For the best experience, open
https://m.punjabitribuneonline.com
on your mobile browser.
Advertisement

ਗ਼ਦਰੀ ਪਿਆਰਾ ਸਿੰਘ ਲੰਗੇਰੀ ਨੂੰ ਯਾਦ ਕਰਦਿਆਂ

06:50 AM Jan 20, 2024 IST
ਗ਼ਦਰੀ ਪਿਆਰਾ ਸਿੰਘ ਲੰਗੇਰੀ ਨੂੰ ਯਾਦ ਕਰਦਿਆਂ
Advertisement

ਅਵਤਾਰ ਲੰਗੇਰੀ
ਦੁਆਬੇ ਦੀ ਧਰਤੀ ’ਤੇ ਤਹਿਸੀਲ ਗੜ੍ਹਸ਼ੰਕਰ ਦਾ ਛੋਟਾ ਜਿਹਾ ਇਤਿਹਾਸਕ ਪਿੰਡ ਲੰਗੇਰੀ ਜਿਸ ਦੇ ਲੋਕਾਂ ਨੇ ਹਮੇਸ਼ਾ ਅਗਾਂਹ ਵਧੂ ਸਿਆਸਤ ਵਿਚ ਹਿੱਸਾ ਲਿਆ। ਦੇਸ਼ ਦੀ ਆਜ਼ਾਦੀ ਅਤੇ ਬਰਾਬਰੀ ਦੀ ਜੰਗ ਵਿਚ ਕੁਰਬਾਨੀਆਂ ਕਰਨ ਵਾਲੇ ਬਹੁਤ ਸਾਰੇ ਯੋਧਿਆਂ ਨੇ ਇਸ ਪਿੰਡ ਵਿਚ ਜਨਮ ਲਿਆ ਜਿਨ੍ਹਾਂ ਵਿਚੋਂ ਇਕ ਸੂਰਬੀਰ ਦਾ ਨਾਮ ਭਾਈ ਪਿਆਰਾ ਸਿੰਘ ਲੰਗੇਰੀ ਸੀ ਜਿਨ੍ਹਾਂ 15 ਜਨਵਰੀ 1881 ਨੂੰ ਲੱਖਾ ਸਿੰਘ ਦੇ ਘਰ, ਕਿਰਤੀ ਪਰਿਵਾਰ ਵਿਚ ਜਨਮ ਲਿਆ। ਘਰ ਦੀ ਤੰਗੀ ਕਾਰਨ 1902 ਵਿਚ ਉਹ ਫੌਜ ਵਿਚ ਭਰਤੀ ਹੋ ਗਏ ਪਰ ਆਜ਼ਾਦ ਬਿਰਤੀ ਦੇ ਇਸ ਯੋਧੇ ਨੇ 4 ਸਾਲ ਦੀ ਨੌਕਰੀ ਤੋਂ ਬਾਅਦ ਅੰਗਰੇਜ਼ ਸਰਕਾਰ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ।
