼ਤਾ ਬਹੁਤ ਡੂੰਘਾ ਹੈ। ਜਿੱਥੇ ਉਨ੍ਹਾਂ ਨੇ ਸਾਰੇ ਹਿੰਦੋਸਤਾਨ ਦੀਆਂ ਕਲਾਕ੍ਰਿਤੀਆਂ ’ਤੇ ਕੰਮ ਕੀਤਾ ਉੱਥੇ ਪੰਜਾਬ, ਸਿੱਖ ਗੁਰੂਆਂ ਤੇ ਸਿੱਖ ਚਿੱਤਰਕਲਾ ’ਤੇ ਉਨ੍ਹਾਂ ਦਾ ਕੰਮ ਬੇਸ਼ਕੀਮਤੀ ਹੈ। ਆਪਣੀ ਕਿਤਾਬ ‘ਪਾਇਟੀ ਐਂਡ ਸਪਲੈਂਜ਼ਰ (ਸਿੱਖ ਹੈਰੀਟੇਜ ਇਨ ਆਰਟ -Piety and Splendour)’ ਵਿਚ ਉਨ੍ਹਾਂ ਨੇ ਸਿੱਖ ਗੁਰੂਆਂ, ਰਾਜਿਆਂ, ਮਹਾਰਾਜਿਆਂ, ਸਰਦਾਰਾਂ, ਕਿਰਤੀਆਂ, ਜੋਗੀਆਂ ਤੇ ਹੋਰਨਾਂ ਦੇ ਦੁਰਲੱਭ ਚਿੱਤਰ ਇਕੱਠੇ ਕੀਤੇ ਅਤੇ ਵਿਦਵਤਾਪੂਰਨ ਤਰੀਕੇ ਨਾਲ ਪੇਸ਼ ਕੀਤੇ। ਗੁਰੂ ਨਾਨਕ ਦੇਵ ਜੀ ਦਾ ਉਪਰਲਾ ਚਿੱਤਰ ਉਸੇ ਕਿਤਾਬ ਵਿਚੋਂ ਲਿਆ ਗਿਆ ਹੈ; ਰਵਾਇਤ ਅਨੁਸਾਰ ਇਹ ਚੋਲਾ, ਗੁਰੂ ਸਾਹਿਬ ਨੂੰ ਉਨ੍ਹਾਂ ਦੀ ਬਗਦਾਦ ਯਾਤਰਾ ਸਮੇਂ ਭੇਟ ਕੀਤਾ ਗਿਆ। ਇਸ ਚਿੱਤਰ ਬਾਰੇ ਡਾ. ਗੋਸਵਾਮੀ ਲਿਖਦੇ ਹਨ, ‘‘ਦੇਖਣ ਉੱਤੇ ਉਦੋਂ ਤੱਕ ਕ੍ਰਿਤ ਵਿਚ ਕੁਝ ਵੀ ਅਸਾਧਾਰਨ ਦਿਖਾਈ ਨਹੀਂ ਦਿੰਦਾ, ਜਦੋਂ ਤੱਕ ਦੇਖਣ ਵਾਲੇ ਦੀ ਨਜ਼ਰ ਚੋਲੇ ਉੱਤੇ ਨਹੀਂ ਪੈਂਦੀ। ਸਾਰੇ ਦੇ ਸਾਰੇ ਚੋਲੇ ਉੱਤੇ ਖ਼ੁਸ਼ਖ਼ਤੀ (ਸੁੰਦਰ ਲਿਖਾਈ ਵਾਲੇ) ਢੰਗ ਨਾਲ ਲਿਖਿਆ ਹੋਇਆ ਹੈ, ਜਿਸ ਦੇ ਸਾਰੇ ਅਗਲੇ ਹਿੱਸੇ ਉਤੇ ਅਰਬੀ ਹਰਫ਼ਾਂ ਵਿਚ, ਨਸਖ਼ ਲਿਪੀ ’ਚ ਕੁਰਾਨ ਦੀਆਂ ਆਇਤਾਂ ਦਰਜ ਹਨ ਅਤੇ ਇਸ ਦੀਆਂ ਬਾਹਾਂ ਤੇ ਚੋਲੇ ਦੇ ਕਿਨਾਰਿਆਂ ਦੇ ਇਕ ਹਿੱਸੇ ਉੱਤੇ ਗੁਰੂ ਸਾਹਿਬ ਦੀ ਆਪਣੀ ਮਹਾਨ ਬਾਣੀ ‘ਜਪੁਜੀ’ ਅੰਕਿਤ ਹੈ। ਜਦੋਂਕਿ ਕੁਰਾਨ ਦੀਆਂ ਆਇਤਾਂ ਆਮ ਵਾਂਗ ਦੁਆ ‘ਬਿਸਮਿੱਲਾਹ ਅਲ-ਰਹਿਮਾਨ ਅਲ-ਰਹੀਮ’ ਨਾਲ ਸ਼ੁਰੂ ਹੁੰਦੀਆਂ ਹਨ, ਅਤੇ ‘ਜਪੁਜੀ’ ਸਾਹਿਬ ਤੋਂ ਅਰਦਾਸ ਨਾ ਸਿਰਫ਼ ਆਰੰਭਿਕ ਅੰਸ਼ ਤੋਂ ਪੜ੍ਹੀ ਜਾ ਸਕਦੀ ਹੈ, ਸਗੋਂ ਉਹ ਦਿਲ ਨੂੰ ਛੂਹਣ ਵਾਲੇ, ਬਹੁਤ ਹੀ ਕਾਵਮਈ ਸ਼ਬਦ ਵੀ ਪੜ੍ਹੇ ਜਾ ਸਕਦੇ ਹਨ: ਆਦਿ ਸਚੁ ਜੁਗਾਦਿ ਸਚੁ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।੧।। ਇਕਦਮ ਅਚਾਨਕ ਜਿਉਂ ਹੀ ਕਿਸੇ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਚਿੱਤਰਕਾਰ ਨੇ ਇਹ ਕੀ ਕੀਤਾ ਹੈ - ਉਸ ਨੇ ਵੱਖੋ-ਵੱਖ ਅਕੀਦਿਆਂ ਵਿਚੋਂ ਸਭ ਤੋਂ ਪਵਿੱਤਰ ਸ਼ਬਦ ਲੈ ਕੇ ਅਤੇ ਮਹਾਨ ਗੁਰੂ ਦੀ ਪਵਿੱਤਰ ਮੂਰਤ ਨੂੰ ਉਨ੍ਹਾਂ ਵਿਚ ਵਲ੍ਹੇਟ ਦਿੱਤਾ ਹੈ - ਕ੍ਰਿਤ ਮਹਿਜ਼ ਇਕ ਸਮਰੱਥ ‘ਤਸਵੀਰ’ ਹੋਣ ਤੋਂ ਉੱਪਰ ਉੱਠ ਕੇ ਸਮੁੱਚੇ ਤੌਰ ’ਤੇ ਕਿਤੇ ਵੱਡੇ ਪੱਧਰ ਤੱਕ ਚਲੀ ਜਾਂਦੀ ਹੈ। ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਚਿੱਤਰਕਾਰ ਇੱਥੇ ਜਨਮਸਾਖੀ ਦੇ ਬਿਰਤਾਂਤ ਦਾ ਲਾਹਾ ਲੈ ਰਿਹਾ ਹੈ, ਜਿਸ ਮੁਤਾਬਿਕ ਗੁਰੂ ਸਾਹਿਬ ਨੂੰ ਉਨ੍ਹਾਂ ਦੀ ਬਗ਼ਦਾਦ ਦੀ ਉਦਾਸੀ ਵੇਲੇ ਸਤਿਕਾਰ ਵਜੋਂ ਇਕ ਜਾਮਾ ਭੇਟ ਕੀਤਾ ਗਿਆ ਸੀ ਜਿਸ ਉੱਤੇ ਕੁਰਾਨ ਦੀਆਂ ਆਇਤਾਂ ਦੀ ਕਢਾਈ ਕੀਤੀ ਗਈ ਸੀ ਅਤੇ ਮੰਨਿਆ ਜਾਂਦਾ ਹੈ ਕਿ ਇਹ ਹਾਲੇ ਵੀ ਡੇਰਾ ਬਾਬਾ ਨਾਨਕ ਵਿਖੇ ਸੰਭਾਲ ਕੇ ਰੱਖਿਆ ਹੋਇਆ ਹੈ। ਪਰ ਦੇਖਿਆ ਜਾ ਸਕਦਾ ਹੈ ਕਿ ਸ਼ਬਦ ਇਕੱਲੇ ਕੁਰਾਨ ਤੋਂ ਹੀ ਨਹੀਂ ਹਨ, ਕਿਉਂਕਿ ਉਨ੍ਹਾਂ ਵਿਚ ਜਪੁਜੀ ਸਾਹਿਬ ਦੇ ਸ਼ਬਦ ਵੀ ਸ਼ਾਮਲ ਹਨ, ਅਤੇ ਉਨ੍ਹਾਂ ਦੀ ਕਢਾਈ ਨਹੀਂ ਕੀਤੀ ਗਈ ਸਗੋਂ ਸੁੰਦਰ ਲਿਖਾਈ ਵਿਚ ਲਿਖਿਆ ਗਿਆ ਹੈ।’’

ਮਿਸਤਰੀ / ਕਾਰੀਗਰ

ਇਸੇ ਕਿਤਾਬ ਵਿਚ ਡਾ. ਗੋਸਵਾਮੀ ਨੇ ਪੰਜਾਬ ਦੇ ਚਿੱਤਰਕਾਰਾਂ ਕੇਹਰ ਸਿੰਘ, ਕਪੂਰ ਸਿੰਘ, ਕਿਸ਼ਨ ਸਿੰਘ, ਬਿਸ਼ਨ ਸਿੰਘ ਆਦਿ ਦੇ ਕਿਰਤੀਆਂ ਅਤੇ ਆਮ ਲੋਕਾਂ ਦੇ ਚਿੱਤਰਾਂ ਨੂੰ ਵੀ ‘ਧਰਤੀ ਨਾਲ ਜੁੜੇ ਹੋਏ ਲੋਕਾਂ ਨਾਲ (With the Earth Bonded)’ ਦੇ ਸਿਰਲੇਖ ਹੇਠ ਪੇਸ਼ ਕੀਤਾ। ਉਪਰੋਕਤ ਚਿੱਤਰ ਬਾਰੇ ਬੀਐਨ ਗੋਸਵਾਮੀ ਲਿਖਦੇ ਹਨ, ‘‘ਇਹ ਮਿਸਤਰੀ - ਉਸ ਦੇ ਸਾਥੀਆਂ ਵੱਲੋਂ ਜਿਸ ਨੂੰ ਇਕ ਮਾਹਿਰ, ਇਕ ਖਰਾਦੀਆ, ਵਜੋਂ ਦੇਖਿਆ ਜਾਂਦਾ ਹੈ, ਜੋ ਇਕ ਖਰਾਦ ਮਸ਼ੀਨ ਰਾਹੀਂ ਇਕ ਲੱਕੜੀ ਉੱਤੇ ਕੰਮ ਕਰ ਰਿਹਾ ਹੈ - ਜਿਸ ਨੂੰ ਚਿੱਤਰਕਾਰ ਵੱਲੋਂ ਲੱਤਾਂ ਮੋੜੀ ਬੈਠਾ ਦਿਖਾਇਆ ਹੈ ਜਿਵੇਂ ਮੰਜੇ ਅਤੇ ਪੀੜ੍ਹੀ ਉੱਤੇ ਬੈਠਿਆ ਜਾਂਦਾ ਹੈ। ਕੰਮ ਲਈ ਕਿਉਂਕਿ ਲੱਤਾਂ-ਪੈਰਾਂ ਨੂੰ ਆਸਾਨੀ ਨਾਲ ਹਿਲਾਉਣ-ਜੁਲਾਉਣ ਤੇ ਕਾਫ਼ੀ ਤਾਕਤ ਦੀ ਲੋੜ ਹੁੰਦੀ ਹੈ, ਇਸ ਕਾਰਨ ਉਸ ਨੇ ਆਪਣਾ ਬਾਹਰਲਾ, ਹੇਠਲਾ ਕੱਪੜਾ ਲਾਹਿਆ ਹੋਇਆ ਹੈ, ਕਾਮਾ ਨੀਵੇਂ, ਸਪਾਟ ਸਟੂਲ (ਪੀੜ੍ਹੀ) ਉੱਤੇ ਬੈਠਿਆ ਹੈ ਅਤੇ ਅੱਗੇ ਨੂੰ ਝੁਕ ਕੇ ਕਮਾਨਚਾ ਚਲਾ ਰਿਹਾ ਹੈ।

