For the best experience, open
https://m.punjabitribuneonline.com
on your mobile browser.
Advertisement

ਚੀ ਗਵੇਰਾ ਦੇ ਭਾਰਤ ਦੌਰੇ ਨੂੰ ਚੇਤੇ ਕਰਦਿਆਂ...

06:57 AM Jul 28, 2024 IST
ਚੀ ਗਵੇਰਾ ਦੇ ਭਾਰਤ ਦੌਰੇ ਨੂੰ ਚੇਤੇ ਕਰਦਿਆਂ
Advertisement
ਚਮਨ ਲਾਲ

ਫੀਦਲ ਕਾਸਤਰੋ ਦੀ ਅਗਵਾਈ ਹੇਠ ਪਹਿਲੀ ਜਨਵਰੀ 1959 ਨੂੰ ਹੋਏ ਕਿਊਬਾ ਇਨਕਲਾਬ ਨੂੰ ਦੁਨੀਆ ਦੇ ਇਤਿਹਾਸ ਵਿੱਚ ਇੱਕ ਨਾਯਾਬ ਇਨਕਲਾਬ ਵਜੋਂ ਯਾਦ ਕੀਤਾ ਜਾਂਦਾ ਹੈ ਜਦੋਂ ਸਿਰਫ਼ 82 ਸਿਰਲੱਥ ਇਨਕਲਾਬੀ ਮੈਕਸਿਕੋ ਤੋਂ ਗ੍ਰਾਨਮਾ ਨਾਂ ਦੇ ਸਮੁੰਦਰੀ ਜਹਾਜ਼ ’ਤੇ ਸਵਾਰ ਹੋ ਕੇ ਦਸੰਬਰ 1956 ਨੂੰ ਨਿਕਲੇ ਸਨ ਅਤੇ ਉਨ੍ਹਾਂ ਕਿਊਬਾ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਮਦਦ ਨਾਲ ਉਸ ਦੇਸ਼ ਦੇ ਤਾਨਾਸ਼ਾਹ ਬਤਿਸਤਾ ਦੀ ਸ਼ਕਤੀਸ਼ਾਲੀ ਫ਼ੌਜ ਨਾਲ ਲੋਹਾ ਲੈਂਦਿਆਂ ਇਹ ਕਾਰਨਾਮਾ ਅੰਜਾਮ ਦਿੱਤਾ ਸੀ। ਬਤਿਸਤਾ ਦੀ ਫ਼ੌਜ ਦੇ ਹਮਲਿਆਂ ਵਿੱਚ ਇਨ੍ਹਾਂ 82 ਜੰਗਜੂਆਂ ’ਚੋਂ ਸਿਰਫ਼ 15 ਬਚ ਸਕੇ ਪਰ ਇਨ੍ਹਾਂ ਸਿਰਫ਼ ਢਾਈ ਸਾਲਾਂ ਵਿੱਚ ਮੁਕਾਮੀ ਕਿਸਾਨਾਂ ਦੀ ਇੱਕ ਫ਼ੌਜ ਖੜ੍ਹੀ ਕਰ ਦਿੱਤੀ ਜਿਸ ਨੇ ਨਾ ਕੇਵਲ ਕਿਊਬਾ ਦੀ ਫ਼ੌਜ ਨੂੰ ਹਰਾਇਆ ਸਗੋਂ ਤਾਨਾਸ਼ਾਹ ਨੂੰ ਦੇਸ਼ ਛੱਡ ਕੇ ਭੱਜਣ ਲਈ ਮਜਬੂਰ ਕਰ ਦਿੱਤਾ। ਕਿਊਬਾ ਦੇ ਮੁਕਤੀ ਯੁੱਧ ਦੇ ਇਨ੍ਹਾਂ ਨਾਇਕਾਂ ’ਚੋਂ ਇੱਕ ਨਾਂ ਚੀ ਗਵੇਰਾ ਬਹੁਤ ਦਿਲਕਸ਼ ਹੈ ਤੇ ਉਸ ਦੀ ਸ਼ਖ਼ਸੀਅਤ ਸਾਂਝੇ ਹਿੰਦੋਸਤਾਨ ਦੇ ਸਾਡੇ ਅਜ਼ੀਮ ਸ਼ਹੀਦ ਭਗਤ ਸਿੰਘ ਨਾਲ ਮੇਲ ਖਾਂਦੀ ਸੀ। ਚੀ ਗਵੇਰਾ ਦੀ 1959 ਵਿੱਚ ਭਾਰਤ ਯਾਤਰਾ ਦੀ 65ਵੀਂ ਵਰ੍ਹੇਗੰਢ ਮੌਕੇ ਮੈਂ ਉਸ ਬਾਰੇ ਕੁਝ ਗੱਲਾਂ ਪਾਠਕਾਂ ਨਾਲ ਸਾਂਝੀਆਂ ਕਰ ਰਿਹਾ ਹਾਂ।
ਕਿਊਬਾ ਨੂੰ ਬਤਿਸਤਾ ਦੇ ਦਮਨਕਾਰੀ ਸ਼ਾਸਨ ਤੋਂ ਮੁਕਤ ਕਰਾਉਣ ਤੋਂ ਛੇ ਮਹੀਨਿਆਂ ਬਾਅਦ ਹੀ ਚੀ ਗਵੇਰਾ ਆਪਣੇ ਸਾਥੀਆਂ ਨਾਲ 30 ਜੂਨ 1959 ਦੀ ਸ਼ਾਮ ਨੂੰ ਦਿੱਲੀ ਦੇ ਹਵਾਈ ਅੱਡੇ ’ਤੇ ਉਤਰਿਆ ਸੀ। ਤਤਕਾਲੀ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਪਹਿਲੀ ਜੁਲਾਈ ਨੂੰ ਚੀ ਗਵੇਰਾ ਅਤੇ ਉਨ੍ਹਾਂ ਦੇ ਸਾਥੀਆਂ ਦੀ ਆਪਣੀ ਤੀਨ ਮੂਰਤੀ ਭਵਨ ਵਾਲੀ ਰਿਹਾਇਸ਼ ’ਤੇ ਆਓ ਭਗਤ ਕੀਤੀ ਅਤੇ ਉਨ੍ਹਾਂ ਨਾਲ ਦੁਪਹਿਰ ਦਾ ਖਾਣਾ ਖਾਧਾ ਸੀ। ਇਹ ਉਹੀ ਤੀਨ ਮੂਰਤੀ ਭਵਨ ਹੈ ਜਿਸ ਨੂੰ ਬਾਅਦ ਵਿੱਚ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ ਦਾ ਨਾਂ ਦਿੱਤਾ ਗਿਆ ਸੀ। ਕਿਊਬਾ ਦੇ ਆਗੂ ਫੀਦਲ ਕਾਸਤਰੋ ਨੇ ਆਪਣੇ ਸਭ ਤੋਂ ਕਰੀਬੀ ਸਾਥੀ ਚੀ ਗਵੇਰਾ ਨੂੰ ਅਫ਼ਰੀਕੀ-ਏਸ਼ਿਆਈ ਦੇਸ਼ਾਂ ਨਾਲ ਕਿਊਬਾ ਦੇ ਕੂਟਨੀਤਕ ਅਤੇ ਆਰਥਿਕ ਸਬੰਧ ਸਥਾਪਿਤ ਅਤੇ ਵਿਕਸਤ ਕਰਨ ਲਈ ਭੇਜਿਆ ਸੀ। ਹਾਲਾਂਕਿ ਸਰਕਾਰੀ ਰਿਕਾਰਡ ਵਿੱਚ ਚੀ ਗਵੇਰਾ ਦੇ ਭਾਰਤ ਦੌਰੇ ਦਾ ਹਵਾਲਾ ਨਹੀਂ ਮਿਲਦਾ ਕਿਉਂਕਿ ਉਦੋਂ ਉਹ ‘ਚੀ’ ਵਜੋਂ ਮਸ਼ਹੂਰ ਨਹੀਂ ਹੋਇਆ ਸੀ। ਭਾਰਤ ਦੇ ਸਰਕਾਰੀ ਰਿਕਾਰਡ ਵਿੱਚ ਦੌਰੇ ’ਤੇ ਆਏ ਵਫ਼ਦ ਦੇ ਆਗੂ ਦਾ ਨਾਂ ਕਮਾਂਡੈਂਟ ਅਰਨੈਸਟੋ ਵਜੋਂ ਦਰਜ ਕੀਤਾ ਗਿਆ ਸੀ। ਹਵਾਈ ਅੱਡੇ ’ਤੇ ਟੀਮ ਦਾ ਸਵਾਗਤ ਕਰਨ ਲਈ ਕੋਈ ਮੰਤਰੀ ਨਹੀਂ ਪਹੁੰਚਿਆ ਸੀ ਪਰ ਵਿਦੇਸ਼ ਮੰਤਰਾਲੇ ਦਾ ਇੱਕ ਅਧਿਕਾਰੀ ਡੀ.ਐੱਸ. ਬਾਗਲਾ ਉੱਥੇ ਮੌਜੂਦ ਸੀ ਅਤੇ ਦਿੱਲੀ ਤੇ ਆਸ-ਪਾਸ ਦੇ ਇਲਾਕੇ ਵਿੱਚ ਗਈ ਟੀਮ ਨਾਲ ਜ਼ਿਆਦਾਤਰ ਤਸਵੀਰਾਂ ਵਿੱਚ ਉਹ ਹੀ ਨਜ਼ਰ ਆਉਂਦਾ ਹੈ। ਭਾਰਤੀ ਪੱਤਰਕਾਰ ਆਰ. ਭਾਨੂਮਤੀ ਨੇ ਆਲ ਇੰਡੀਆ ਰੇਡੀਓ ਲਈ ਚੀ ਗਵੇਰਾ ਨਾਲ ਇੰਟਰਵਿਊ ਕੀਤੀ ਸੀ ਜਿਸ ਦਾ ਵੇਰਵਾ ਉਸ ਨੇ ਆਪਣੀ ਕਿਤਾਬ ‘ਕਨਵਰਸੇਸ਼ਨਜ਼’ ਵਿੱਚ ਦਿੱਤਾ ਸੀ। ਸਾਲ 2007 ਵਿੱਚ ‘ਜਨਸੱਤਾ’ ਅਖ਼ਬਾਰ ਦੇ ਸੰਪਾਦਕ ਓਮ ਥਾਨਵੀ ਕਿਊਬਾ ਗਏ ਸਨ। ਉਨ੍ਹਾਂ ਚੀ ਗਵੇਰਾ ਦੇ ਭਾਰਤ ਦੌਰੇ ਦੇ ਹੋਰ ਵੇਰਵੇ ਇਕੱਤਰ ਕੀਤੇ ਸਨ ਅਤੇ ਚੀ ਵੱਲੋਂ ਆਪਣੇ ਭਾਰਤ ਦੌਰੇ ਬਾਰੇ ਫੀਦਲ ਕਾਸਤਰੋ ਨੂੰ ਦਿੱਤੀ ਰਿਪੋਰਟ ਵੀ ਹਾਸਿਲ ਕੀਤੀ ਸੀ। ਇਸ ਰਿਪੋਰਟ ਦਾ ਉਨ੍ਹਾਂ ਸਪੇਨੀ ਵਿਦਵਾਨ ਪ੍ਰਭਾਤੀ ਨੌਟਿਆਲ ਤੋਂ ਉਲੱਥਾ ਕਰਵਾਇਆ ਸੀ ਅਤੇ ‘ਜਨਸੱਤਾ’ ਵਿੱਚ ਇਸ ਵਿਸ਼ੇ ’ਤੇ ਅਖ਼ਬਾਰ ਵਿੱਚ ਕਈ ਲੇਖ ਲਿਖੇ ਸਨ। ਚੀ ਗਵੇਰਾ ਨੇ ਦਿੱਲੀ ਤੋਂ ਇਲਾਵਾ ਆਸ-ਪਾਸ ਦੇ ਕੁਝ ਹੋਰ ਖੇਤਰਾਂ ਦਾ ਵੀ ਦੌਰਾ ਕੀਤਾ ਹੋਵੇਗਾ ਪਰ ਉਨ੍ਹਾਂ ਦੀ ਕਲਕੱਤਾ ਫੇਰੀ ਦਾ ਹੀ ਬਹੁਤਾ ਬਿਰਤਾਂਤ ਅਤੇ ਤਸਵੀਰਾਂ ਆਦਿ ਮਿਲਦੀਆਂ ਹਨ। ਕਲਕੱਤਾ ਵਿੱਚ ਸ਼ਾਇਦ ਕਮਿਊਨਿਸਟ ਪਾਰਟੀ ਦੇ ਕੁਝ ਆਗੂਆਂ ਨੇ ਵੀ ਚੀ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਦੇ ਮਾਣ ਵਿੱਚ ਕੁਝ ਜਨਤਕ ਸਮਾਗਮ ਵੀ ਕਰਵਾਏ ਗਏ ਸਨ ਪਰ ਉਹ ਭਾਰਤ ਦੇ ਇਨਕਲਾਬੀ ਇਤਿਹਾਸ ਬਾਰੇ ਚੀ ਦੀ ਜਗਿਆਸਾ ਨੂੰ ਬਹੁਤਾ ਸ਼ਾਂਤ ਨਹੀਂ ਕਰ ਸਕੇ ਸਨ। ਚੀ ਗਵੇਰਾ ਨੇ ਆਪਣੀਆਂ ਸਿਮ੍ਰਤੀਆਂ ਵਿੱਚ ਮਹਾਤਮਾ ਗਾਂਧੀ ਅਤੇ ਜਵਾਹਰਲਾਲ ਨਹਿਰੂ ਦਾ ਹੀ ਜ਼ਿਕਰ ਕੀਤਾ ਹੈ ਪਰ ਜਿੱਥੋਂ ਤਕ ਭਗਤ ਸਿੰਘ, ਸੁਭਾਸ਼ ਚੰਦਰ ਬੋਸ ਅਤੇ ਸੁਤੰਤਰਤਾ ਸੰਗਰਾਮ ਦੇ ਹੋਰਨਾਂ ਇਨਕਲਾਬੀ ਸਮਾਜਵਾਦੀ ਆਗੂਆਂ ਦਾ ਤਾਅਲੁਕ ਹੈ ਤਾਂ ਇਨ੍ਹਾਂ ਅਤੇ ਆਜ਼ਾਦੀ ਦੀ ਲਹਿਰ ਬਾਰੇ ਭਾਰਤੀ ਕਮਿਊਨਿਸਟਾਂ ਤੋਂ ਜਾਣ ਕੇ ਚੀ ਗਵੇਰਾ ਨੂੰ ਜ਼ਿਆਦਾ ਖ਼ੁਸ਼ੀ ਹੋਣੀ ਸੀ ਕਿਉਂਕਿ ਉਸ ਨੂੰ ਭਗਤ ਸਿੰਘ ਦੀ ਗਾਥਾ ’ਚੋਂ ਆਪਣੀ ਝਲਕ ਮਿਲਣੀ ਸੀ।
ਸਾਲ 2010-11 ਦੌਰਾਨ ਆਈਸੀਸੀਆਰ ਦੇ ਕਾਰਜ ਲਈ ਮੈਂ ਟ੍ਰਿਨੀਡਾਡ-ਟੋਬੈਗੋ ਸਥਿਤ ‘ਯੂਨੀਵਰਸਿਟੀ ਆਫ ਵੈਸਟ ਇੰਡੀਜ਼’ ਦੇ ਸੇਂਟ ਅਗਸਟੀਨ ਕੈਂਪਸ ਵਿੱਚ ਸੀ। ਉੱਥੇ ਮੈਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਨਵੀਂ ਦਿੱਲੀ ਵੱਲੋਂ ਹਿੰਦੀ ਦੇ ਵਿਜ਼ਟਿੰਗ ਪ੍ਰੋਫੈਸਰ ਵਜੋਂ ਗਿਆ ਸੀ। ਦੁਨੀਆ ਦੇ ਲਗਭਗ ਹਰੇਕ ਹਿੱਸੇ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ’ਚ ਹਿੰਦੀ ਦੀਆਂ ਕਈ ਚੇਅਰਾਂ ਹਨ। ਮੈਂ ਟ੍ਰਿਨੀਡਾਡ ਚੁਣਿਆ ਕਿਉਂਕਿ ਮੇਰੀ ਦਿਲਚਸਪੀ ਵਿਸ਼ੇਸ਼ ਤੌਰ ’ਤੇ ਕਿਊਬਾ ਤੇ ਵੈਨਜ਼ੁਏਲਾ ਵਿੱਚ ਸੀ। ਟ੍ਰਿਨੀਡਾਡ ਵਾਂਗ ਸੂਰੀਨਾਮ ਤੇ ਗੁਆਨਾ ਵਿੱਚ ਵੀ ਭਾਰਤੀ ਪਿਛੋਕੜ ਵਾਲੀ ਵੱਡੀ ਗਿਣਤੀ ਆਬਾਦੀ ਵਸਦੀ ਹੈ। ਇਹ ਦੇਸ਼ ਟ੍ਰਿਨੀਡਾਡ ਦੇ ਕਰੀਬੀ ਹਨ। ਟ੍ਰਿਨੀਡਾਡ ਦੀ ਰਾਜਧਾਨੀ ਪੋਰਟ ਆਫ ਸਪੇਨ ਵਿੱਚ ਮੇਰੇ ਕਿਊਬਾ ਤੇ ਵੈਨਜ਼ੁਏਲਾ ਦੇ ਸਫ਼ਾਰਤਖਾਨਿਆਂ ਨਾਲ ਚੰਗੇ ਸਬੰਧ ਸਨ। ਦੋਵਾਂ ਦੇਸ਼ਾਂ ਦੇ ਸਫ਼ੀਰ ਮੇਰੇ ਦੋਸਤ ਬਣ ਗਏ ਸਨ। ਦੋਵਾਂ ਸਫ਼ਾਰਤਖਾਨਿਆਂ ਵਿੱਚ ਹੁੰਦੇ ਲਗਭਗ ਹਰ ਜਨਤਕ ਸਮਾਗਮ ਦਾ ਮੈਂ ਹਿੱਸਾ ਹੁੰਦਾ ਸੀ। ਮੇਰੇ ਅੰਦਰ ਫੀਦਲ ਕਾਸਤਰੋ, ਉਸ ਦੇ ਭਰਾ ਰਾਉਲ ਕਾਸਤਰੋ ਤੇ ਚੀ ਗਵੇਰਾ ਸਣੇ 82 ਜਹਾਜ਼ੀਆਂ ਵੱਲੋਂ ਕਿਊਬਾ ’ਚ ਲਿਆਂਦੇ ਸਮਾਜਵਾਦੀ ਇਨਕਲਾਬ ਪ੍ਰਤੀ ਬਹੁਤ ਖਿੱਚ ਸੀ। ਇਹ ਕ੍ਰਾਂਤੀ ਉਨ੍ਹਾਂ ‘ਗ੍ਰਾਨਮਾ’ ਨਾਂ ਦੇ ਸਮੁੰਦਰੀ ਜਹਾਜ਼ ’ਤੇ ਸਵਾਰ ਹੋ ਕੇ ਕੀਤੀ ਸੀ ਜਿਸ ਨੂੰ ਹੁਣ ਰਾਜਧਾਨੀ ਹਵਾਨਾ ਵਿੱਚ ਇੱਕ ਬਹੁਮੁੱਲੀ ਇਤਿਹਾਸਕ ਵਸਤ ਵਜੋਂ ਪ੍ਰਦਰਸ਼ਿਤ ਕੀਤਾ ਗਿਆ ਹੈ।
ਇਸ ਲਈ ਵੈਸਟ ਇੰਡੀਜ਼ ਯੂਨੀਵਰਸਿਟੀ ਦੇ ਕੈਂਪਸ ’ਚ ਮੇਰੀਆਂ ਛੁੱਟੀਆਂ ਦੌਰਾਨ ਮੈਂ ਕਿਊਬਾ ਤੇ ਵੈਨਜ਼ੁਏਲਾ ਜਾਣ ਦੀ ਯੋਜਨਾ ਬਣਾਈ। ਕਿਊਬਾ ’ਚ ਮੈਂ ਪਹਿਲਾਂ ਹਵਾਨਾ ਗਿਆ, ਇਨਕਲਾਬੀ ਅਜਾਇਬਘਰ ਤੇ ਹੋਜ਼ੇ ਮਾਰਟੀ ਯਾਦਗਾਰ ਦੇਖੇ। ਹਵਾਨਾ ਦਾ ਚੀ ਗਵੇਰਾ ਅਧਿਐਨ ਕੇਂਦਰ ਮੁਰੰਮਤ ਲਈ ਬੰਦ ਸੀ, ਇਸ ਲਈ ਮੈਂ ਉੱਥੇ ਨਹੀਂ ਜਾ ਸਕਿਆ। ਮੈਂ ਖ਼ੁਦ ਹੀ ਗਿਆ ਸੀ, ਪਰ ‘ਆਈਸੀਏਪੀ’ ਨਾਂ ਦੇ ਸੰਗਠਨ ਨੇ ਮੇਰੀ ਮਦਦ ਕੀਤੀ। ਇਹ ਕੌਮਾਂਤਰੀ ਸੰਗਠਨ ਕਿਊਬਾ ਵਾਸੀਆਂ ਦੇ ਦੂਜੇ ਮੁਲਕਾਂ ਦੇ ਲੋਕਾਂ ਨਾਲ ਰਿਸ਼ਤਿਆਂ ਬਾਰੇ ਹੈ। ਉਨ੍ਹਾਂ ਦਿਨਾਂ ਵਿੱਚ ਮੈਂ ਅਮਰੀਕਾ ਵੱਲੋਂ ਹਿਰਾਸਤ ’ਚ ਲਏ ਪੰਜ ਕਿਊਬਾ ਵਾਸੀਆਂ ਦੀ ਰਿਹਾਈ ਲਈ ਸਥਾਨਕ ਲੋਕਾਂ ਨਾਲ ਇਕਜੁੱਟਤਾ ਵੀ ਜ਼ਾਹਿਰ ਕੀਤੀ ਤੇ ਟ੍ਰਿਨੀਡਾਡ ਦੀ ਰਾਜਧਾਨੀ ਪੋਰਟ ਆਫ ਸਪੇਨ ਵਿੱਚ ਇਕਜੁੱਟਤਾ ਜ਼ਾਹਿਰ ਕਰਨ ਲਈ ਕਈ ਬੈਠਕਾਂ ਦਾ ਹਿੱਸਾ ਵੀ ਬਣਿਆ। ‘ਕਿਊਬਨ 5’ ਨਾਲ ਖੜ੍ਹਦਿਆਂ ਮੈਂ ਸਾਂਤਿਆਗੋ ਵਿੱਚ ਹੋਈ ਆਈਸੀਏਪੀ ਦੀ ਇੱਕ ਬੈਠਕ ਨੂੰ ਸੰਬੋਧਨ ਵੀ ਕੀਤਾ ਜਿੱਥੇ ਬੋਲੀਵੀਆ ਦਾ ਇੱਕ ਸੰਗੀਤਕ ਗਰੁੱਪ ਵੀ ਆਇਆ। ਸਾਂਤਿਆਗੋ ’ਚ ਮੈਂ ਉਸ ਘਰ ਵੀ ਗਿਆ ਜਿੱਥੋਂ ਫੀਦਲ ਕਾਸਤਰੋ ਨੇ ਮੌਂਕਾਡਾ ਦੇ ਸੈਨਿਕ ਟਿਕਾਣੇ ’ਤੇ ਹੱਲਾ ਬੋਲਣ ਲਈ 26 ਜੁਲਾਈ 1953 ਨੂੰ ਆਪਣੇ 100 ਦੇ ਕਰੀਬ ਬੰਦਿਆਂ ਦੀ ਅਗਵਾਈ ਕੀਤੀ ਸੀ। ਇਨ੍ਹਾਂ ਵਿੱਚੋਂ 61 ਜਣਿਆਂ ਨੂੰ ਮਾਰ ਦਿੱਤਾ ਗਿਆ ਤੇ ਕਾਸਤਰੋ ਨੂੰ 15 ਵਰ੍ਹਿਆਂ ਦੀ ਕੈਦ ਹੋਈ ਪਰ ਇਸੇ ਘਟਨਾਕ੍ਰਮ ਵਿੱਚੋਂ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਠੋਸ ਰਾਜਨੀਤਕ ਸਪੀਚ ਨਿਕਲੀ - ਕਾਸਤਰੋ ਦਾ ਅਦਾਲਤੀ ਬਿਆਨ - ‘ਇਤਿਹਾਸ ਮੈਨੂੰ ਦੋਸ਼ ਮੁਕਤ ਕਰੇਗਾ’!