ਘਰ ਦਾ ਤੋਰਾ ਤੋਰਨ ਅਤੇ ਆਪਣੀ ਆਜ਼ਾਦ ਸੋਚ ਨੂੰ ਆਜ਼ਾਦੀ ਦਾ ਜਾਮਾ ਪਹਿਨਾਉਣ ਹਿੱਤ ਉਹ 1906 ਵਿਚ ਕਲਕੱਤਿਉਂ ਜਹਾਜ਼ ਫੜ ਹਾਂਗਕਾਂਗ, ਸ਼ੰਘਈ ਹੁੰਦੇ ਹੋਏ ਕੈਲੀਫੋਰਨੀਆ (ਅਮਰੀਕਾ) ਦੇ ਸ਼ਹਿਰ ਸਾਨ ਫਰਾਂਸਿਸਕੋ ਜਾ ਪਹੁੰਚੇ। 1908 ਵਿਚ ਉਹ ਅਮਰੀਕਾ ਤੋਂ ਵੈਨਕੂਵਰ (ਕੈਨੇਡਾ) ਪੁੱਜ ਗਏ। ਇੱਥੇ ਉਨ੍ਹਾਂ ਨੂੰ ਗੁਰੂ ਨਾਨਕ ਮਾਈਨਿੰਗ ਐਂਡ ਟਰਸਟ ਕੰਪਨੀ ਦਾ ਮੈਨੇਜਿੰਗ ਡਾਇਰੈਕਟਰ ਬਣਾਇਆ ਗਿਆ। ਉਹ 1912 ਵਿਚ ਬਣੇ ਵਿਕਟੋਰੀਆ ਗੁਰਦੁਆਰੇ ਦੇ ਗ੍ਰੰਥੀ ਨਿਯੁਕਤ ਹੋਏ। ਇਸ ਸਮੇਂ ਦੌਰਾਨ ਉਹ ਵਿਲੱਖਣ ਸ਼ਖ਼ਸੀਅਤ ਦੇ ਤੌਰ ’ਤੇ ਉਭਰ ਚੁੱਕੇ ਸਨ। 1912 ਵਿਚ ਕਰਤਾਰ ਸਿੰਘ ਹੁੰਦਲ ਤੇ ਡਾਕਟਰ ਸੁੰਦਰ ਸਿੰਘ ਨਾਲ ਮਿਲ ਕੇ ਪ੍ਰੈੱਸ ਲਗਾਈ ਅਤੇ ਅੰਗਰੇਜ਼ੀ ਪੰਦਰਵਾੜਾ ਅਖਬਾਰ ‘ਸੰਸਾਰ’ ਕੱਢਿਆ। ਇਹ ਅਖ਼ਬਾਰ ਦੁਨੀਆ ਅੰਦਰ ਰਹਿ ਰਹੇ ਹਿੰਦੋਸਤਾਨੀਆਂ ਦੇ ਦੁੱਖਾਂ-ਦਰਦਾਂ ਨੂੰ ਬਿਆਨ ਕਰਦਾ ਅਤੇ ਉਨ੍ਹਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਾਉਂਦਾ। ਇਸ ਰਾਹੀਂ ਵਿੱਦਿਆ ਪ੍ਰਾਪਤੀ ’ਤੇ ਜ਼ੋਰ ਦਿੱਤਾ ਜਾਂਦਾ ਤਾਂ ਜੋ ਹਿੰਦੋਸਤਾਨ ਦੇ ਲੋਕ ਪੜ੍ਹ-ਲਿਖ ਕੇ ਗੋਰੇ ਦੀਆਂ ਚਾਲਾਂ ਨੂੰ ਸਮਝਣ ਅਤੇ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜ ਸੁੱਟਣ। 23 ਮਈ 1914 ਨੂੰ ਭਾਈ ਪਿਆਰਾ ਸਿੰਘ ਨੇ ਕਾਮਾਗਾਟਾ ਮਾਰੂ ਜਹਾਜ਼ ਦੇ ਵੈਨਕੂਵਰ ਪੁੱਜਣ ਵਾਲੇ ਦਿਨ ਗ਼ਦਰੀ ਲੀਡਰ ਹਰਨਾਮ ਸਿੰਘ ਸਾਹਰੀ, ਮਿੱਤ ਸਿੰਘ ਪੰਡੋਰੀ, ਹਰੀ ਸਿੰਘ ਚੋਟੀਆਂ ਅਤੇ ਬਲਵੰਤ ਸਿੰਘ ਖੁਰਦਪੁਰ ਨਾਲ ਮਿਲ ਕੇ ਜਹਾਜ਼ ’ਤੇ ਜਾਣ ਦੀ ਕੋਸਿ਼ਸ਼ ਕੀਤੀ ਅਤੇ ਜਹਾਜ਼ ਦਾ ਘੋਲ ਲੜਨ ਲਈ ਪੈਸੇ ਇਕੱਠੇ ਕਰ ਕੇ ਮੁਸਾਫਿ਼ਰਾਂ ਨੂੰ ਰਾਸ਼ਨ ਪਹੁੰਚਦਾ ਕੀਤਾ। ਜੂਨ 1914 ਵਿਚ ਆਪ ਵੀ ਟੋਰਾਂਟੋ ਚਲੇ ਗਏ।
ਪਹਿਲਾ ਸੰਸਾਰ ਯੁੱਧ ਸ਼ੁਰੂ ਹੋਣ ’ਤੇ ਭਾਈ ਪਿਆਰਾ ਸਿੰਘ ਫਿਰ ਟੋਰਾਂਟੋ ਤੋਂ ਸਾਨ ਫਰਾਂਸਿਸਕੋ ਪਹੁੰਚ ਗਏ। ਇੱਥੋਂ ਉਨ੍ਹਾਂ ਵਤਨ ਵਾਪਸੀ ਲਈ ਆਪਣੇ ਸਾਥੀ ਪਿਰਥੀ ਸਿੰਘ, ਜਗਤ ਰਾਮ, ਕੇਸਰ ਸਿੰਘ, ਊਧਮ ਸਿੰਘ, ਜਵਾਲਾ ਸਿੰਘ, ਨਿਧਾਨ ਸਿੰਘ, ਅਰੂੜ ਸਿੰਘ, ਅਮਰ ਸਿੰਘ ਅਤੇ ਨਵਾਬ ਖਾਨ ਨਾਲ ਹਾਂਗਕਾਂਗ ਲਈ ਜਹਾਜ਼ ਫੜਿਆ। ਜਪਾਨ ਦੀ ਬੰਦਰਗਾਹ ਨਾਗਾਸਾਕੀ ਪੁੱਜਣ ’ਤੇ ਗਦਰੀ ਲੀਡਰ ਭਾਈ ਜਵਾਲਾ ਸਿੰਘ ਠੱਠੀਆਂ, ਭਾਈ ਕੇਸਰ ਸਿੰਘ ਠੱਠਗੜ੍ਹ ਦੀਆਂ ਹਦਾਇਤਾਂ ਅਨੁਸਾਰ ਉਹ ਆਪਣੇ ਸਾਥੀ ਨਿਧਾਨ ਸਿੰਘ ਚੁੱਘਾ ਅਤੇ ਇੰਦਰ ਸਿੰਘ ਸੁਰਸਿੰਘ ਸਮੇਤ ਜਹਾਜ਼ ਵਿਚੋਂ ਉੱਤਰ ਗਏ। ਗਦਰੀ ਲੀਡਰਾਂ ਦਾ ਹੁਕਮ ਸੀ ਕਿ ਭਾਈ ਪਿਆਰਾ ਸਿੰਘ ਹੁਰੀਂ ਸ਼ੰਘਈ ਜਾਣ ਅਤੇ ਉਥੋਂ ਬੰਦੇ ਤੇ ਪੈਸੇ ਲੈ ਕੇ ਆਉਣ। ਇਨ੍ਹਾਂ ਦੇ ਉੱਥੇ ਜਾਣ ਨਾਲ ਗ਼ਦਰ ਪਾਰਟੀ ਦੀ ਸ਼ੰਘਈ ਬ੍ਰਾਂਚ ਬੜੀ ਸਰਗਰਮ ਹੋ ਗਈ। ਉਨ੍ਹਾਂ ਦੀ ਪ੍ਰੇਰਨਾ ਨਾਲ ਉਥੋਂ ਬਹੁਤ ਸਾਰੇ ਗਦਰੀ ਦੇਸ਼ ਜਾਣ ਲਈ ਤਿਆਰ ਹੋ ਗਏ।