ਛਾਪਗੀਰ (ਕੱਪੜਿਆਂ ’ਤੇ ਛਾਪ ਲਾਉਣ ਵਾਲਾ)
‘‘ਇਹ ਚਿੱਤਰ ਇਕ ਛਾਪਗੀਰ ਦਾ ਹੈ, ਭਾਵੇਂ ਉਸ ਦਾ ਚਿਹਰਾ-ਮੋਹਰਾ ਕਿਸੇ ਵੱਡੇ ਅਹੁਦੇ ਵਾਲੇ ਬੰਦੇ ਦਾ ਹੈ।’’

ਉਸ ਦੇ ਆਲੇ-ਦੁਆਲੇ ਵੱਖੋ-ਵੱਖ ਸੰਦ ਤੇ ਹੋਰ ਸਾਮਾਨ ਪਿਆ ਹੈ - ਆਰੀਆਂ, ਵੱਖੋ-ਵੱਖ ਦਰਜਿਆਂ ਵਾਲੇ ਰੰਦੇ, ਤੇਸੀ, ਮੋਟੇ-ਮੋਟੇ ਘੜੇ ਹੋਏ ਲੱਕੜੀ ਦੇ ਬਲਾਕ - ਜਿਨ੍ਹਾਂ ਨੂੰ ਬੜੇ ਸਾਫ਼ ਢੰਗ ਨਾਲ ਰੱਖਿਆ ਹੋਇਆ ਹੈ ਜਿਵੇਂ ਦੇਖਣ ਵਾਲੇ ਨੂੰ ਉਨ੍ਹਾਂ ਦੀ ਕਿਸਮ ਤੇ ਕੰਮ ਬਾਰੇ ਸਪਸ਼ਟ ਕਰਨਾ ਹੋਵੇ। ਇਸ ਸਾਰੇ ਕੁਝ ਵਿਚ ਯਕੀਨਨ ਬੜਾ ਕੁਝ ਦਿਲਚਸਪੀ ਵਾਲਾ ਹੈ, ਤਾਂ ਵੀ ਨਜ਼ਰ ਤੇਜ਼ੀ ਨਾਲ ਦਸਤਕਾਰ ਦੀ ਇਮਾਨਦਾਰ ਦਿੱਖ ਵੱਲ ਜਾਂਦੀ ਹੈ। ਉਹ ਨੌਜਵਾਨ ਤੇ ਊਰਜਾਵਾਨ ਹੈ, ਮੋਟੇ ਚਿੱਟੇ ਕੱਪੜਿਆਂ ਦਾ ਸਾਦਾ ਪਹਿਰਾਵਾ ਪਹਿਨਿਆ ਹੈ - ਇਕ ਛੋਟਾ ਕੁੜਤਾ, ਜਿਸ ਦੇ ਇਕ ਪਾਸੇ ਗਲਾਵਾਂ ਹੈ, ਗਰਦਨ ਦੇ ਨੇੜੇ, ਅਤੇ ਢਿੱਲੀ ਜਿਹੀ ਪਗੜੀ ਬੰਨ੍ਹੀ ਹੈ - ਉਹ ਪੂਰੀ ਤਰ੍ਹਾਂ ਆਪਣੇ ਕੰਮ ਵਿਚ ਜੁਟਿਆ ਹੈ, ਨਜ਼ਰ ਪੂਰੀ ਤਰ੍ਹਾਂ ਉਸ ਪੈਰ ਉੱਤੇ ਲਾਈ ਹੋਈ ਹੈ ਜਿਸ ਉੱਤੇ ਉਹ ਕੰਮ ਕਰ ਰਿਹਾ ਹੈ।’’