ਮੈਂ ਸੈਂਟਾ ਕਲਾਰਾ ਜਾਣ ਦਾ ਬਹੁਤ ਇੱਛੁਕ ਸੀ। ਇਸ ਲਈ ਮੇਰੇ ਕਿਊਬਾ ਦੌਰੇ ਦਾ ਆਖ਼ਰੀ ਦਿਨ 17 ਦਸੰਬਰ 2011 ਉੱਥੇ ਹੀ ਗੁਜ਼ਰਿਆ। ਉਹੀ ਸ਼ਹਿਰ ਜਿਸ ਨੂੰ ਚੀ ਗਵੇਰਾ ਦੀ ਕਮਾਨ ਹੇਠ ਆਜ਼ਾਦ ਕਰਵਾਇਆ ਗਿਆ ਸੀ। ਇਹ ਮੈਨੂੰ ਕਿਸੇ ਪੁਰਾਤਨ ਭਾਰਤੀ ਸ਼ਹਿਰ ਵਰਗਾ ਲੱਗਾ, ਸ਼ਾਂਤ ਪਰ ਸਾਦਾ। ਉਸ ਦਿਨ ਮੇਰੇ ਵੱਲੋਂ ਆਪਣੀ ਡਾਇਰੀ ’ਚ ਲਿਖੇ ਨੋਟ ਨੂੰ ਦੇਖੋ-
ਮੈਂ 11.30 ’ਤੇ ਚੀ ਗਵੇਰਾ ਦੀ ਯਾਦਗਾਰ ਪਹੁੰਚਿਆ, ਤਿੰਨ ਘੰਟੇ ਉੱਥੇ ਬਿਤਾਏ, ਚੀ ਦਾ ਵਿਸ਼ਾਲ ਬੁੱਤ, 220 ਸੰਗਰਾਮੀਆਂ ਦਾ ਅਜਾਇਬਘਰ ਤੇ ਯਾਦਗਾਰਾਂ, 29 ਬੋਲੀਵੀਅਨ ਕੌਂਪਾਸਾ ਯਾਦਗਾਰ ਦੇਖੀ ਜਿੱਥੇ ਚੀ ਤੇ ਤਾਨੀਆ ਦੇ ਅਵਸ਼ੇਸ਼ ਸਾਂਭੇ ਹੋਏ ਹਨ, ਬਹੁਤ ਸ਼ਾਂਤ ਵਾਤਾਵਰਨ, ਦਿਲਚਸਪ ਅਜਾਇਬਘਰ, ਪਰ ਫੋਟੋ ਨਹੀਂ ਖਿੱਚ ਸਕਦੇ। ਆਪਣੀ ਕਿਤਾਬ ਤੇ ਲੇਖ ਅਜਾਇਬਘਰ ਲਈ ਦਿੱਤੇ। ਇਤਿਹਾਸ ਦਾ ਪ੍ਰੋਫੈਸਰ ਸਿਟੀ ਸੈਂਟਰ ਤੱਕ ਮੇਰੇ ਨਾਲ ਆਇਆ, ਨਵੀਂ ਕੌਮੀ ਲਾਇਬ੍ਰੇਰੀ ਦੇਖੀ। ਸੈਂਟਾ ਕਲਾਰਾ ਕਿਸੇ ਪ੍ਰਾਚੀਨ ਭਾਰਤੀ ਸ਼ਹਿਰ ਵਰਗਾ ਹੈ, ਪੁਰਾਣੇ ਘਰ ਹਨ, ਰੇਲਵੇ ਸਟੇਸ਼ਨ। ਰੇਲ ਗੱਡੀ ਦੇਖੀ, ਜੋ ਹੁਣ ਯਾਦਗਾਰ ਹੈ, ਇੱਕ ਹੋਰ ਯਾਦਗਾਰ ਦੇਖੀ ਜਿੱਥੇ ਬਖ਼ਤਰਬੰਦ ਰੇਲ ਪੱਟੜੀ ਤੋਂ ਲੱਥੀ ਸੀ ਤੇ ਬਤਿਸਤਾ ਸੈਨਾ ਦੇ 400 ਫ਼ੌਜੀਆਂ ਨੇ ਚੀ ਦੇ 23 ਬੰਦਿਆਂ ਅੱਗੇ ਹਥਿਆਰਾਂ ਸਣੇ ਸਮਰਪਣ ਕੀਤਾ ਸੀ। ਰੇਲ ਦੀਆਂ ਬੋਗੀਆਂ ਵੀ ਅਜਾਇਬਘਰ ਵਿੱਚ ਹਨ। ਸ਼ਹਿਰ ’ਚ ਲੱਗੇ ਚੀ ਦੇ ਇੱਕ ਬੁੱਤ ਨੇ ਮੈਨੂੰ ਖਿੱਚਿਆ ਜਿਸ ਵਿੱੱਚ ਉਹ ਇੱਕ ਬੱਚੇ ਨਾਲ ਸੀ। ਇੱਥੇ ਮੈਂ ਇਤਿਹਾਸ ਦੇ ਪ੍ਰੋਫੈਸਰ ਨਾਲ ਇੱਕ ਫੋਟੋ ਖਿਚਵਾਈ ਜਿਨ੍ਹਾਂ ਦਾ ਨਾਂ ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ ਰਹਿ ਸਕਿਆ!
ਮੈਂ ਦੁਬਾਰਾ ਕਿਊਬਾ ਜਾ ਕੇ ਹਵਾਨਾ ਦੇ ਚੀ ਸਟੱਡੀ ਸੈਂਟਰ ’ਚ ਕੁਝ ਖੋਜ ਕਾਰਜ ਕਰਨਾ ਚਾਹਾਂਗਾ। ਮੈਂ ਚੀ ਗਵੇਰਾ ਦੀ ਧੀ ਡਾ. ਅਲਾਇਡਾ ਤੇ ਦੋਹਤੀ ਨੂੰ ਹਾਲ ਹੀ ਵਿੱਚ ਦਿੱਲੀ ’ਚ ਮਿਲਿਆ ਸੀ ਅਤੇ ਉਮੀਦ ਹੈ ਕਿ ਹਵਾਨਾ ’ਚ ਉਨ੍ਹਾਂ ਨੂੰ ਮੁੜ ਮਿਲਾਂਗਾ।
* ਸਾਬਕਾ ਪ੍ਰੋਫੈਸਰ, ਜੇਐੱਨਯੂ, ਨਵੀਂ ਦਿੱਲੀ ਅਤੇ ਆਨਰੇਰੀ ਸਲਾਹਕਾਰ, ਭਗਤ ਸਿੰਘ ਆਰਕਾਈਵ ਐਂਡ ਰਿਸਰਚ ਸੈਂਟਰ, ਦਿੱਲੀ।
ਸੰਪਰਕ: 98687-74820

Advertisement

Advertisement
Advertisement
Author Image

sanam grng

View all posts

Advertisement