15 ਅਕਤੂਬਰ 1914 ਨੂੰ ਭਾਈ ਪਿਆਰਾ ਸਿੰਘ ਨਾਮ ਬਦਲ ਕੇ ਕਰਮ ਸਿੰਘ ਦੇ ਨਾਂ ਹੇਠਾਂ ਕਲਕੱਤੇ ਪੁੱਜ ਗਏ ਪਰ ਪੁਲੀਸ ਨੂੰ ਇਸ ਕਾਰਵਾਈ ਦਾ ਪਤਾ ਲੱਗ ਗਿਆ ਕਿ ਇਹ ਉਹੀ ਪਿਆਰਾ ਸਿੰਘ ਹੈ ਜਿਸ ਦੇ ਖ਼ਤਰਨਾਕ ਹੋਣ ਦੀਆਂ ਰਿਪੋਰਟਾਂ ਵੈਨਕੂਵਰ ਤੋਂ ਭਾਰਤ ਪੁੱਜੀਆਂ ਸਨ। ਪੁਲੀਸ ਨੇ ਗ੍ਰਿਫ਼ਤਾਰੀ ਲਈ ਪਿੰਡ ਛਾਪਾ ਮਾਰਿਆ ਪਰ ਉਹ ਹੱਥ ਨਹੀਂ ਆਏ। ਉਹ ਰੂਪੋਸ਼ ਹੋ ਗਏ ਅਤੇ ਜਵੰਦ ਸਿੰਘ ਨੰਗਲ ਕਲਾਂ ਜੋ ਵੈਨਕੂਵਰ ਤੋਂ ਪਾਰਟੀ ਦੇ ਹੁਕਮਾਂ ਅਨੁਸਾਰ ਭਾਰਤ ਪਰਤੇ ਸਨ, ਨਾਲ ਮਿਲ ਕੇ ਹਕੂਮਤ ਖਿ਼ਲਾਫ਼ ਪਿੰਡਾਂ ਵਿਚ ਪ੍ਰਚਾਰ ਕਰਨ ਲੱਗੇ। ਗਦਰ ਪਾਰਟੀ ਦੀਆਂ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਨੇ ਬੰਨੂ-ਕੋਹਾਟ ਜਾ ਕੇ ਫੌਜ ਵਿਚ ਧੂੰਆਂਧਾਰ ਪ੍ਰਚਾਰ ਕੀਤਾ। ਸਰਕਾਰ ਦੇ ਝੋਲੀ ਚੁੱਕਾਂ ਦੀ ਸੂਹ ਕਰ ਕੇ ਗ਼ਦਰ ਤਾਂ ਭਾਵੇਂ ਫੇਲ੍ਹ ਹੋ ਗਿਆ ਪਰ ਦੇਸ਼ ਭਗਤਾਂ ਅਤੇ ਆਜ਼ਾਦੀ ਘੁਲਾਟੀਆਂ ਦੇ ਮਨਾਂ ਅੰਦਰ ਅੰਗਰੇਜ਼ੀ ਹਕੂਮਤ ਦੇ ਖਿਲਾਫ ਗੁੱਸੇ ਦੀ ਲਹਿਰ ਹੋਰ ਪ੍ਰਚੰਡ ਹੋ ਗਈ। ਬਹੁਤ ਸਾਰੇ ਗ਼ਦਰੀ ਫੜੇ ਗਏ। 12 ਅਪਰੈਲ 1915 ਨੂੰ ਆਪ ਜੀ ਨੰਗਲ ਕਲਾਂ ਦੇ ਜ਼ੈਲਦਾਰ ਚੰਦਾ ਸਿੰਘ ਦੀ ਮੁਖਬਰੀ ’ਤੇ ਗ੍ਰਿਫਤਾਰ ਕਰ ਲਿਆ ਗਿਆ। ਉਸ ਵਕਤ ਉਹ ਬਿੰਜੋ ਪਿੰਡ ਵਿਚ ਸੰਤ ਦੀ ਕੁਟੀਆ ਵਿਚ ਠਹਿਰੇ ਹੋਏ ਸਨ। ਪੁਲੀਸ ਨੇ ਛਾਪਾ ਮਾਰਿਆ ਤਾਂ ਉਹ ਸੈਲੇ ਵੱਲ ਦੌੜੇ ਤਾਂ ਜੋ ਜੰਗਲ ਵਿਚੋਂ ਹੋ ਕੇ ਜੇਜੋਂ ਦੇ ਪਹਾੜਾਂ ’ਤੇ ਜਾ ਚੜ੍ਹਨ ਪਰ ਪੁਲੀਸ ਦੀ ਧਾੜ ‘ਚੋਰ ਚੋਰ’ ਦਾ ਰੌਲਾ ਪਾਉਂਦੀ ਉਨ੍ਹਾਂ ਮਗਰ ਵਹੀਰਾਂ ਘੱਤੀ ਆ ਰਹੀ ਸੀ। ਰੌਲ਼ਾ ਸੁਣ ਕੇ ਸੈਲੇ ਅਤੇ ਨਰਿਆਲਾ ਪਿੰਡਾਂ ਦੇ ਲੋਕਾਂ ਨੇ ਪਿਆਰਾ ਸਿੰਘ ਨੂੰ ਘੇਰ ਲਿਆ। ਲੋਕਾਂ ਦੇ ਟਕਰਾਅ ਵਿਚ ਉਨ੍ਹਾਂ ਦੇ ਟਕੂਏ ਦਾ ਦਸਤਾ ਟੁੱਟ ਗਿਆ। ਲੋਕਾਂ ਨੇ ਉਨ੍ਹਾਂ ਨੂੰ ਢਾਹ ਲਿਆ, ਇੰਨੇ ਨੂੰ ਪੁਲੀਸ ਵੀ ਆ ਪਹੁੰਚੀ। ਪੁਲੀਸ ਨੇ ਅੰਨ੍ਹਾ ਤਸ਼ੱਦਦ ਕੀਤਾ ਜਿਸ ਕਾਰਨ ਉਨ੍ਹਾਂ ਦੀ ਗਿੱਟੇ ਦੀ ਹੱਡੀ ਟੁੱਟ ਗਈ। ਪੁਲੀਸ ਉਨ੍ਹਾਂ ਨੂੰ ਮਾਹਿਲਪੁਰ ਥਾਣੇ ਲੈ ਗਈ।
25 ਅਪਰੈਲ 1915 ਨੂੰ ਭਾਈ ਪਿਆਰਾ ਸਿੰਘ ਨੂੰ ਲਾਹੌਰ ਭੇਜਿਆ ਗਿਆ ਪਰ ਉਨ੍ਹਾਂ ਦੇ ਲਾਹੌਰ ਪਹੁੰਚਣ ਤੋਂ ਪਹਿਲਾਂ ਹੀ ਵੈਨਕੂਵਰ ਗਏ ਗਦਰੀ ਈਸ਼ਰ ਸਿੰਘ ਢੁੱਡੀਕੇ ਅਤੇ ਜਵੰਦ ਸਿੰਘ ਨੰਗਲ ਕਲਾਂ ਨੇ ਜ਼ੈਲਦਾਰ ਚੰਦਾ ਸਿੰਘ ’ਤੇ ਧਾਵਾ ਬੋਲ ਦਿੱਤਾ। ਭਾਈ ਪਿਆਰਾ ਸਿੰਘ ਨੂੰ ਲਾਹੌਰ ਸਾਜਿ਼ਸ਼ ਕੇਸ ਵਿਚ ਸ਼ਾਮਲ ਕਰ ਲਿਆ ਗਿਆ। 13 ਸਤੰਬਰ 1915 ਨੂੰ ਇਸ ਕੇਸ ਦਾ ਫੈਸਲਾ ਸੁਣਾਇਆ ਗਿਆ ਜਿਸ ਵਿਚ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਸ ਕੇਸ ਵਿਚ ਸਜ਼ਾ ਪਾ ਚੁੱਕੇ ਪਿਆਰਾ ਸਿੰਘ ਲੰਗੇਰੀ, ਜਵਾਲਾ ਸਿੰਘ ਠੱਠੀਆਂ, ਇੰਦਰ ਸਿੰਘ ਗ੍ਰੰਥੀ, ਰੋਡਾ ਸਿੰਘ ਅਤੇ ਰਾਸ ਬਿਹਾਰੀ ਬੋਸ ਦੇ ਸਹਾਇਕ ਜਮਨਾ ਦਾਸ ਨੂੰ ਨਵੰਬਰ 1915 ਵਿਚ ਰਾਵਲ ਪਿੰਡੀ ਸੈਂਟਰਲ ਜੇਲ੍ਹ ਵਿਚ ਭੇਜ ਦਿੱਤਾ ਗਿਆ ਜਿੱਥੇ ਉਨ੍ਹਾਂ ਨੂੰ ਉਦੋਂ ਤੱਕ ਉਥੇ ਰੱਖਿਆ ਜਾਣਾ ਸੀ ਜਦੋਂ ਤੱਕ ਅੰਡੇਮਾਨ ਜੇਲ੍ਹ ਭੇਜਣ ਦਾ ਪ੍ਰਬੰਧ ਨਹੀਂ ਸੀ ਹੋ ਜਾਂਦਾ। ਜੇਲ੍ਹ ਦਾ ਗੋਰਾ ਸੁਪਰਡੈਂਟ ਬਹੁਤ ਤਸ਼ੱਦਦ ਕਰਦਾ ਸੀ, ਤੰਗ ਆਏ ਗ਼ਦਰੀਆਂ ਨੇ ਜੇਲ੍ਹ ਤੋੜ ਕੇ ਭੱਜਣ ਦਾ ਪ੍ਰੋਗਰਾਮ ਬਣਾਇਆ। ਭਾਈ ਪਿਆਰਾ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਜੇਲ੍ਹ ਦੇ ਚਾਰ ਵਾਰਡਰ ਗੰਢ ਲਏ ਅਤੇ ਬੰਬ ਬਣਾਉਣ ਵਾਲਾ ਮਸਾਲਾ ਇਕੱਠਾ ਕਰ ਲਿਆ। ਯੋਜਨਾ ਮੁਤਾਬਕ 8 ਦਸੰਬਰ 2015 ਨੂੰ ਹਮਲਾ ਕਰ ਕੇ ਜੇਲ੍ਹ ਸੁਪਰਡੈਂਟ ਅਤੇ ਦੂਜੇ ਅਧਿਕਾਰੀਆਂ ਦਾ ਕਤਲ ਕਰ ਕੇ ਹਥਿਆਰ ਲੁੱਟਣੇ ਸਨ ਅਤੇ ਜੇਲ੍ਹ ਤੋੜ ਕੇ ਭੱਜ ਜਾਣਾ ਸੀ ਪਰ ਇਸ ਦੀ ਸੂਹ ਜੇਲ੍ਹ ਅਧਿਕਾਰੀਆਂ ਨੂੰ ਮਿਲ ਗਈ ਹੈ। 6 ਦਸੰਬਰ ਨੂੰ ਉਨ੍ਹਾਂ ਦੇ ਸੈੱਲ ਦੀ ਤਲਾਸ਼ੀ ਲਈ ਤਾਂ ਸਲਫਰ, ਪੋਟਾਸ਼, ਨਾਈਟ੍ਰਿਕ ਐਸਿਡ ਅਤੇ ਲੋਹੇ ਦੇ ਕਿੱਲਾਂ ਦਾ ਬਕਸਾ ਬਰਾਮਦ ਹੋਇਆ। ਇਸ ਤੋਂ ਤੁਰੰਤ  ਬਾਅਦ ਇਨ੍ਹਾਂ ਸਾਰਿਆਂ ਨੂੰ ਅੰਡੇਮਾਨ ਜੇਲ੍ਹ ਭੇਜ ਦਿੱਤਾ ਅਤੇ ਵਾਰਡਰਾਂ ਉੱਪਰ ਮੁਕੱਦਮਾ ਚਲਾਇਆ। ਤਿੰਨ ਵਾਰਡਰਾਂ ਨੂੰ ਪੰਜ ਪੰਜ ਸਾਲ ਦੀ ਸਜ਼ਾ ਸੁਣਾਈ ਅਤੇ ਚੌਥੇ ਨੂੰ ਬਰੀ ਕਰ ਦਿੱਤਾ।
