For the best experience, open
https://m.punjabitribuneonline.com
on your mobile browser.
Advertisement

ਨ੍ਰਿਪਇੰਦਰ ਰਤਨ ਨੂੰ ਯਾਦ ਕਰਦਿਆਂ...

07:40 AM Nov 19, 2023 IST
ਨ੍ਰਿਪਇੰਦਰ ਰਤਨ ਨੂੰ ਯਾਦ ਕਰਦਿਆਂ
Advertisement

ਸੁਰਿੰਦਰ ਸਿੰਘ ਤੇਜ

Advertisement

ਸ਼ਰਧਾਂਜਲੀ

ਨ੍ਰਿਪਇੰਦਰ ਸਿੰਘ ਰਤਨ ਨੁਰਾਂ ਨਾਲ ਮੇਰੀ ਵਾਕਫ਼ੀਅਤ ਬਹੁਤੀ ਲੰਮੀ-ਚੌੜੀ ਨਹੀਂ ਸੀ। ਮੇਰੀ ਯਾਦਾਸ਼ਤ ਮੁਤਾਬਿਕ ਅਸੀਂ ਸਿਰਫ਼ ਚਾਰ ਵਾਰ ਮਿਲੇ। ਪਹਿਲੀ ਵਾਰ ਉਹ ਟ੍ਰਿਬਿਊਨ ਭਵਨ ਸਥਿਤ ਮੇਰੇ ਦਫ਼ਤਰ ਵਿਚ ਆਏ। ਦੁਆ-ਸਲਾਮ ਮਗਰੋਂ ‘ਪਾਠਕਾਂ ਦੀ ਡਾਕ’ ਲਈ ਇਕ ਪੱਤਰ ਦੇ ਗਏ। ਛੋਟਾ ਜਿਹਾ, 75 ਕੁ ਸ਼ਬਦਾਂ ਦਾ ਪੱਤਰ। ਇਹ ਬੰਦਾ ਬਹਾਦਰ ਵਿਚ ਸਿੰਘ ਸ਼ਬਦ ਘੁਸੇੜੇ ਜਾਣ ਬਾਰੇ ਸੀ। ਅਸੀਂ ਇਸ ਨੂੰ ‘ਇਹ ਬੰਦਾ, ਸਿੰਘ ਕਿਵੇਂ ਹੋ ਗਿਆ’ ਸਿਰਲੇਖ ਨਾਲ ਡੱਬੀ ਵਿਚ ਛਾਪ ਦਿੱਤਾ। ਪੱਤਰ ਵਿਚ ਇਕੋ ਨੁਕਤਾ ਉਠਾਇਆ ਗਿਆ ਸੀ: ‘‘ਬੰਦਾ ਬਹਾਦਰ ਦਾ ਅੰਮ੍ਰਿਤਧਾਰੀ ਸਿੰਘ ਵਜੋਂ ਨਾਮ ਗੁਰਬਖ਼ਸ਼ ਸਿੰਘ ਸੀ, ਬੰਦਾ ਬਹਾਦਰ ਤਾਂ ਦਸਮ ਪਿਤਾ ਵੱਲੋਂ ਦਿੱਤੀ ਉਪਾਧੀ ਜਾਂ ਲੋਕ-ਜ਼ੁਬਾਨ ਵਿਚੋਂ ਉਪਜੀ ਅੱਲ੍ਹ ਸੀ। ਇਸ ਵਿਚ ‘ਸਿੰਘ’ ਸ਼ਬਦ ਘੁਸੇੜਨਾ ਕੀ ਜਾਇਜ਼ ਸੀ?’’ ਪੱਤਰ ਦੇ ਪ੍ਰਕਾਸ਼ਨ ਮਗਰੋਂ ਪ੍ਰਤੀਕਰਮਾਂ ਦੀ ਕਤਾਰ ਲੱਗਣੀ ਸ਼ੁਰੂ ਹੋ ਗਈ। ਅਸੀਂ ਦੋ ਵਾਰ ਹਫ਼ਤਾਵਾਰੀ ‘ਖੁੱਲ੍ਹਾ ਪੰਨਾ’ ਇਨ੍ਹਾਂ ਪ੍ਰਤੀਕਰਮਾਂ ਨੂੰ ਸਮਰਪਿਤ ਕੀਤਾ, ਪਰ ਮਜ਼ਮੂਨਾਂ ਦੇ ਢੇਰ ਆਉਣੇ ਜਾਰੀ ਰਹੇ। ਜ਼ਿਆਦਾ ਲਮਕ ਜਾਣ ਕਾਰਨ ਸਾਨੂੰ ਇਹ ਬਹਿਸ ਅੱਧੀ-ਅਧੂਰੀ ਸਮਾਪਤ ਕਰਨੀ ਪਈ। ਪਰ ਰਤਨ ਹੁਰਾਂ ਦਾ ਮਕਸਦ ਪੂਰਾ ਹੋ ਗਿਆ: ਇਕ ਨਿੱਕੇ ਜਹੇ ਨੁਕਤੇ ਰਾਹੀਂ ਉਹ ਲੰਮੇ ਵਿਚਾਰਧਾਰਕ ਬਹਿਸ-ਮੁਬਾਹਿਸੇ ਦੀ ਬੁਨਿਆਦ ਰੱਖਣ ਵਿਚ ਕਾਮਯਾਬ ਹੋ ਗਏ।
ਦੂਜੀ ਵਾਰ ਉਹ ਆਪਣੀਆਂ ਯਾਦਾਂ ਦੇ ਕਿਤਾਬੀ ਸਿਲਸਿਲੇ ‘ਕਤਰਨ ਕਤਰਨ ਯਾਦਾਂ’ ਦੀ ਪਹਿਲੀ ਜਿਲਦ ਸਾਨੂੰ ਸੌਂਪਣ ਲਈ ਸਾਡੇ ਦਫ਼ਤਰ ਆਏ। ਮੈਨੂੰ ਆਪਣੇ ਹਫ਼ਤਾਵਾਰੀ ਕਾਲਮ ‘ਸ਼ਬਦ ਸੰਚਾਰ’ ਵਾਸਤੇ ਵਿਸ਼ੇ ਦੀ ਤਲਾਸ਼ ਸੀ। ਇਸ ਕਿਤਾਬ ਉੱਤੇ ਸਰਸਰੀ ਨਜ਼ਰ ਮਾਰਦਿਆਂ ਮੇਰੀ ਤਲਾਸ਼ ਪੂਰੀ ਹੋ ਗਈ। ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਨਾਲ ਜੁੜਿਆ ਵਿਸ਼ਾ ਮੈਨੂੰ ਮਿਲ ਗਿਆ। ਪ੍ਰਸੰਗ ਰਤਨ ਹੁਰਾਂ ਦੇ ਵਿਦਿਆਰਥੀ ਕਾਲ ਵੇਲੇ ਦੇ ਇਕ ਪ੍ਰੋਫੈਸਰ ਦੀ ਪਹੁੰਚ ਬਾਰੇ ਸੀ। ਖ਼ੁਦ ਧਾਰਮਿਕ ਬਿਰਤੀ ਵਾਲਾ ਹੋਣ ਦੇ ਬਾਵਜੂਦ ਇਸ ਪ੍ਰੋਫੈਸਰ ਨੇ ਧਰਮ ਤੇ ਰੱਬ ਬਾਰੇ ਸ੍ਰੀ ਰਤਨ ਦੀ ਨਿਆਰੀ ਸੋਚ ਨੂੰ ਇਸ ਆਧਾਰ ’ਤੇ ਸਲਾਹਿਆ ਸੀ ਕਿ ਇਹ ਸੋਚ ਮੌਲਿਕ ਵੀ ਸੀ ਅਤੇ ਭੀੜ ਤੋਂ ਅਲੱਗ ਹੋ ਕੇ ਚੱਲਣ ਦੀ ਬਿਰਤੀ ਦਾ ਪ੍ਰਤੀਕ ਵੀ। ਮੇਰੇ ਕਾਲਮ ਦੇ ਛਪਣ ਮਗਰੋਂ ਮੈਨੂੰ ਘੱਟ ਤੇ ਸ੍ਰੀ ਰਤਨ ਨੂੰ ਚੰਗੇ-ਚੋਖੇ ਫੋਨ ਆਏ; ਵਧਾਈ ਵਾਲੇ ਫੋਨ। ਇਨ੍ਹਾਂ ਫੋਨਾਂ ਨੇ ਉਨ੍ਹਾਂ ਤੇ ਮੇਰੇ ਦਰਮਿਆਨ ਮੋਹ ਦਾ ਰਿਸ਼ਤਾ ਸਿਰਜ ਦਿੱਤਾ। ਉਸ ਕਿਤਾਬ ਬਾਰੇ ਹੋਇਆ ਸਮਾਗਮ ਸਾਡੀ ਤੀਜੀ ਮੁਲਾਕਾਤ ਦਾ ਸਬੱਬ ਬਣਿਆ।
