ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਾਮ ਸਿੰਘ ਅਟਾਰੀ ਨੂੰ ਯਾਦ ਕਰਦਿਆਂ

06:47 AM Feb 07, 2024 IST

ਅਵਤਾਰ ਸਿੰਘ ਆਨੰਦ
Advertisement

ਮਹਾਰਾਜਾ ਰਣਜੀਤ ਸਿੰਘ ਵੱਲੋਂ ਸਥਾਪਿਤ ਰਾਜ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਇਨ੍ਹਾਂ ਹੀ ਜਰਨੈਲਾਂ ’ਚੋਂ ਇੱਕ ਸ਼ਾਮ ਸਿੰਘ ਅਟਾਰੀ ਨੇ ਮਰਦੇ ਦਮ ਤਕ ਜੰਗ ਦੇ ਮੈਦਾਨ ਵਿੱਚ ਹਾਰ ਨਹੀਂ ਮੰਨੀ।
ਮਹਾਰਾਜਾ ਰਣਜੀਤ ਸਿੰਘ ਦੀ ਹਰ ਜੇਤੂ ਮੁਹਿੰਮ ਦੇ ਸਾਥੀ ਰਹੇ ਸ਼ਾਮ ਸਿੰਘ ਅਟਾਰੀ ਦਾ ਜਨਮ 1785 ਈ. ਨੂੰ ਨਿਹਾਲ ਸਿੰਘ ਅਤੇ ਸ਼ਮਸ਼ੇਰ ਕੌਰ ਦੇ ਘਰ ਹੋਇਆ। ਇਹ ਪਰਿਵਾਰ ਜੈਸਲਮੇਰ ਦੇ ਭੱਟੀ ਰਾਜਪੂਤਾਂ ਨਾਲ ਸਬੰਧਤ ਸੀ ਅਤੇ ਇਨ੍ਹਾਂ ਦੇ ਵਡੇਰੇ ਕਾਹਨ ਚੰਦ ਨੇ ਸਮੇਂ ਦੇ ਹਾਲਾਤ ਨੂੰ ਦੇਖਦੇ ਹੋਏ ਜਗਰਾਓਂ ਲਾਗੇ ਪਿੰਡ ਕਾਉਂਕੇ ਵਸਾਇਆ ਪਰ ਬਾਅਦ ’ਚ ਇਹ ਪਰਿਵਾਰ ਅਟਾਰੀ ਆ ਵਸਿਆ।
ਸ਼ਾਮ ਸਿੰਘ ਅਟਾਰੀ ਦਾ ਸਿੱਖ ਰਾਜ ਦੀ ਫ਼ੌਜ ਵਿੱਚ ਭਰਤੀ ਹੋਣ ਦਾ ਇਕ ਸਬੱਬ ਹੀ ਹੈ। ਕੁੱਝ ਇਤਿਹਾਸਕਾਰਾਂ ਅਨੁਸਾਰ ਇਕ ਵਾਰ ਮਹਾਰਾਜਾ ਰਣਜੀਤ ਸਿੰਘ ਬਿਮਾਰ ਹੋ ਗਏ ਤਾਂ ਉਸ ਵੇਲੇ ਸ਼ਾਮ ਸਿੰਘ ਦੇ ਪਿਤਾ ਨਿਹਾਲ ਸਿੰਘ ਨੇ ਸ਼ੇਰ-ਏ-ਪੰਜਾਬ ਦੀ ਮੰਜੀ ਦੁਆਲੇ ਪਰਕਰਮਾ ਕੀਤੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਜਾਨ ਬਦਲੇ ਆਪਣੀ ਜਾਨ ਦੇਣ ਲਈ ਅਰਦਾਸ ਕੀਤੀ। ਅਰਦਾਸ ਪ੍ਰਵਾਨ ਹੋਈ। ਕੁਝ ਹੀ ਦਿਨਾਂ ਮਗਰੋਂ ਮਹਾਰਾਜਾ ਤਾਂ ਠੀਕ ਹੋ ਗਿਆ ਪਰ ਨਿਹਾਲ ਸਿੰਘ ਬਿਮਾਰ ਹੋ ਗਿਆ ਅਤੇ ਅਕਾਲ ਚਲਾਣਾ ਕਰ ਗਿਆ।
ਮਹਾਰਾਜਾ ਰਣਜੀਤ ਸਿੰਘ ਨੇ ਨਿਹਾਲ ਸਿੰਘ ਦਾ ਆਪਣੇ ਹੱਥੀਂ ਸਸਕਾਰ ਕੀਤਾ। ਅਟਾਰੀ ਵਿਚ ਅੱਜ ਵੀ ਸਸਕਾਰ ਵਾਲੀ ਜਗ੍ਹਾ ’ਤੇ ਉਸ ਦੀ ਸਮਾਧ ਮੌਜੂਦ ਹੈ। ਸ਼ੇਰ-ਏ-ਪੰਜਾਬ ਨੇ ਉਸ ਦੇ ਪੁੱਤਰ ਸ਼ਾਮ ਸਿੰਘ ਅਟਾਰੀ ਨੂੰ ਫੌਜਾਂ ਦਾ ਸਰਦਾਰ ਬਣਾ ਕੇ ਬਹੁਤ ਸਾਰੀ ਜਾਗੀਰ ਉਸ ਦੇ ਨਾਮ ਕਰ ਦਿੱਤੀ।
ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ’ਚ ਸ਼ਾਮ ਸਿੰਘ ਅਟਾਰੀ ਦਾ ਬਹੁਤ ਮਾਣ-ਸਨਮਾਨ ਹੁੰਦਾ ਸੀ। ਉਹ ਰੋਅਬਦਾਰ ਅਤੇ ਸਲੀਕੇ ਨਾਲ ਗੱਲ ਕਰਨ ਵਾਲੇ ਜਰਨੈਲ ਦੇ ਤੌਰ ’ਤੇ ਜਾਣਿਆ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਦੀਆਂ ਕਈ ਜੇਤੂ ਮੁਹਿੰਮਾਂ ਦੇ ਸਾਥੀ ਅਤੇ ਗਵਾਹ ਰਹੇ ਸ਼ਾਮ ਸਿੰਘ ਅਟਾਰੀ ਦਾ ਦੁਸ਼ਮਣਾਂ ਵਿੱਚ ਖੌਫ ਸਰਦਾਰ ਹਰੀ ਸਿੰਘ ਨਲੂਆ ਵਾਂਗੂ ਹੀ ਸੀ। ਜਦੋਂ ਵੀ ਮਹਾਰਾਜਾ ਰਣਜੀਤ ਸਿੰਘ ਸ਼ਹਿਜ਼ਾਦਾ ਖੜਕ ਸਿੰਘ ਨੂੰ ਕਿਸੇ ਮੁਹਿੰਮ ’ਤੇ ਭੇਜਦਾ ਤਾਂ ਖੜਕ ਸਿੰਘ ਦੀ ਦੇਖਭਾਲ ਦੀ ਸਾਰੀ ਜ਼ਿੰਮੇਵਾਰੀ ਸ਼ਾਮ ਸਿੰਘ ਦੇ ਕੋਲ ਹੁੰਦੀ। ਜਦੋਂ ਪਿਸ਼ਾਵਰ ਅਤੇ ਮੁਲਤਾਨ ਦੀ ਮੁਹਿੰਮ ਤੋਂ ਖ਼ਾਲਸਾ ਫ਼ੌਜਾਂ ਜਿੱਤ ਕੇ ਮੁੜੀਆਂ ਤਾਂ ਸ਼ੇਰ-ਏ-ਪੰਜਾਬ ਨੇ ਸਰਦਾਰ ਸ਼ਾਮ ਸਿੰਘ ਨੂੰ ਗਲ ਨਾਲ ਲਾ ਲਿਆ ਤੇ ਕਿਹਾ, ‘‘ਸ਼ਾਮ ਸਿਹਾਂ ਤੂੰ ਮੁਲਤਾਨ ਤੇ ਪਿਸ਼ਾਵਰ ਨਹੀਂ ਜਿੱਤਿਆ ਬਲਕਿ ਰਣਜੀਤ ਸਿੰਘ ਦਾ ਦਿਲ ਜਿੱਤ ਲਿਆ ਏ।’’
ਸੰਨ 1819 ਈ. ਵਿੱਚ ਉਨ੍ਹਾਂ ਨੇ ਕਸ਼ਮੀਰ ਦੀ ਲੜਾਈ ਦੀ ਅਗਵਾਈ ਕਰ ਕੇ ਜਿੱਤ ਪ੍ਰਾਪਤ ਕੀਤੀ। ਮਹਾਰਾਜਾ ਰਣਜੀਤ ਸਿੰਘ ਜਿੱਥੇ ਵੀ ਜਾਂਦੇ ਸ਼ਾਮ ਸਿੰਘ ਉਨ੍ਹਾਂ ਦੇ ਨਾਲ ਹੀ ਰਹਿੰਦਾ। 1831 ਈ. ਵਿਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਰੋਪੜ ਵਿੱਚ ਲਾਰਡ ਵਿਲੀਅਮ ਬੈਂਟਿੰਕ ਨਾਲ ਮੁਲਾਕਾਤ ਕੀਤੀ ਸੀ ਤਾਂ ਉਸ ਸਮੇਂ ਸ਼ਾਮ ਸਿੰਘ ਅਟਾਰੀ ਦੇ ਕੰਮ ਨੂੰ ਕਾਫ਼ੀ ਸਲਾਹਿਆ ਗਿਆ। ਸੰਨ 1834 ਈ. ਵਿਚ ਉਨ੍ਹਾਂ ਦੀ ਧੀ ਨਾਨਕੀ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਨਾਲ ਹੋਇਆ ਤੇ ਸ਼ਾਮ ਸਿੰਘ ਨੇ ਉਨ੍ਹਾਂ ਦਿਨਾਂ ’ਚ ਤਕਰੀਬਨ 15 ਲੱਖ ਰੁਪਏ ਖਰਚ ਕੀਤੇ। ਵਿਆਹ ਵਿੱਚ ਵੱਖ-ਵੱਖ ਰਾਜਾਂ ਦੇ ਰਾਜੇ, ਮਹਾਰਾਜੇ ਤੇ ਅੰਗਰੇਜ਼ ਅਫ਼ਸਰ ਸ਼ਾਮਲ ਹੋਏ। ਅੰਮ੍ਰਿਤਸਰ ਦੇ ਜੌਹਰੀ ਨੇ ਜਿਹੜਾ ਸਿਹਰਾ ਕੰਵਰ ਨੌਨਿਹਾਲ ਸਿੰਘ ਲਈ ਤਿਆਰ ਕੀਤਾ ਸੀ, ਉਹ ਮਹਾਰਾਜਾ ਰਣਜੀਤ ਸਿੰਘ ਨੇ ਕੰਵਰ ਨੌਨਿਹਾਲ ਸਿੰਘ ਦੇ ਸਿਰ ’ਤੇ ਬੰਨ੍ਹਣ ਦੀ ਬਜਾਏ ਗੁਰੂ ਰਾਮਦਾਸ ਜੀ ਦੇ ਦਰਬਾਰ ਵਿਚ ਚੜ੍ਹਾ ਦਿੱਤਾ ਜੋ ਅੱਜ ਵੀ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਵਿੱਚ ਸੁਸ਼ੋਭਿਤ ਹੈ।1837 ਵਿਚ ਜਦੋਂ ਹਰੀ ਸਿੰਘ ਨਲੂਆ ਜਮਰੌਦ ਵਿੱਚ ਸ਼ਹੀਦ ਹੋ ਗਿਆ ਤਾਂ ਸ਼ਾਮ ਸਿੰਘ ਨੂੰ ਬਹੁਤ ਸਦਮਾ ਲੱਗਾ। ਬਹੁਤ ਸਾਰੀਆਂ ਜ਼ਿੰਮੇਵਾਰੀਆਂ ਉਸ ਦੇ ਮੋਢਿਆਂ ’ਤੇ ਆ ਪਈਆਂ। ਇਧਰ 27 ਜੂਨ 1837 ਨੂੰ ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ ਹੋ ਗਿਆ ਤੇ ਉਧਰ ਸਿੱਖ ਰਾਜ ਖਾਨਾਜੰਗੀ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਗਿਆ। ਦਰਬਾਰ ਵਿੱਚ ਡੋਗਰਿਆਂ ਤੇ ਸਿੱਖ ਸਰਦਾਰਾਂ ’ਚ ਤਖ਼ਤ ਦਾ ਮਾਲਕ ਬਣਨ ਦੀ ਭੁੱਖ ਨੇ ਸਰਦਾਰ ਖੜਕ ਸਿੰਘ ਤੇ ਕੰਵਰ ਨੌਨਿਹਾਲ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸਿੱਖ ਰਾਜ ਅੰਦਰ ਖਾਨਾਜੰਗੀ ਤੋਂ ਤੰਗ ਆ ਕੇ ਸ਼ਾਮ ਸਿੰਘ ਲਾਹੌਰ ਛੱਡ ਕੇ ਅਟਾਰੀ ਆ ਗਿਆ।
ਡੋਗਰਿਆਂ ਦੀਆਂ ਆਪਹੁਦਰੀਆਂ ਚਾਲਾਂ ਨੇ ਸਿੱਖ ਰਾਜ ਨੂੰ ਅੰਗਰੇਜ਼ਾਂ ਨਾਲ ਬੇਲੋੜੀਆਂ ਜੰਗਾਂ ਵਿੱਚ ਉਲਝਾ ਕੇ ਅੰਗਰੇਜ਼ਾਂ ਨੂੰ ਪੰਜਾਬ ’ਚ ਆਪ ਦਾਖਲ ਹੋਣ ਦਾ ਮੌਕਾ ਦੇ ਦਿੱਤਾ। ਮੁਦਕੀ ਤੇ ਫੇਰੂ ਸ਼ਹਿਰ ਦੀ ਲੜਾਈ ਬਿਨਾ ਕਿਸੇ ਨਿਸ਼ਾਨੇ ਅਤੇ ਮਕਸਦ ਲਈ ਲੜੀ ਗਈ।
ਮੁਦਕੀ ਅਤੇ ਫੇਰੂ ਸ਼ਹਿਰ ਦੀ ਲੜਾਈ ਤੋਂ ਬਾਅਦ ਅੰਗਰੇਜ਼ ਗਵਰਨਰ ਜਨਰਲ ਲਾਰਡ ਹਾਰਡਿੰਗ ਨੇ ਗੁਲਾਬ ਸਿੰਘ ਨੂੰ ਕਿਹਾ ਕਿ ਉਹ ਕਿਸੇ ਨਾ ਕਿਸੇ ਢੰਗ ਨਾਲ ਖ਼ਾਲਸਾ ਫੌਜਾਂ ਨੂੰ ਈਨ ਮੰਨਣ ਲਈ ਤਿਆਰ ਕਰ ਲਵੇ। ਲੜਾਈ ਉਪਰੰਤ ਜੰਮੂ ਕਸ਼ਮੀਰ ਦਾ ਇਲਾਕਾ ਖ਼ਾਲਸਾ ਰਾਜ ਨਾਲੋਂ ਤੋੜ ਕੇ ਉਸ ਨੂੰ ‘ਇਨਾਮ’ ਵਜੋਂ ਦੇ ਦਿੱਤਾ ਜਾਵੇਗਾ। ਹੈਸਕਿਥ ਪੀਅਰਸਨ ਆਪਣੀ ਕਿਤਾਬ ‘‘ਹੀਰੋ ਆਫ ਡੈਲੀ’’ ਵਿਚ ਲਿਖਦਾ ਹੈ, “ਸਿੱਖ ਜਰਨੈਲਾਂ ਦੀ ਗ਼ਦਾਰੀ ਕਾਰਨ ਅੰਗਰੇਜ਼ਾਂ ਦੀ ਹਾਰ ਇੱਕ ਵਾਰ ਫਿਰ ਜਿੱਤ ਵਿੱਚ ਤਬਦੀਲ ਹੋ ਗਈ ਸੀ।”
ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਸਿੱਖ ਜਰਨੈਲ ਡੋਗਰੇ ਭਰਾਵਾਂ ਦੀ ਚਾਲ ’ਚ ਫਸ ਗਏ। ਡੋਗਰੇ ਖੁਦ ਲਾਹੌਰ ਤਖ਼ਤ ਦਾ ਮਾਲਕ ਬਣਨਾ ਚਾਹੁੰਦੇ ਸਨ। ਅੰਗਰੇਜ਼ਾਂ ਨੇ ਖਾਲਸਾ ਸਰਕਾਰ ’ਚ ਪਈ ਖਾਨਾਜੰਗੀ ਦਾ ਫ਼ਾਇਦਾ ਉਠਾਇਆ ਅਤੇ 1845 ’ਚ ਲਾਰਡ ਹਾਰਡਿੰਗ ਅਤੇ ਜਨਰਲ ਗਾਫ਼ ਨੇ ਦਰਿਆ ਸਤਲੁਜ ’ਤੇ ਫ਼ੌਜ ਇਕੱਠੀ ਕਰਨੀ ਸ਼ੁਰੂ ਕੀਤੀ। ਅੰਗਰੇਜ਼ਾਂ ਨੇ ਤੇਜਾ ਸਿੰਘ ਰਾਹੀਂ ਸਿੱਖ ਫ਼ੌਜਾਂ ਨੂੰ ਭੜਕਾਇਆ ਕਿ ਅੰਗਰੇਜ਼ ਸਤਲੁਜ ਦਰਿਆ ’ਤੇ ਲਾਹੌਰ ’ਤੇ ਕਬਜ਼ਾ ਕਰਨ ਦੀਆਂ ਤਿਆਰੀਆਂ ਕਰੀ ਬੈਠੇ ਹਨ ਅਤੇ ਉਨ੍ਹਾਂ ਦੇ ਹਮਲੇ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਹਮਲਾ ਕਰ ਦੇਣਾ ਚਾਹੀਦਾ ਹੈ। ਰਾਣੀ ਜਿੰਦਾਂ ਅਤੇ ਸ਼ਾਮ ਸਿੰਘ ਅਟਾਰੀ ਨੇ ਅੰਗਰੇਜ਼ਾਂ ਨਾਲ ਲੜਾਈ ਨਾ ਕਰਨ ਦੀ ਸਲਾਹ ਦਿੱਤੀ। ਡੋਗਰੇ ਭਰਾ ਲੜਾਈ ਕਰਨਾ ਚਾਹੁੰਦੇ ਸਨ। ਰਾਣੀ ਜਿੰਦਾਂ ਅਤੇ ਸ਼ਾਮ ਸਿੰਘ ਅਟਾਰੀ ਦੀਆਂ ਸਲਾਹਾਂ ਨੂੰ ਨਜ਼ਰਅੰਦਾਜ਼ ਕਰ ਕੇ ਲਾਲ ਸਿੰਘ ਤੇ ਤੇਜਾ ਸਿੰਘ ਨੇ ਸਿੱਖ ਫੌਜ ਸਤਲੁਜ ਦਰਿਆ ’ਤੇ ਇੱਕਠੀ ਕਰ ਲਈ।
ਲੜਾਈ ਸ਼ੁਰੂ ਹੁੰਦਿਆਂ ਹੀ ਅੰਗਰੇਜ਼ਾਂ ਦਾ ਕਾਫੀ ਨੁਕਸਾਨ ਹੋ ਗਿਆ ਅਤੇ ਉਨ੍ਹਾਂ ਨੂੰ ਵੀ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ। ਮੈਦਾਨ-ਏ-ਜੰਗ ਤਲਵਾਰਾਂ ਨਾਲ ਚਮਕ ਉੱਠਿਆ। ਸ਼ਾਮ ਸਿੰਘ ਅਟਾਰੀਵਾਲਾ ਮੈਦਾਨ ਵਿੱਚ ਫੌਜਾਂ ਨੂੰ ਹਰ ਮੁਹਾਜ਼ ’ਤੇ ਹੱਲਾਸ਼ੇਰੀ ਦਿੰਦਾ ਨਜ਼ਰ ਆ ਰਿਹਾ ਸੀ। ਅੰਗਰੇਜ਼ਾਂ ਨੂੰ ਹਰ ਮੁਹਾਜ਼ ’ਤੇ ਹਾਰ ਹੀ ਹਾਰ ਪੱਲੇ ਪੈ ਰਹੀ ਸੀ। ਸ਼ਾਮ ਸਿੰਘ ਅੰਗਰੇਜ਼ਾਂ ਦੀ ਭਾਰੀ ਜਾਨੀ ਨੁਕਸਾਨ ਕਰਦਾ ਹੋਇਆ ਅੰਗਰੇਜ਼ ਜਰਨੈਲ ਸਰ ਰਾਬਰਟ ਡਿਕ ਦੇ ਨਜ਼ਦੀਕ ਜਾ ਪਹੁੰਚਿਆ ਅਤੇ ਹੱਥੋ-ਹੱਥੀ ਲੜਾਈ ਵਿੱਚ ਰਾਬਰਟ ਡਿਕ ਸ਼ਾਮ ਸਿੰਘ ਹੱਥੋਂ ਮਾਰਿਆ ਗਿਆ। ਉਸ ਸਮੇਂ ਅੰਗਰੇਜ਼ੀ ਫੌਜਾਂ ਵਿੱਚ ਦਹਿਸ਼ਤ ਵਰਗਾ ਮਾਹੌਲ ਬਣ ਗਿਆ। ਅੰਗਰੇਜ਼ੀ ਫੌਜਾਂ ਨੇ ਅਟਾਰੀ ਵਾਲੇ ਸਰਦਾਰ ਨੂੰ ਚਾਰੇ ਪਾਸਿਓਂ ਘੇਰ ਕੇ ਉਸ ਦਾ ਸਰੀਰ ਗੋਲੀਆਂ ਨਾਲ ਛਲਣੀ ਕਰ ਦਿੱਤਾ। ਇਸ ਤਰ੍ਹਾਂ ਸ਼ਾਮ ਸਿੰਘ ਅਟਾਰੀ ਜੰਗ ਵਿੱਚ ਜੂਝਦਾ ਹੋਇਆ 10 ਫਰਵਰੀ ਨੂੰ ਸ਼ਹਾਦਤ ਦਾ ਜਾਮ ਪੀ ਗਿਆ ਤੇ ਸਿੱਖ ਰਾਜ ਦਾ ਆਖਰੀ ਸੂਰਜ ਵੀ ਅਸਤ ਹੋ ਗਿਆ।
ਸੰਪਰਕ: 98770-92505

Advertisement
Advertisement
Advertisement