ਅੰਡੇਮਾਨ ਜੇਲ੍ਹ ਵਿਚ ਭਾਈ ਪਿਆਰਾ ਸਿੰਘ ਨੇ ਸਵਾ ਚਾਰ ਸਾਲ ਜੇਲ੍ਹ ਕੱਟੀ। ਮਾਰਚ 1920 ਦੀ ਜਨਰਲ ਅਮਨੈਸਟੀ ਅਧੀਨ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਉਹ ਪੰਜਾਬ ਆ ਕੇ ਅਕਾਲੀ ਲਹਿਰ ਨਾਲ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਲੀਗ ਦੇ ਮੈਂਬਰ ਨਾਮਜ਼ਦ ਕੀਤਾ ਗਿਆ। ਪਿੰਡ ਦੇ ਦੇਸ਼ ਭਗਤਾਂ ਬਾਬੂ ਦਇਆ ਸਿੰਘ, ਗਿਆਨੀ ਮਿਹਰ ਸਿੰਘ, ਕਾਮਰੇਡ ਮੱਖਣ ਸਿੰਘ ਨੇ ਉਨ੍ਹਾਂ ਨੂੰ ਪੂਰਨ ਸਹਿਯੋਗ ਦਿੱਤਾ। ਉਨ੍ਹਾਂ ਦਾ ਕੈਨੇਡਾ ਅਤੇ ਅਮਰੀਕਾ ਵਿਚ ਰਹਿ ਰਹੇ ਗ਼ਦਰੀਆਂ ਨਾਲ ਵੀ ਬਰਾਬਰ ਸੰਪਰਕ ਰਿਹਾ। ਨਵੰਬਰ 1921 ਵਿਚ ਉਹ ਅਮੈਰਿਕਨ ਕੈਨੇਡੀਅਨ ਸੁਸਾਇਟੀ ਦੇ ਪ੍ਰਧਾਨ ਚੁਣੇ ਗਏ। ਇਸ ਸੁਸਾਇਟੀ ਦਾ ਮੁੱਖ ਮੰਤਵ ਦੁਆਬੇ ਵਿਚ ਵੱਧ ਤੋਂ ਵੱਧ ਸਕੂਲ ਖੋਲ੍ਹਣੇ ਅਤੇ ਗ਼ਦਰ ਦੀਆਂ ਪੈੜਾਂ ’ਤੇ ਇਨਕਲਾਬੀ ਅਖ਼ਬਾਰ ਸ਼ੁਰੂ ਕਰਨਾ ਸੀ। ਇਸੇ ਸੋਚ ਤਹਿਤ ਪ੍ਰਦੇਸੀ ਖ਼ਾਲਸਾ ਅਖਬਾਰ ਸ਼ੁਰੂ ਕੀਤਾ ਗਿਆ। 1923 ਵਿਚ ਜੈਤੋ ਮੋਰਚੇ ਵਿਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਹ 25 ਜਨਵਰੀ 1926 ਨੂੰ ਜੇਲ੍ਹ ਤੋਂ ਬਾਹਰ ਆ ਗਏ। ਜੇਲ੍ਹ ਤੋਂ ਬਾਹਰ ਆ ਕੇ ਵੀ ਉਨ੍ਹਾਂ ਫਿਰ ਸਰਗਰਮੀ ਤੇਜ਼ ਕਰ ਲਈ। ਫਿਰ 1928 ਆਪਣੇ ਜਿਗਰੀ ਦੋਸਤ ਬਾਬੂ ਕਪੂਰ ਸਿੰਘ ਨਾਲ ਮੁੜ ਕੈਨੇਡਾ ਪਹੁੰਚ ਗਏ। ਉਹ 25 ਜੁਲਾਈ 1930 ਨੂੰ ਕਲਕੱਤਾ ਪੁੱਜੇ। ਜੂਨ 1936 ਵਿਚ ਮਾਹਿਲਪੁਰ ਦੀ ਰਾਜਸੀ ਕਾਨਫਰੰਸ ਕਮਿਊਨਿਸਟਾਂ, ਕਾਂਗਰਸੀਆਂ ਅਤੇ ਅਕਾਲੀਆਂ ਨੇ ਮਿਲ ਕੇ ਕੀਤੀ ਜਿਸ ਵਿਚ ਪੰਡਤ ਜਵਾਹਰਲਾਲ ਨਹਿਰੂ ਮੁੱਖ ਬੁਲਾਰੇ ਦੇ ਤੌਰ ’ਤੇ ਪਹੁੰਚੇ। ਇਸ ਕਾਨਫਰੰਸ ਦਾ ਮੁਕੰਮਲ ਪ੍ਰਬੰਧ ਆਪ ਜੀ ਦੀ ਅਗਵਾਈ ਵਿਚ ਬਾਬੂ ਦਇਆ ਸਿੰਘ ਲੰਗੇਰੀ, ਅਰਜਨ ਸਿੰਘ ਸੱਚ ਖੜੌਦੀ, ਜਥੇਦਾਰ ਵਤਨ ਸਿੰਘ, ਦਸੌਂਧਾ ਸਿੰਘ ਢਾਡਾ, ਬਾਬੂ ਗੁਰਬਖ਼ਸ਼ ਸਿੰਘ ਮਾਹਿਲਪੁਰ, ਜਥੇਦਾਰ ਮੂਲਾ ਸਿੰਘ ਬਾਹੋਵਾਲ ਅਤੇ ਹਰਜਾਪ ਸਿੰਘ ਮਾਹਿਲਪੁਰ ਵਰਗੇ ਆਗੂਆਂ ਨੇ ਮਿਲ ਕੇ ਕੀਤਾ। ਉਹ 1946 ਦੀਆਂ ਸੂਬਾਈ ਚੋਣਾਂ ਵਿਚ ਮਾਹਿਲਪੁਰ ਹਲਕੇ ਤੋਂ ਅਕਾਲੀ ਪਾਰਟੀ ਦੇ ਐੱਮਐੱਲਏ ਚੁਣੇ ਗਏ।
ਭਾਈ ਪਿਆਰਾ ਸਿੰਘ ਨੇ ਵਿਆਹ ਨਾ ਕਰਵਾ ਕੇ ਸਾਰੀ ਉਮਰ ਲੋਕ ਪੱਖੀ ਮਿਸ਼ਨ ’ਤੇ ਲਾਈ। ਆਜ਼ਾਦੀ ਤੋਂ ਬਾਅਦ ਉਹ ਸਿਆਸਤ ਵਿਚ ਬਹੁਤਾ ਸਰਗਰਮ ਨਾ ਰਹੇ। ਇਸ ਗਦਰੀ ਯੋਧੇ ਨੇ 18 ਸਤੰਬਰ 1971 ਨੂੰ ਪਿੰਡ ਪਨਾਮ (ਤਹਿਸੀਲ ਗੜ੍ਹਸ਼ੰਕਰ, ਜਿ਼ਲ੍ਹਾ ਹੁਸਿ਼ਆਰਪੁਰ) ਵਿਚ ਆਖਰੀ ਸਾਹ ਲਏ। ਉਨ੍ਹਾਂ ਦੀਆਂ ਕੁਰਬਾਨੀਆਂ ਸਦਾ ਸਾਡਾ ਰਾਹ ਰੁਸ਼ਨਾਉਂਦੀਆਂ ਰਹਿਣਗੀਆਂ।
ਸੰਪਰਕ: 94632-60181

Advertisement

Advertisement
Advertisement
Author Image

Advertisement