ਸਾਲ 2021 ਵਿਚ ਜਦੋਂ ‘ਉਪਰੇਸ਼ਨ ਬਲਿਊ ਸਟਾਰ’ ਛਪੀ ਤਾਂ ਉਨ੍ਹਾਂ ਨੇ ਉਚੇਚੇ ਤੌਰ ’ਤੇ ਤਾਕੀਦ ਕੀਤੀ ਕਿ ਇਸ ਕਿਤਾਬ ਦੀ ਪਹਿਲੀ ਸਮੀਖਿਆ ਮੈਂ ਕਰਾਂ। ਭਾਰਤੀ ਤੇ ਸਿੱਖ ਇਤਿਹਾਸ ਦੇ ਤ੍ਰਾਸਦਿਕ ਅਧਿਆਇ ਦਾ ਅੱਖੀ-ਡਿੱਠਾ ਬਿਰਤਾਂਤ ਹੈ ਇਹ ਕਿਤਾਬ; ਹਵਾਲਾ ਪੁਸਤਕ ਵਜੋਂ ਸਦੀਆਂ ਲੰਬੀ ਅਉਧ ਵਾਲੀ। ਮੇਰੇ ਵੱਲੋਂ ਲਿਖੀ ਸਮੀਖਿਆ, ਵੱਡੇ ਮਜ਼ਮੂਨ ਦੀ ਸ਼ਕਲ ਵਿਚ ‘ਪੰਜਾਬੀ ਟ੍ਰਿਬਿਊਨ’ ਵਿਚ ਪ੍ਰਕਾਸ਼ਿਤ ਹੋਈ। ਇਸ ਦੀ ਤਾਰੀਫ਼ ਵੀ ਖ਼ੂਬ ਹੋਈ; ਵਿਚਾਰਵਾਨਾਂ ਤੇ ਸੁਹਿਰਦ ਪਾਠਕਾਂ ਵੱਲੋਂ ਵੀ ਅਤੇ ਸ੍ਰੀ ਰਤਨ ਤੇ ਉਨ੍ਹਾਂ ਦੇ ਪਰਿਵਾਰ-ਜਨਾਂ ਵੱਲੋਂ ਵੀ। ਕਿਤਾਬ ਦਾ ਵਿਮੋਚਨ ਸਮਾਰੋਹ ਪ੍ਰਭਾਵਸ਼ਾਲੀ ਰਿਹਾ। ਇਸ ਦੀ ਪ੍ਰਧਾਨਗੀ ਰਮੇਸ਼ ਇੰਦਰ ਸਿੰਘ ਆਈਏਐੱਸ ਨੇ ਕੀਤੀ ਜੋ ਸਾਕਾ ਨੀਲਾ ਤਾਰਾ ਵੇਲੇ ਅੰਮ੍ਰਿਤਸਰ ਦੇ ਡੀ.ਸੀ. ਵਜੋਂ ਸ੍ਰੀ ਰਤਨ ਦੇ ਮਾਤਾਹਿਤ ਅਤੇ ਬਾਅਦ ਵਿਚ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਰਹੇ।
ਇਨ੍ਹਾਂ ਛੋਟੀਆਂ ਪਰ ਭਾਵਪੂਰਤ ਚਾਰ ਮੁਲਾਕਾਤਾਂ ਨੇ ਜਿੱਥੇ ਮੈਨੂੰ ਸ੍ਰੀ ਰਤਨ ਦੀ ਵਿਦਵਤਾ ਤੇ ਸਾਦਗੀ ਦਾ ਪ੍ਰਸੰਸਕ ਬਣਾਇਆ, ਉੱਥੇ ਉਨ੍ਹਾਂ ਦੀ ਬੇਬਾਕ ਸੋਚ ਤੋਂ ਵੀ ਵਾਕਫ਼ ਕਰਵਾਇਆ। ਨਿਧੜਕ ਅਫ਼ਸਰ ਸਨ ਉਹ; ਪੂਰੇ ਲੋਕ-ਹਿਤੈਸ਼ੀ। ਸਰਕਾਰੀ ਨਿਯਮਾਂ ਦੀ ਪਾਬੰਦਗੀ ਦੇ ਪੈਰੋਕਾਰ ਹੋਣ ਦੇ ਬਾਵਜੂਦ ਲੋੜਵੰਦਾਂ ਤੇ ਗ਼ਰੀਬ-ਗੁਰਬਿਆਂ ਦੀ ਮਦਦ ਦਾ ਰਾਹ ਲੱਭਣ ਦੇ ਸਦੈਵ ਇੱਛਾਵਾਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੇ ਪੀ.ਟੀ.