ਦੋ ਰਮਤੇ ਜੋਗੀ

ਇਸ ਚਿੱਤਰ ਬਾਰੇ ਡਾ. ਗੋਸਵਾਮੀ ਲਿਖਦੇ ਹਨ, ‘‘ਉਹ ਪੂਰੀ ਤਰ੍ਹਾਂ, ਹਰ ਥਾਂ ਤੋਂ ਮਹਿਜ਼ ਰਮਤੇ ਗਾਇਕ ਦਿਖਾਈ ਦਿੰਦੇ ਹਨ, ਜਿਹੜੇ ਆਪਣੇ ਸੰਗੀਤਕ ਸਾਜ਼ ਵਜਾ ਰਹੇ ਹਨ, ਉਨ੍ਹਾਂ ਮੋਢਿਆਂ ’ਤੇ ਕੱਪੜੇ ਦੀਆਂ ਝੋਲੀਆਂ ਲਮਕਾਈਆਂ ਹਨ, ਜਿਨ੍ਹਾਂ ਵਿਚ (ਲੋਕਾਂ ਵੱਲੋਂ ਦਿੱਤੇ ਜਾਣ ਵਾਲੇ) ਤੋਹਫ਼ਿਆਂ ਤੇ ਦਾਨ ਦੀਆਂ ਵਸਤਾਂ ਨੂੰ ਇਕੱਤਰ ਕੀਤਾ ਜਾਵੇਗਾ। ਉਨ੍ਹਾਂ ਦੇ ਰੰਗ-ਢੰਗ ਵਿਚ ਕੁਝ ਵੀ ਖ਼ਤਰਨਾਕ ਜਾਂ ਦੋਖੀ ਦਿਖਾਈ ਨਹੀਂ ਦਿੰਦਾ। ਦੂਜੇ ਪਾਸੇ, ਉਨ੍ਹਾਂ ਦਾ ਪ੍ਰਗਟਾਵਾ ਦਿਆਲਤਾ ਵਾਲਾ ਹੈ, ਜਿਹੜੀ ਦਿਆਲਤਾ ਬਿਨਾਂ ਸ਼ੱਕ ਉਸ ਕਲਾਮ/ਰਚਨਾਵਾਂ ਵੱਲੋਂ ਲਿਆਂਦੀ ਗਈ ਹੈ ਜਿਸ ਨੂੰ ਉਹ ਗਾਉਂਦੇ ਹੋਏ ਪ੍ਰਤੀਤ ਦਿੰਦੇ ਹਨ, ਇਹ ਕਲਾਮ ਉਸ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਨਾਲ ਸਬੰਧਤ ਹੋ ਸਕਦਾ ਹੈ, ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਵੀ ਸਥਾਨ ਹਾਸਲ ਹੈ। ਕੇਹਰ ਸਿੰਘ (ਚਿੱਤਰਕਾਰ) ਨੇ ਦੋਵਾਂ ਮੂਰਤਾਂ ਨੂੰ ਬਹੁਤ ਨੀਝ ਨਾਲ ਦੇਖਿਆ ਅਤੇ ਉਨ੍ਹਾਂ ਨੂੰ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਦਾ ਹੁਨਰ ਸਾਫ਼ ਝਲਕਦਾ ਹੈ: ਚਿਹਰਿਆਂ ਨੂੰ ਬਹੁਤ ਵਧੀਆ ਢੰਗ ਨਾਲ ਚਿੱਤਰਿਆ ਗਿਆ ਹੈ, ਦੋਵਾਂ ਦੀਆਂ ਦਾੜ੍ਹੀਆਂ ਦੇ ਪਤਲੇ ਘੁੰਗਰਾਲੇ ਵਾਲਾਂ ਉੱਤੇ ਬਾਰੀਕੀ ਨਾਲ ਧਿਆਨ ਦਿੱਤਾ ਗਿਆ ਹੈ, ਕੋਮਲ ਹੱਥ, ਸੰਗੀਤਕ ਸਾਜ਼ਾਂ ਨੂੰ ਸਹੀ ਰੂਪ ਵਿਚ ਰੱਖਣ ਦੀ ਚਿੰਤਾ, ਇੱਥੋਂ ਤੱਕ ਕਿ ਅੱਲ੍ਹਾਦਿੱਤਾ ਦੇ ਗਲੇ ਵਿਚ ਪਾਈ ਛੋਟੇ ਮਣਕਿਆਂ ਦੀ ਮਾਲਾ ਦੀ ਵੀ ਛੋਟੀ-ਛੋਟੀ ਬਾਰੀਕੀ ਨੂੰ ਦਿਖਾਇਆ ਗਿਆ ਹੈ। ਪਰ ਅਸਲ ਵਿਚ ਜੋ ਚੀਜ਼ ਅਧਿਐਨ ਨੂੰ ਪੇਸ਼ਿਆਂ, ਜਾਤਾਂ ਆਦਿ ਨਾਲ ਨਜਿੱਠਣ ਵਾਲੇ ਕੰਪਨੀ ਦੇ ਆਮ ਕੰਮ ਤੋਂ ਕਿਤੇ ਉਤਾਂਹ ਲੈ ਜਾਂਦੀ ਹੈ, ਉਹ ਹੈ ਮਾਣ ਦੀ ਉਹ ਹਵਾ, ਜਿਸ ਨੂੰ ਉਹ (ਚਿੱਤਰਕਾਰ) ਦੋ ਸਾਧਾਰਨ, ਇਮਾਨਦਾਰ ਆਦਮੀਆਂ ਨੂੰ ਚਿੱਤਰਣ ਸਮੇਂ ਪੇਸ਼ ਕਰਦਾ ਹੈ।’’