ਯੂ., ਜਲੰਧਰ ਦੇ ਕਾਰਜਕਾਰੀ ਵਾਈਸ ਚਾਂਸਲਰ ਰਹਿੰਦਿਆਂ ਉਨ੍ਹਾਂ ਨੇ ਦੋਵਾਂ ਯੂਨੀਵਰਸਿਟੀਆਂ ਅੰਦਰਲੇ ਵਿਵਾਦਾਂ ਨੂੰ ਪੂਰੀ ਦਾਨਿਸ਼ਮੰਦੀ ਨਾਲ ਸੁਲਝਾਇਆ। ਪੰਜਾਬੀ ਯੂਨੀਵਰਸਿਟੀ ਵਿਚ ਤਾਂ ਉਹ ਅੜ੍ਹਬਾਂ ਨੂੰ ਦਲੇਰਾਂ ਵਾਂਗ ਟੱਕਰੇ ਵੀ, ਪਰ ਇਨਸਾਨੀ ਸਰੋਕਾਰਾਂ ਦੀਆਂ ਸੀਮਾਵਾਂ ਵਿਚ ਰਹਿ ਕੇ। ਵੀ.ਸੀ. ਵਜੋਂ ਉਨ੍ਹਾਂ ਦਾ ਕਾਰਜਕਾਲ, ਸਿਆਹ ਸੁਰਖ਼ੀਆਂ ਤੋਂ ਕੋਰਾ ਰਿਹਾ, ਰਹਿਣਾ ਵੀ ਸੀ। ਉਹ ਧਰਤ ਨਾਲ ਇਸ ਤਰ੍ਹਾਂ ਜੁੜੇ ਹੋਏ ਸਨ ਕਿ ਸਮੱਸਿਆਵਾਂ ਸਮਝਣ ਲਈ ਉਨ੍ਹਾਂ ਨੂੰ ਸਲਾਹਕਾਰਾਂ ਦੇ ਹਜੂਮ ਦੀ ਲੋੜ ਨਹੀਂ ਸੀ ਪੈਂਦੀ; ਉਹ ਸਮੱਸਿਆਵਾਂ ਦਾ ਹੱਲ ਵੀ ਧਰਤ ’ਚੋਂ ਹੀ ਲੱਭ ਲੈਂਦੇ ਸਨ। ਅੰਗਰੇਜ਼ੀ ਉਹ ਬਾਖ਼ੂਬ ਲਿਖ ਲੈਂਦੇ ਸਨ, ਪਰ ਆਪਣੀਆਂ ਕਹਾਣੀਆਂ-ਕਵਿਤਾਵਾਂ ਤੇ ਹੋਰ ਲਿਖਤਾਂ ਦਾ ਮਾਧਿਅਮ ਉਨ੍ਹਾਂ ਨੇ ਆਪਣੀ ਮਾਂ-ਬੋਲੀ ਨੂੰ ਹੀ ਬਣਾਇਆ। ਫੋਕੀ ਵਡਿਆਈ ਤੋਂ ਉਹ ਪਰਹੇਜ਼ ਕਰਦੇ ਸਨ, ਪਰ ਸਾਡੇ ਸਮਾਜ, ਸਾਡੀ ਅਫ਼ਸਰਸਾਹੀ ਅਤੇ ਸਾਡੇ ਬੌਧਿਕ ਜਗਤ ਨੂੰ ਉਨ੍ਹਾਂ ਦੀ ਜੋ ਦੇਣ ਰਹੀ, ਉਸ ਨੂੰ ਵਡਿਆਉਣ ਵਿਚ ਕੋਈ ਹਰਜ਼ ਵੀ ਨਜ਼ਰ ਨਹੀਂ ਆਉਂਦਾ। ਆਖ਼ਰੀ ਸਾਹ ਉਨ੍ਹਾਂ ਨੇ ਭਾਵੇਂ 80 ਵਰ੍ਹਿਆਂ ਦੀ ਉਮਰ ਵਿਚ 13 ਨਵੰਬਰ ਨੂੰ ਲਏ, ਪਰ ਉਨ੍ਹਾਂ ਵਰਗੇ ਦਾਨਿਸ਼ਵਰ ਤੇ ਸੇਧਗਾਰ ਦਾ ਸਦਾ ਲਈ ਤੁਰ ਜਾਣਾ ਖ਼ਲਾਅ ਤਾਂ ਪੈਦਾ ਕਰਦਾ ਹੀ ਹੈ। ਕਿਸੇ ਵੀ ਤਰ੍ਹਾਂ ਛੋਟਾ ਨਹੀਂ ਹੈ ਇਹ ਖ਼ਲਾਅ।
ਸੰਪਰਕ: 98555-01488

Advertisement

Advertisement
Author Image

Advertisement