ਡਾ. ਗੋਸਵਾਮੀ ਦੀਆਂ ਪੰਜਾਬ ਨਾਲ ਸਬੰਧਿਤ ਯਾਦਗਾਰੀ ਪੁਸਤਕਾਂ ਹਨ: ‘ਪਾਇਟੀ ਐਂਡ ਸਪਲੈਂਜ਼ਰ -ਸਿੱਖ ਹੈਰੀਟੇਜ ਇਨ ਆਰਟ (ਧਾਰਮਿਕਤਾ ਤੇ ਆਭਾ – ਕਲਾ ਦੀ ਸਿੱਖ ਵਿਰਾਸਤ)’, ‘ਦਿ ਮੁਗਲਜ਼ ਐਂਡ ਦੀ ਜੋਗੀਜ਼ ਆਫ ਜਖਬੜ (ਮੁਗਲ ਤੇ ਜਖਬੜ1 ਦੇ ਯੋਗੀ- ਡਾ. ਜੇਐਸ ਗਰੇਵਾਲ ਨਾਲ ਸਹਿ-ਲਿਖਤ)’ ‘ਦਿ ਮੁਗ਼ਲ ਐਂਡ ਸਿੱਖ ਰੂਲਰਜ਼ ਐਂਡ ਦਿ ਵੈਸ਼ਨਵਜ਼ ਆਫ ਪੰਡੋਰੀ2 (ਪੰਡੋਰੀ ਦੇ ਵੈਸ਼ਨਵ ਅਤੇ ਮੁਗਲ ਤੇ ਸਿੱਖ ਹਾਕਮ- ਡਾ. ਜੇਐਸ ਗਰੇਵਾਲ ਨਾਲ ਸਹਿ-ਲਿਖਤ), ਆਈ ਸੀ ਨੋ ਸਟਰੇਂਜਰ-ਅਰਲੀ ਸਿੱਖ ਆਰਟ ਐਂਡ ਡੀਵੋਸ਼ਨ (ਮੇਰੇ ਲਈ ਕੋਈ ਅਜਨਬੀ ਨਹੀਂ- ਮੁੱਢਲੀ ਸਿੱਖ ਕਲਾ ਤੇ ਸ਼ਰਧਾ -ਕੈਰਨ ਸਮਿੱਥ ਨਾਲ ਸਹਿ-ਲਿਖਤ)
1. ਜਖਬੜ ਜੋਗੀਆਂ, ਜ਼ਿਲ੍ਹਾ ਪਠਾਨਕੋਟ ਦੇ ਕਸਬੇ ਨਰੋਟ ਮਹਿਰਾ ਦੇ ਕੋਲ ਸਥਿਤ ਪਿੰਡ ਹੈ।
2. ਪੰਡੋਰੀ ਮਹੰਤਾਂ, ਜ਼ਿਲ੍ਹਾ ਗੁਰਦਾਸਪੁਰ ਵਿਚ ਇਕ ਪਿੰਡ ਹੈ।
ਉਪਰੋਕਤ ਕ੍ਰਿਤਾਂ ਪੰਜਾਬ ਦੀ ਕਲਾ ਇਤਿਹਾਸਕਾਰੀ ਦੇ ਮੀਲ-ਪੱਥਰ ਹਨ।

Advertisement
Author Image

sukhwinder singh

View all posts

Advertisement